ਵਿਨੀਪੈਗ: ਕੈਨੇਡਾ ਦੇ ਮੈਨੀਟੋਬਾ ਸੂਬੇ ਦੀ ਜੇਲ੍ਹ ‘ਚ ਕੈਦੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਇੱਕ-ਦੂਜੇ ‘ਤੇ ਹਮਲਾ ਕਰ ਦਿੱਤਾ। ਆਰਸੀਐਮਪੀ ਮੁਤਾਬਕ ਜੇਲ੍ਹ ‘ਚ ਹੋਏ ਦੰਗੇਂ ਦੌਰਾਨ ਇੱਕ ਕੈਦੀ ਦੀ ਮੌਤ ਹੋ ਗਈ, ਜਦਕਿ ਸੱਤ ਹੋਰ ਜ਼ਖ਼ਮੀ ਹੋ ਗਏ। ਹਾਲਾਤ ਐਨੇ ਵਿਗੜ ਚੁੱਕੇ ਸਨ ਕਿ ਜੇਲ ‘ਚ ਤਾਇਨਾਤ ਅਫਸਰਾਂ ਨੂੰ ਹਵਾਈ ਫਾਇਰ ਕਰਨੇ ਪਏ। ਸਟੋਨੀ ਮਾਊਂਟੇਨ ਇੰਸਟੀਚਿਊਸ਼ਨ ‘ਚ ਵਾਪਰੀ ਹਿੰਸਕ ਵਾਰਦਾਤ ਬਾਰੇ ਪੁਲਿਸ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ।
ਰਿਪੋਰਟਾਂ ਮੁਤਾਬਕ ਕੈਨੇਡੀਅਨ ਜੇਲ੍ਹ ਮੁਲਾਜ਼ਮਾਂ ਦੀ ਯੂਨੀਅਨ ਨੇ ਕਿਹਾ ਹੈ ਕਿ ਵਾਰਦਾਤ ਦੌਰਾਨ ਕਈ ਜਾਨਾਂ ਜਾ ਸਕਦੀਆਂ ਸਨ ਪਰ ਮੌਕੇ ‘ਤੇ ਤਾਇਨਾਤ ਅਫਸਰਾਂ ਨੇ ਹਾਲਾਤ ਕਾਬੂ ਹੋਣ ਕਰਨ ‘ਚ ਦੇਰ ਨਾਂ ਲਾਈ। ਯੂਨੀਅਨ ਦਾ ਕਹਿਣਾ ਹੈ ਕਿ ਕੈਨੇਡਾ ਦੀਆਂ ਜੇਲ੍ਹਾਂ ਵਿੱਚ ਨਸ਼ਾ ਤਸਕਰਾਂ ਅਤੇ ਗੈਂਗਸਟਰਾਂ ਦੀ ਮੌਜੂਦਗੀ ਗੰਭੀਰ ਚਿੰਤਾਵਾਂ ਪੈਂਦਾ ਕਰ ਰਹੀ ਹੈ ਜੋ ਮਨਮਰਜ਼ੀ ਕਰਨ ਤੋਂ ਬਾਜ਼ ਨਹੀਂ ਆਉਂਦੇ। ਯੂਨੀਅਨ ਦੇ ਪ੍ਰਧਾਨ ਜੇਮਜ਼ ਬਲੂਮਫੀਲਡ ਨੇ ਕਿਹਾ ਕਿ ਜੇਲ੍ਹਾਂ ‘ਚ ਹਿੰਸਕ ਵਾਰਦਾਤਾਂ ਕਰਨ ਵਾਲੇ ਜਾਂ ਨਸ਼ਿਆਂ ਦੀ ਵਰਤੋਂ ਕਰਨ ਵਾਲੇ ਕੈਦੀਆਂ ਨੂੰ ਕੋਈ ਸਜ਼ਾ ਨਹੀਂ ਮਿਲਦੀ ਜਿਸ ਕਰ ਕੇ ਇਹ ਰੁਝਾਨ ਲਗਾਤਾਰ ਵਧਦਾ ਜਾ ਰਿਹਾ ਹੈ।
ਕੁਰੈਕਸ਼ਨਲ ਅਫਸਰਾਂ ਲਈ ਆਪਣੀ ਜ਼ਿੰਮੇਵਾਰੀ ਨਿਭਾਉਣੀ ਮੁਸ਼ਕਲ ਹੁੰਦੀ ਜਾ ਰਹੀ ਹੈ ਅਤੇ ਮਾਹੌਲ ਦਰੁਸਤ ਕੀਤੇ ਜਾਣ ਦੀ ਜ਼ਰੂਰਤ ਹੈ। ਸਟੋਨੀ ਮਾਊਂਟੇਨ ਜੇਲ੍ਹ ਵਿੱਚ ਵੱਡੀ ਵਾਰਦਾਤ ਨੂੰ ਵੇਖਦਿਆਂ ਕੈਦੀਆਂ ਨੂੰ ਕੁਝ ਸਮੇਂ ਲਈ ਪੱਕੇ ਤੌਰ ‘ਤੇ ਬੈਰਕਾਂ ‘ਚ ਡੱਕ ਦਿੱਤਾ ਗਿਆ ਹੈ। ਬਲੂਮਫੀਲਡ ਨੇ ਅੱਗੇ ਕਿਹਾ ਕਿ ਕੁਰੈਕਸ਼ਨ ਸਰਵਿਸ ਕੈਨੇਡਾ ਵੱਲੋਂ ਜੇਲ੍ਹਾਂ ‘ਚ ਤਾਇਨਾਤ ਅਫਸਰਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਪਰ ਜਦੋਂ ਕੋਈ ਜਵਾਬਦੇਹੀ ਨਹੀਂ ਹੁੰਦੀ ਤਾਂ ਹਿੰਸਾ ਹੋਰ ਵਧ ਜਾਂਦੀ ਹੈ ਅਤੇ ਭੜਕੇ ਕੈਦੀਆਂ ਨੂੰ ਰੋਕਣਾ ਬਹੁਤ ਮੁਸ਼ਕਲ ਹੋ ਸਕਦਾ ਹੈ। ਇਸੇ ਦੌਰਾਨ ਕੁਰੈਕਸ਼ਨਲ ਸਰਵਿਸ ਵੱਲੋਂ ਮਰਨ ਵਾਲੇ ਕੈਦੀ ਦੀ ਪਛਾਣ 33 ਸਾਲ ਦੇ ਨੌਜਵਾਨ ਵਜੋਂ ਕੀਤੀ ਗਈ ਹੈ ਜੋ ਕਤਲ ਦੇ ਮਾਮਲੇ ਵਿਚ ਅਪ੍ਰੈਲ 2011 ਤੋਂ ਸਜ਼ਾ ਭੁਗਤ ਰਿਹਾ ਸੀ। ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਦਾ ਸਟੋਨਵਾਲ ਦਸਤਾ ਮਾਮਲੇ ਦੀ ਤੈਅ ਤੱਕ ਜਾਣ ਦੇ ਯਤਨ ਕਰ ਰਿਹਾ ਹੈ ਅਤੇ ਕੈਦੀ ਦੀ ਮੌਤ ਲਈ ਜ਼ਿੰਮੇਵਾਰ ਹਾਲਾਤ ਦੀ ਸਮੀਖਿਆ ਵੀ ਕੀਤੀ ਜਾ ਰਹੀ ਹੈ।