ਅਫਗਾਨਿਸਤਾਨ ‘ਚ ਭੁੱਖਮਰੀ ਦੀ ਮਾਰ, ਰੋਟੀ ਲਈ ਧੀਆਂ ਵੇਚਣ ਨੂੰ ਮਜਬੂਰ ਲੋਕ

TeamGlobalPunjab
2 Min Read

ਕਾਬੁਲ : ਤਾਲਿਬਾਨ ਦੇ ਰਾਜ ‘ਚ ਅਫਗਾਨਿਸਤਾਨ ਦੇ ਲੋਕਾਂ ਸਾਹਮਣੇ ਭੁੱਖਮਰੀ ਦੀ ਸਥਿਤੀ ਬਣ ਗਈ ਹੈ। ਗ਼ਰੀਬੀ ਅਤੇ ਭੁੱਖਮਰੀ ਕਾਰਨ ਲੋਕ ਬੱਚਿਆਂ ਨੂੰ ਵੀ ਵੇਚ ਰਹੇ ਹਨ। ਤਾਲਿਬਾਨ ਦੇ ਸ਼ਾਸਨ ‘ਚ ਸਭ ਤੋਂ ਮਾੜੀ ਸਥਿਤੀ ਰੁਜ਼ਗਾਰ ਦੀ ਹੈ। ਅਫ਼ਗ਼ਾਨਿਸਤਾਨ ‘ਚ ਦਫ਼ਤਰਾਂ ਨੂੰ ਜਿੰਦਰੇ ਲਗਾਏ ਜਾ ਰਹੇ ਹਨ। ਬੈਂਕ ਬੰਦ ਹੋਣ ਦੀ ਕਗਾਰ ‘ਤੇ ਹਨ। ਕਾਬੁਲ ਤੋਂ ਲੈ ਕੇ ਕੰਧਾਰ ਤਕ ਲੋਕ ਆਪਣੇ ਘਰਾਂ ਦਾ ਸਮਾਨ ਵੇਚ ਕੇ ਰੋਟੀ ਖਾ ਰਹੇ ਹਨ। ਇੰਨਾ ਹੀ ਨਹੀਂ ਅਫ਼ਗ਼ਾਨ ਨਾਗਰਿਕ ਆਪਣਾ ਪੇਟ ਭਰਨ ਲਈ ਆਪਣੀਆਂ ਧੀਆਂ ਤੱਕ ਵੇਚ ਰਹੇ ਹਨ।

ਇਕ ਰਿਪੋਰਟ ਮੁਤਾਬਕ ਅਫ਼ਗ਼ਾਨਿਸਤਾਨ ‘ਚ ਕਈ ਪਰਿਵਾਰ ਅਜਿਹੇ ਹਨ ਜਿਨ੍ਹਾਂ ਨੇ ਆਪਣੇ ਬੱਚੇ ਵੇਚ ਦਿਤੇ ਹਨ ਜਾਂ ਵੇਚਣ ਲਈ ਤਿਆਰ ਹਨ। ਹਾਲ ਹੀ ‘ਚ ਇਕ ਮਾਂ ਨੇ ਆਪਣੇ ਬਾਕੀ ਬੱਚਿਆਂ ਨੂੰ ਭੁੱਖਮਰੀ ਤੋਂ ਬਚਾਉਣ ਲਈ ਆਪਣੀ ਕੁਝ ਮਹੀਨਿਆਂ ਦੀ ਬੱਚੀ ਨੂੰ 500 ਡਾਲਰ ਯਾਨੀ ਕਰੀਬ 37 ਹਜ਼ਾਰ ਰੁਪਏ ‘ਚ ਵੇਚ ਦਿੱਤਾ। ਕਈ ਬੱਚੇ ਕੁਪੋਸ਼ਣ ਦਾ ਸ਼ਿਕਾਰ ਹੋ ਚੁੱਕੇ ਹਨ ਅਤੇ ਇਲਾਜ ਦੀ ਘਾਟ ਨਾਲ ਜੂਝ ਰਹੇ ਹਨ।

ਇਥੇ ਘੱਟ ਗਿਣਤੀ ਭਾਈਚਾਰੇ ਅਤੇ ਅਨਾਥ ਬੱਚਿਆਂ ਦੀ ਹਾਲਤ ਸਭ ਤੋਂ ਮਾੜੀ ਹੈ। ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ਮੁਤਾਬਕ ਅਫ਼ਗ਼ਾਨਿਸਤਾਨ ‘ਚ ਲੋਕ ਭੁੱਖਮਰੀ ਦੀ ਕਗਾਰ ‘ਤੇ ਹਨ, ਪਰ ਤਾਲਿਬਾਨ ਸਰਕਾਰ ਕੋਲ ਦੇਸ਼ ਨੂੰ ਭੁੱਖਮਰੀ ਤੋਂ ਬਚਾਉਣ ਲਈ ਕੋਈ ਠੋਸ ਯੋਜਨਾ ਨਹੀਂ ਹੈ। ਹਾਲਾਂਕਿ ਹੁਣ ਤਾਲਿਬਾਨ ਸਰਕਾਰ ਨੇ ਭੁੱਖਮਰੀ ਨਾਲ ਨਜਿੱਠਣ ਲਈ ਨਵੀਂ ਯੋਜਨਾ ਸ਼ੁਰੂ ਕੀਤੀ ਹੈ। ਇਸ ਤਹਿਤ ਦੇਸ਼ ਵਿਚ ਮਜ਼ਦੂਰਾਂ ਨੂੰ ਮਜ਼ਦੂਰੀ ਵਜੋਂ ਪੈਸੇ ਨਹੀਂ ਦਿਤੇ ਜਾਣਗੇ, ਸਗੋਂ ਕਣਕ ਦਿਤੀ ਜਾਵੇਗੀ।

Share this Article
Leave a comment