ਕੈਨੇਡਾ ਤੋਂ 13 ਨਸ਼ਾ ਤਸਕਰਾਂ ਨੂੰ ਭਾਰਤ ਲਿਆਉਣ ਤੇ ਹਾਈਕੋਰਟ ‘ਚ ਡਰੱਗਜ਼ ਮਾਮਲੇ ‘ਤੇ ਪੰਜਾਬ ਸਰਕਾਰ ਦੀ ਪੇਸ਼ ਕੀਤੀ ਮੋਹਰਬੰਦ ਰਿਪੋਰਟ ਨੂੰ ਖੋਲ੍ਹਣ ਦੇ ਮਾਮਲਿਆਂ ਦੀ ਸੁਣਵਾਈ ਕੱਲ੍ਹ

TeamGlobalPunjab
2 Min Read

ਚੰਡੀਗੜ੍ਹ ( ਬਿੰਦੂ ਸਿੰਘ ) : ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਵਕੀਲ ਨਵਕਿਰਨ ਸਿੰਘ ਨੇ ਹਾਈ ਕੋਰਟ ‘ਚ ਦੋ ਅਰਜ਼ੀਆਂ ਅਪਰੈਲ ਦੇ ਮਹੀਨੇ ਵਿੱਚ ਲਗਾਈਆਂ ਸਨ ਜਿਨ੍ਹਾਂ ਦੀ ਸੁਣਵਾਈ ਕੱਲ੍ਹ ਸਪੈਸ਼ਲ ਬੈਂਚ ਦੇ ਜੱਜਾਂ ਰੰਜਨ ਗੁਪਤਾ ਤੇ ਅਜੇ ਤਿਵਾਰੀ ਦੀ ਅਦਾਲਤ ‘ਚ ਸੁਣਵਾਈ ਲਈ ਲੱਗੀਆਂ ਹਨ।

ਜ਼ਿਕਰਯੋਗ ਹੈ ਕਿ ਇਹ ਦੋਵੇਂ ਅਰਜ਼ੀਆਂ ਅਪ੍ਰੈਲ ਦੇ ਮਹੀਨੇ ਵਿੱਚ ਵਕੀਲ ਨਵਕਿਰਨ ਵੱਲੋਂ ਹਾਈ ਕੋਰਟ ਦੇ ਵਿੱਚ ਦਾਖ਼ਲ ਕੀਤੀਆਂ ਗਈਆਂ ਸਨ।

ਪਹਿਲੀ ਅਰਜ਼ੀ ‘ਚ ਹਾਈਕੋਰਟ ਰਾਹੀਂ ਭਾਰਤ ਸਰਕਾਰ ਤੋਂ ਵਿਦੇਸ਼ ਮੰਤਰਾਲੇ ਰਾਹੀਂ ਰਿਪੋਰਟਾਂ ਮੰਗਦਿਆਂ ਵਿਦੇਸ਼ ਚ ਬੈਠੇ 13 ਭਗੌੜੇ ਨਸ਼ਾ ਤਸਕਰਾਂ ਜਿਨ੍ਹਾਂ ਦੀਆਂ ਤਾਰਾਂ ਪੰਜਾਬ ਨਾਲ ਵੀ ਜੁੜਦੀਆਂ ਦੱਸਿਆ ਜਾ ਰਿਹਾ ਹੈ, ਉਨ੍ਹਾਂ ਨੂੰ ਭਾਰਤ ਲਿਆਉਣ ਬਾਰੇ ਤਾਜ਼ਾ ਸਥਿਤੀ ਦੀ ਜਾਣਕਾਰੀ ਦੇਣ ਲਈ ਕਿਹਾ ਗਿਆ ਹੈ। ਅਰਜ਼ੀ ਵਿੱਚ ਕਿਹਾ ਗਿਆ ਹੈ ਕਿ ਹਾਈ ਕੋਰਟ ਦੇ 23 ਮਈ 2018 ਦੇ ਜਾਰੀ ਕੀਤੇ ਆਦੇਸ਼ਾਂ ਵਿੱਚ ਇਹ ਗੱਲ ਤਸਦੀਕ ਕੀਤੀ ਗਈ ਸੀ ਕਿ ਇਹ ਮਾਮਲਾ ਕੈਨੇਡਾ ਸਰਕਾਰ ਦੇ ਵਿਚਾਰ ਅਧੀਨ ਹੈ। ਇਸ ਦੇ ਨਾਲ ਹੀ ਈਡੀ, ਵਿਦੇਸ਼ ਮੰਤਰਾਲੇ ਤੇ ਗ੍ਰਹਿ ਮੰਤਰਾਲੇ ਤੋਂ ਇਸ ਮਾਮਲੇ ‘ਚ ਸ਼ੁਰੂ ਹੋਈ ਪ੍ਰਕਿਰਿਆ ਦੇ ਬਾਰੇ ਤੇ ਇਸ ਮਾਮਲੇ ਵਿੱਚ ਸ਼ੁਰੂ ਕੀਤੀ ਗਈ ਪ੍ਰਕਿਰਿਆ ਦੀ ਪੂਰੀ ਸਟੇਟਸ ਰਿਪੋਰਟ ਮੰਗੀ ਹੈ।

