ਓਟਾਵਾ:: ਫ਼ੈਡਰਲ ਵਰਕਰਾਂ ਵੱਲੋਂ ਚਲ ਰਹੀ ਹੜਤਾਲ ਦੇ ਦੌਰਾਨ ਇਸ ਸਾਲ ਦੀ ਟੈਕਸ ਦੀ ਸਮਾਂ-ਸੀਮਾ ਵਧਾਉਣ ਦੀ ਮੰਗ ਉਠ ਰਹੀ ਹੈ।ਲੋਕਾਂ ਦਾ ਕਹਿਣਾ ਹੈ ਕਿ ਸਮੇਂ ਸਿਰ ਫਾਈਲ ਕਰਨਾ ਮੁਸ਼ਕਲ ਹੋ ਰਿਹਾ ਹੈ। ਐਰਿਕ ਸੌਮੂਰ ਨਾਮੀ ਇਕ ਅਕਾਊਂਟੈਂਟ ਵੱਲੋਂ ਪਟੀਸ਼ਨ ਵਿੱਚ ਸਰਕਾਰ ਨੂੰ ਆਪਣੀ ਸਮਾਂ ਸੀਮਾ 15 ਜੂਨ ਤੱਕ ਵਧਾਉਣ ਦੀ ਅਪੀਲ ਕੀਤੀ ਗਈ ਹੈ। ਦਸ ਦਈਏ ਕਿ ਸੋਮਵਾਰ ਦੇਰ ਤੱਕ ਇਸ ਪਟੀਸ਼ਨ ਉੱਪਰ ਕਰੀਬ 25,000 ਦਸਤਖਤ ਹੋ ਚੁੱਕੇ ਹਨ। ਐਰਿਕ ਸੌਮੂਰ ਦਾ ਕਹਿਣਾ ਹੈ ਕਿ ਹੜਤਾਲ ਕਾਰਨ ਕੈਨੇਡਾ ਰੈਵੇਨਿਊ ਏਜੰਸੀ ਹੈਲਪ ਲਾਈਨ ‘ਚ ਸਟਾਫ ਘੱਟ ਗਿਆ ਹੈ, ਕੁਝ ਕਾਲ ਕਰਨ ਵਾਲਿਆਂ ਨੂੰ ਮਦਦ ਲਈ ਘੰਟਿਆਂਬੱਧੀ ਉਡੀਕ ਕਰਨ ਲਈ ਮਜਬੂਰ ਹੋ ਰਹੇ ਹਨ ਅਤੇ ਸੰਭਵ ਤੌਰ ‘ਤੇ ਸਮੇਂ ਸਿਰ ਫਾਈਲ ਕਰਨ ਦੀ ਉਨ੍ਹਾਂ ਦੀ ਯੋਗਤਾ ਨੂੰ ਖਤਰੇ ਵਿੱਚ ਪਾ ਦਿੱਤਾ ਗਿਆ ਹੈ।
ਦਸਣਯੋਗ ਹੈ ਕਿ ਫ਼ੈਡਰਲ ਮੁਲਾਜ਼ਮਾਂ ਦੀ ਵੱਡੀ ਯੂਨੀਅਨ, ਪਬਲਿਕ ਸਰਵਿਸ ਅਲਾਇੰਸ ਔਫ਼ ਕੈਨੇਡਾ (PSAC) ਅਤੇ ਫ਼ੈਡਰਲ ਸਰਕਾਰ ਦਰਮਿਆਨ ਗੱਲਬਾਤ ਬੇਨਤੀਜਾ ਰਹਿਣ ਤੋਂ ਬਾਅਦ 155,500 ਤੋਂ ਵੱਧ ਪਬਲਿਕ ਸਰਵੈਂਟਸ ਨੇ ਹੜਤਾਲ ਕਰ ਦਿੱਤੀ ਹੈ। ਇਸ ਹੜਤਾਲ ਵਿੱਚ ਕੈਨੇਡਾ ਰੈਵਨਿਊ ਏਜੰਸੀ (CRA) ਦੇ ਵਰਕਰ ਵੀ ਸ਼ਾਮਿਲ ਹਨ। ਐਰਿਕ ਸੌਮੂਰ ਨੇ ਕਿਹਾ ਲੋਕਾਂ ਕੋਲ ਦਿਨ ਵਿੱਚ ਤਿੰਨ ਜਾਂ ਚਾਰ ਘੰਟੇ ਨਹੀਂ ਹੁੰਦੇ ਹਨ ਕਿ ਉਹ ਉੱਥੇ ਬੈਠਣ ਅਤੇ ਉਹਨਾਂ ਦੇ ਫ਼ੋਨ ਕਾਲਾਂ ਦਾ ਜਵਾਬ ਦੇਣ ਲਈ ਸੀਆਰਏ ਦਾ ਇੰਤਜ਼ਾਰ ਕਰਨ।ਵਿੱਤੀ ਮਾਹਿਰਾਂ ਅਨੁਸਾਰ ਲਾਭ ਸਾਲ ਲਈ ਨਿਰਧਾਰਿਤ ਕੀਤੇ ਜਾਂਦੇ ਹਨ ਅਤੇ ਉਹ ਪਿਛਲੇ ਸਾਲ ਦੇ ਟੈਕਸਾਂ ਦੇ ਅਧਾਰ ‘ਤੇ ਜੁਲਾਈ ਵਿੱਚ ਸ਼ੁਰੂ ਹੁੰਦੇ ਹਨ ਜੋ ਲੋਕ ਅੱਜ ਭਰਦੇ ਹਨ ।
