ਚੰਡੀਗੜ੍ਹ: ਪ੍ਰਸਿਧ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਹਰ ਦਿਨ ਕਿਸੇ ਨਾ ਕਿਸੇ ਵਿਵਾਦ ਵਿੱਚ ਘਿਰਦਾ ਹੀ ਰਹਿੰਦਾ ਹੈ। ਇਥੇ ਹੀ ਬੱਸ ਨਹੀਂ ਕਈ ਵਾਰ ਮਾਮਲਾ ਥਾਣੇ ਕਚਹਿਰੀ ਤਕ ਵੀ ਪਹੁੰਚ ਚੁੱਕਿਆ ਹੈ । ਅਜ ਇਕ ਵਾਰ ਫਿਰ ਉਹ ਵਿਵਾਦਾਂ ਵਿੱਚ ਘਿਰਦੇ ਨਜਰ ਆ ਰਹੇ ਹਨ ਤੇ ਇਸ ਵਾਰ ਕਾਰਨ ਹੈ ਇਕ ਵਾਇਰਲ ਵੀਡੀਓ । ਦਰਅਸਲ ਸੋਸ਼ਲ ਮੀਡੀਆ ਤੇ ਸਿੱਧੂ ਮੂਸੇ ਵਾਲੇ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਫਾਇਰਿੰਗ ਕਰਨਾ ਸਿੱਖ ਰਹੇ ਹਨ । ਹੈਰਾਨੀ ਦੀ ਗੱਲ ਇਸ ਦਰਮਿਆਨ ਇਹ ਰਹੀ ਕਿ ਇਹ ਫਾਇਰਿੰਗ ਦੀ ਟਰੇਨਿੰਗ ਉਸ ਨੂੰ ਖੁਦ ਪੰਜਾਬ ਪੁਲਿਸ ਦੇ ਜਵਾਨ ਦਿੰਦੇ ਦਿਖਾਈ ਦੇ ਰਹੇ ਹਨ ।
ਇਸ ਤੋਂ ਬਾਅਦ ਪੰਜਾਬ ਦੇ ਸੋਸ਼ਲ ਐਕਟਿਵਿਸਟਾਂ ਐਡਵੋਕੇਟ ਹਾਕਮ ਸਿੰਘ ਚੰਡੀਗੜ੍ਹ, ਪਰਵਿੰਦਰ ਸਿੰਘ ਕਿੱਤਣਾ ਨਵਾਂਸ਼ਹਿਰ ਤੇ ਕੁਲਦੀਪ ਸਿੰਘ ਖਹਿਰਾ ਲੁਧਿਆਣਾ ਨੇ ਇਸ ਮਾਮਲੇ ਵਿੱਚ ਐਫਆਈਆਰ ਦਰਜ ਕਰਕੇ ਜਾਂਚ ਦੀ ਮੰਗ ਕੀਤੀ ਹੈ । ਇਸ ਸਬੰਧੀ ਸੋਸ਼ਲ ਐਕਟੀਵਿਸਟਾਂ ਨੇ ਸੀਐਮ ਕੈਪਟਨ ਅਮਰਿੰਦਰ ਸਿੰਘ ਸਕੱਤਰ ਗ੍ਰਹਿ ਤੇ ਨਿਆਂ ਵਿਭਾਗ ਤੇ ਡੀ.ਜੀ.ਪੀ. ਪੰਜਾਬ ਪੁਲਸ ਨੂੰ ਇਕ ਪਤਰ ਲਿਖ ਕੇ ਵਾਇਰਲ ਵੀਡੀਓ ਸਬੰਧੀ ਜਾਣੂ ਕਰਵਾਇਆ ਹੈ।
ਦਾਅਵਾ ਕੀਤਾ ਜਾ ਰਿਹਾ ਹੈ ਇਸ ਵੀਡੀਓ ਵਿੱਚ ਸਿੱਧੂ ਮੂਸੇਵਾਲਾ ‘ਏ.ਕੇ. ਸੰਤਾਲੀ’ ਨਾਲ ਫਾਇਰਿੰਗ ਕਰ ਰਿਹਾ ਹੈ ।ਐਕਟੀਵਿਸਟਾਂ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਜਿਸ ‘ਤੇ ਕਿ ਪਹਿਲਾਂ ਹੀ ਹਥਿਆਰਾਂ ਨੂੰ ਉਤਸ਼ਾਹਿਤ ਕਰਨ ਵਾਲੇ ਗੀਤ ਗਾਉਣ ਕਰਕੇ ਮੁਕੱਦਮਾ ਤੇ ਕਾਨੂੰਨ ਦੀ ਉਲੰਘਣਾ ਕਰਨ ਕਰਕੇ ਕਈ ਸ਼ਿਕਾਇਤਾਂ ਦਰਜ ਹਨ ਨੂੰ ਪੁਲਿਸ ਵੱਲੋਂ ਅਜਿਹੀ ਸ਼ਹਿ ਦੇਣੀ ਬਹੁਤ ਹੀ ਗੰਭੀਰ ਮਾਮਲਾ ਹੈ । ਸਿੱਧੂ ਮੂਸੇਵਾਲਾ ਵੱਲੋਂ ਪੰਜਾਬ ਪੁਲਿਸ ਦੇ ਲੋਗੋ ਦੀ ਵਰਤੋਂ ਕਰਕੇ ਪਹਿਲਾਂ ਵੀ ਇੱਕ ਗਾਣਾ ਗਾਇਆ ਗਿਆ ਸੀ ਜਿਸ ਦਾ ਪੰਜਾਬ ਦੇ ਲੋਕਾਂ ਵਿੱਚ ਕਾਫ਼ੀ ਰੋਸ ਸੀ ।
ਐਕਟੀਵਿਸਟਾਂ ਨੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ । ਇਸ ਦੇ ਨਾਲ ਹੀ ਉਨ੍ਹਾਂ ਸਿੱਧੂ ਮੂਸੇ ਵਾਲਾ ਖਿਲਾਫ਼ ਮਾਨਸਾ ਜ਼ਿਲੇ ਵਿੱਚ ਦਰਜ ਮੁਕੱਦਮੇ ‘ਚ ਉਸ ਦੀ ਹੋ ਚੁੱਕੀ ਜ਼ਮਾਨਤ ਰੱਦ ਕਰਵਾਉਣ ਲਈ ਚਾਰਾਜੋਈ ਕੀਤੀ ਜਾਵੇ ।