ਵਕੀਲ ਨਵਕਿਰਨ ਨੇ ਦੂਸਰੀ ਅਰਜ਼ੀ ਜੋ ਹਾਈ ਕੋਰਟ ਵਿੱਚ ਦਾਖ਼ਲ ਕੀਤੀ ਹੈ ਉਸ ਵਿੱਚ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੀ ਰਿਪੋਰਟ ਜੋ ਕਿ ਅਦਾਲਤ ਵਿਚ ਮੋਹਰਬੰਦ ਪਈ ਹੈ, ਉਸ ਨੂੰ ਖੋਲ੍ਹਣ ਦੀ ਗੁਹਾਰ ਲਗਾਈ ਹੈ।

- Advertisement -

ਅਰਜ਼ੀ ਵਿੱਚ ਕਿਹਾ ਗਿਆ ਹੈ ਕਿ ਇਸ ਰਿਪੋਰਟ ਵਿੱਚ ਐਸਟੀਐਫ ਦੇ ਤਤਕਾਲੀ ਚੀਫ ਹਰਪ੍ਰੀਤ ਸਿੰਘ ਸਿੱਧੂ ਵੱਲੋਂ ਸੌਂਪੀ ਗਈ ਰਿਪੋਰਟ ‘ਤੇ ਪੰਜਾਬ ਰਾਜ ਦਾ ਹੁੰਗਾਰਾ ਦਿੱਤਾ ਗਿਆ ਹੈ, ਜਿਸ ਨੂੰ ਇਸ ਮਾਨਯੋਗ ਅਦਾਲਤ ਨੇ ਈ.ਡੀ ਦੇ ਸਹਾਇਕ ਡਾਇਰੈਕਟਰ ਨਿਰੰਜਨ ਸਿੰਘ ਵੱਲੋਂ ਸੌਂਪੀ ਰਿਪੋਰਟ ਨੂੰ ਵੇਖਣ ਲਈ ਕਿਹਾ ਸੀ।

ਅਰਜ਼ੀ ‘ਚ ਇਹ ਹਵਾਲਾ ਦਿੱਤਾ ਗਿਆ ਹੈ ਕਿ ਡਰੱਗ ਮਾਫੀਆ ਦਾ ਇਹ ਮਾਮਲਾ ਪੰਜਾਬ ਰਾਜ ਨਾਲ ਜੁੜਿਆ ਹੋਇਆ ਹੈ ਤੇ ਜੋ ਕਿ ਅੰਤਰਰਾਸ਼ਟਰੀ ਤਸਕਰਾਂ ਨਾਲ ਜੁੜਿਆ ਹੋਇਆ ਹੈ ਤੇ ਜਿਸ ਨੂੰ ਜਲਦ ਤੋਂ ਜਲਦ ਨਜਿੱਠਣਾ ਜ਼ਰੂਰੀ ਹੈ, ਕਿਉਂਕਿ ਇਹ ਪੰਜਾਬੀ ਨੌਜਵਾਨਾਂ ਦੇ ਜੀਵਨ ਨੂੰ ਪ੍ਰਭਾਵਤ ਕਰਦਾ ਹੈ।

Share this Article
Leave a comment