ਪੇਰਿਸ : ਅੱਤਵਾਦ ਨੂੰ ਪਨਾਹ ਦੇਣ ਵਾਲੇ ਭਾਰਤ ਦੇ ਗੁਆਂਢੀ ਦੇਸ਼ ਪਾਕਿਸਤਾਨ ਦੀਆਂ ਉਮੀਦਾਂ ਇੱਕ ਵਾਰ ਫਿਰ ਟੁੱਟ ਗਈਆਂ ਹਨ। ਦਰਅਸਲ, ਬਹੁਤ ਕੋਸ਼ਿਸ਼ਾਂ ਦੇ ਬਾਵਜੂਦ, ਪਾਕਿਸਤਾਨ ਵਿੱਤੀ ਐਕਸ਼ਨ ਟਾਸਕ ਫੋਰਸ (ਐਫਏਟੀਐਫ) ਦੀ ‘ਗ੍ਰੇ ਸੂਚੀ’ ਵਿੱਚੋਂ ਬਾਹਰ ਨਹੀਂ ਨਿਕਲ ਸਕਿਆ ਹੈ। ਇਸ ਦੇ ਨਾਲ ਹੀ ਪਾਕਿਸਤਾਨ ਦੇ ਨਜ਼ਦੀਕੀ ਤੁਰਕੀ ਸਮੇਤ ਤਿੰਨ ਦੇਸ਼ਾਂ ਦੇ ਨਾਂ ਐਫਏਟੀਐਫ ਦੀ ਨਵੀਂ ਸੂਚੀ ਵਿੱਚ ਸ਼ਾਮਲ ਕੀਤੇ ਗਏ ਹਨ।
ਇਹ ਕਾਰਵਾਈ ਸੰਸਥਾ ਦੀ 27-ਨੁਕਾਤੀ ਕਾਰਜ ਯੋਜਨਾ ਦੇ ਇੱਕ ਮਹੱਤਵਪੂਰਨ ਮਾਪਦੰਡ ਦੀ ਪਾਲਣਾ ਨਾ ਕਰਨ ਦੇ ਲਈ ਕੀਤੀ ਗਈ ਹੈ। ਇਸ ਦੇ ਨਾਲ ਹੀ ਤਿੰਨ ਹੋਰ ਦੇਸ਼ਾਂ ਜੌਰਡਨ, ਮਾਲੀ ਅਤੇ ਤੁਰਕੀ ਨੂੰ ਐਫਏਟੀਐਫ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਸਾਰਿਆਂ ਨੇ FATF ਦੇ ਨਾਲ ਇੱਕ ਕਾਰਜ ਯੋਜਨਾ ‘ਤੇ ਸਹਿਮਤੀ ਜਤਾਈ ਹੈ।
ਜ਼ਿਕਰਯੋਗ ਹੈ ਕਿ ਤੁਰਕੀ, ਭਾਰਤ ਖਿਲਾਫ ਪਾਕਿਸਤਾਨ ਦਾ ਵੱਡਾ ਮਦਦਗਾਰ ਹੈ, ਉਹ ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਅੰਤਰਰਾਸ਼ਟਰੀ ਮੰਚਾਂ ‘ਤੇ ਖੁੱਲ੍ਹ ਕੇ ਪਾਕਿਸਤਾਨ ਦੀ ਮਦਦ ਕਰਦਾ ਆ ਰਿਹਾ ਹੈ।
ਇਸ ਸਾਲ ਜੂਨ ਵਿੱਚ, FATF ਨੇ ਕਾਲੇ ਧਨ ‘ਤੇ ਰੋਕ ਨਾ ਲਗਾਉਣ, ਅੱਤਵਾਦ ਲਈ ਵਿੱਤ ਵਧਾਉਣ ਦੇ ਲਈ ਪਾਕਿਸਤਾਨ ਨੂੰ ‘ਗ੍ਰੇ ਸੂਚੀ’ ਵਿੱਚ ਰੱਖਿਆ ਸੀ। ਇਸ ਦੇ ਨਾਲ ਹੀ ਪਾਕਿਸਤਾਨ ਨੂੰ ਅੱਤਵਾਦੀਆਂ ਹਾਫਿਜ਼ ਸਈਦ ਅਤੇ ਮਸੂਦ ਅਜ਼ਹਰ ਵਰਗੇ ਲੋਕਾਂ ਦੀ ਜਾਂਚ ਅਤੇ ਮੁਕੱਦਮਾ ਚਲਾਉਣ ਲਈ ਵੀ ਕਿਹਾ ਗਿਆ ਸੀ।
ਦੱਸ ਦਈਏ ਕਿ ਪਾਕਿਸਤਾਨ ਅੱਤਵਾਦੀ ਸੰਗਠਨਾਂ ਅਤੇ ਅੱਤਵਾਦੀਆਂ ‘ਤੇ ਕਾਰਵਾਈ ਕਰਨ’ ਚ ਅਸਫਲ ਰਿਹਾ ਹੈ। ਇਸੇ ਕਰਕੇ ਪਾਕਿਸਤਾਨ ਅਜੇ ਵੀ ‘ਗ੍ਰੇ ਲਿਸਟ’ ਵਿੱਚ ਹੈ। ਮਨੀ ਲਾਂਡਰਿੰਗ ਅਤੇ ਦਹਿਸ਼ਤਗਰਦੀ ਫੰਡਿੰਗ ‘ਤੇ ਨਿਰੰਤਰ ਨਿਯੰਤਰਣ ਨਾ ਹੋਣ ਕਾਰਨ ਪਾਕਿਸਤਾਨ ਵਰਗੇ ਦੇਸ਼ਾਂ ਨੂੰ ਸੁਰੱਖਿਅਤ ਟੈਕਸ ਪਨਾਹਗਾਹ ਵੀ ਕਿਹਾ ਜਾਂਦਾ ਹੈ।