ਕੈਨੇਡਾ ਦੇ ਪਬਲਿਕ ਸਰਵਿਸ ਅਲਾਇੰਸ ਦੇ ਨਾਲ 150,000 ਤੋਂ ਵੱਧ ਫੈਡਰਲ ਪਬਲਿਕ ਸਰਵੈਂਟ ਹੜਤਾਲ ‘ਤੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਤਨਖ਼ਾਹ ਵਾਧਾ ਉਨ੍ਹਾਂ ਦੀ ਮੰਗ ਸੂਚੀ ਵਿਚ ਸਭ ਤੋਂ ਉੱਪਰ ਹੈ, ਪਰ ਗੱਲਬਾਤ ਦੌਰਾਨ ਮੁਲਾਜ਼ਮਾਂ ਦੇ ਘਰੋਂ ਕੰਮ ਕਰਨ ਸਕਣ ਵਰਗੇ ਮੁੱਦੇ ਵੀ ਵਿਚਾਰੇ ਜਾਣਗੇ। ਮੂਲਨਿਵਾਸੀ ਭਾਸ਼ਾ ਬੋਲਣ ਵਾਲੇ ਮੁਲਾਜ਼ਮ ਨੂੰ ਸਲਾਨਾ 1500 ਡਾਲਰ ਦੇ ਬੋਨਸ ਦੀ ਮੰਗ ਵੀ ਚੱਲ ਰਹੀ ਹੈ, ਜੋ ਕਿ ਫ਼੍ਰੈਂਚ ਅਤੇ ਅੰਗ੍ਰੇਜ਼ੀ ਬੋਲਣ ਵਾਲੇ ਦੁਭਾਸ਼ੀਏ ਫ਼ੈਡਰਲ ਵਰਕਰ ਦੇ 800 ਡਾਲਰ ਦੇ ਸਲਾਨਾ ਬੋਨਸ ਨਾਲੋਂ ਕਰੀਬ ਦੁੱਗਣੀ ਰਕਮ ਹੈ। ਦੂਸਰਾ ਪ੍ਰਸਤਾਵ ਮੂਲਨਿਵਾਸੀ ਵਰਕਰਾਂ, ਜਿਨ੍ਹਾਂ ਨੇ ਲਗਾਤਾਰ ਤਿੰਨ ਮਹੀਨੇ ਪਬਲਿਕ ਸਰਵਿਸ ਵਿਚ ਕੰਮ ਕਰ ਲਿਆ ਹੋਵੇ, ਨੂੰ ਪੰਜ ਦਿਨਾਂ ਤੱਕ ਦੀ ਪੇਡ ਛੁੱਟੀ ਦਿੱਤੀ ਜਾਵੇ। ਉਨ੍ਹਾਂ ਨੇ ਸ਼ਾਮ ਦੇ ਚਾਰ ਵਜੇ ਤੱਕ ਦੀ ਸ਼ਿਫ਼ਟ ਤੋਂ ਬਾਅਦ ਕੰਮ ਕਰਨ ਵਾਲੇ ਵਰਕਰਾਂ ਲਈ ਹਰੇਕ ਘੰਟੇ ਲਈ 2.50 ਡਾਲਰ ਦੇ ਪ੍ਰੀਮੀਅਮ ਦੀ ਵੀ ਮੰਗ ਕੀਤੀ ਹੈ। ਨਿਰਧਾਰਿਤ ਘੰਟੇ ਪੂਰੇ ਹੋਣ ‘ਤੇ ਵੀਕੈਂਡ ‘ਤੇ ਕੰਮ ਕਰਨ ਵਾਲੇ ਵਰਕਰਾਂ ਲਈ ਵੀ ਇਹੀ ਪ੍ਰੀਮੀਅਮ ਲਾਗੂ ਹੋਵੇਗਾ।
ਇਸ ਦੌਰਾਨ ਯੂਨੀਅਨ ਆਫ ਟੈਕਸੇਸ਼ਨ ਇੰਪਲਾਈਜ਼ ਜੋ ਕਿ ਪਬਲਿਕ ਸਰਵਿਸ ਅਲਾਇੰਸ ਔਫ਼ ਕੈਨੇਡਾ ਦੀ ਮੈਂਬਰ ਹੈ ਦੇ ਨੈਸ਼ਨਲ ਪ੍ਰੈਜ਼ੀਡੈਂਟ ਮਾਰਕ ਬ੍ਰੀਅਰ ਦਾ ਕਹਿਣਾ ਹੈ ਕਿ ਉਹ ਸਮਝਦੇ ਹਨ ਕਿ ਸਥਿਤੀ ਲੋਕਾਂ ਲਈ ਨਿਰਾਸ਼ਾਜਨਕ ਹੈ, ਅਤੇ ਚਾਹੁੰਦੇ ਹਨ ਕਿ ਕੈਨੇਡਾ ਰੈਵੇਨਿਊ ਏਜੰਸੀ ਇਸ ਮੁੱਦੇ ਨੂੰ ਹੱਲ ਕਰੇ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.