ਬਟਾਲਾ: ਜ਼ਿਲ੍ਹਾ ਬਟਾਲਾ ਵਿਖੇ ਗੁੰਡਾਗਰਦੀ ਅਤੇ ਅਪਰਾਧ ਦੇ ਮਾਮਲੇ ਵਧਦੇ ਜਾ ਰਹੇ ਹਨ। ਤਾਜ਼ੀ ਘਟਨਾ ਵਡਾਲਾ ਬਾਂਗਰ ‘ਚ ਵਾਪਰੀ ਹੈ ਜਿੱਥੇ ਇਕ ਹੋਟਲ ਵਿੱਚ ਬੈਠੇ ਕੁਝ ਨੌਜਵਾਨਾਂ ‘ਤੇ 8 ਤੋਂ 10 ਨਕਾਬਪੋਸ਼ਾਂ ਨੇ ਆ ਕੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਨਾਲ ਤਿੰਨ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ‘ਚੋਂ ਇਕ ਦੀ ਕੁਝ ਸਮੇਂ ਬਾਅਦ ਮੌਤ ਹੋ ਗਈ, ਜਦਕਿ ਦੋ ਨੌਜਵਾਨਾਂ ਨੂੰ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਅੰਮ੍ਰਿਤਸਰ ਦੇ ਗੁਰੂ ਰਾਮਦਾਸ ਹਸਪਤਾਲ ਵਿੱਖੇ ਰੈਫਰ ਕਰ ਦਿੱਤਾ ਗਿਆ। ਮ੍ਰਿਤਕ ਨੌਜਵਾਨ ਦੀ ਪਹਿਚਾਣ ਬਟਾਲਾ ਦੇ ਨੇੜੇ ਪਿੰਡ ਸ਼ਾਹਪੁਰ ਦੇ 34 ਸਾਲਾ ਜਸਵਿੰਦਰ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਵਜੋਂ ਹੋਈ ਹੈ।
ਜਾਣਕਾਰੀ ਦਿੰਦਿਆਂ ਮ੍ਰਿਤਕ ਜਸਵਿੰਦਰ ਸਿੰਘ ਦੇ ਭਰਾ ਇੰਦਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਫੋਨ ਆਇਆ ਕਿ ਇਥੇ ਅਹਾਤੇ ‘ਤੇ ਗੋਲੀਆਂ ਚੱਲੀਆਂ ਹਨ। ਜਦੋਂ ਉਹ ਮੌਕੇ ‘ਤੇ ਪੁੱਜੇ ਤਾਂ ਦੇਖਿਆ ਕਿ ਉਸਦੇ ਦੇ ਭਰਾ ਦੇ ਸੀਨੇ ‘ਤੇ ਗੋਲੀ ਵੱਜੀ ਸੀ ਜਦਕਿ, ਉਸ ਦੇ ਦੋ ਹੋਰ ਸਾਥੀ ਜ਼ਖਮੀ ਸਨ ਜਿਨ੍ਹਾਂ ਵਿੱਚੋਂ ਇੱਕ ਦੇ ਸਿਰ ਤੇ ਗੋਲੀ ਵੱਜੀ ਸੀ। ਉਨਾਂ ‘ਤੇ ਤੇਜ਼ਧਾਰ ਹਥਿਆਰਾਂ ਨਾਲ ਵੀ ਹਮਲਾ ਕੀਤਾ ਗਿਆ ਸੀ।
ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਉਹਨਾਂ ਦੀ ਕੁਝ ਲੋਕਾਂ ਨਾਲ ਰੰਜਿਸ਼ ਤਾਂ ਹੈ ਪਰ ਅਜੇ ਘਟਨਾ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਕਿ ਹਮਲਾ ਕਰਨ ਵਾਲੇ ਕੌਣ ਸਨ।
ਉਥੇ ਹੀ ਸਿਵਲ ਹਸਪਤਾਲ ਬਟਾਲਾ ਦੇ ਡਾਕਟਰ ਪਾਰਥ ਨੇ ਦੱਸਿਆ ਕਿ ਹਸਪਤਾਲ ਵਿਚ 3 ਨੌਜਵਾਨ ਲਿਆਂਦੇ ਗਏ ਸਨ ਜਿਨ੍ਹਾਂ ਵਿੱਚੋਂ ਇੱਕ ਜਸਵਿੰਦਰ ਸਿੰਘ ਦੀ ਮੌਤ ਹੋ ਚੁੱਕੀ ਸੀ,ਜਦਕਿ ਦੋ ਦੀ ਹਾਲਤ ਗੰਭੀਰ ਸੀ ਜਿਨ੍ਹਾਂ ਨੂੰ ਮੁਢਲੀ ਮੈਡੀਕਲ ਸਹਾਇਤਾ ਦੇਣ ਤੋਂ ਬਾਅਦ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ।