ਕਿਸਾਨਾ ਦੀ ਟਰੈਕਟਰ ਪਰੇਡ ਦਾ ਸੁਨੇਹਾ!

Global Team
3 Min Read

ਜਗਤਾਰ ਸਿੰਘ ਸਿੱਧੂ
ਮੈਨੇਜਿੰਗ ਐਡੀਟਰ;

ਭਲਕੇ ਗਣਤੰਤਰ ਦਿਵਸ ਮੌਕੇ ਦੇਸ਼ ਭਰ ਚ ਗੂੰਜਣਗੇ ਕਿਸਾਨਾਂ ਦੇ ਟਰੈਕਟਰ। ਪੰਜਾਬ ਸਮੇਤ ਸੰਯੁਕਤ ਕਿਸਾਨ ਮੋਰਚੇ ਨਾਲ ਜੁੜੀਆਂ ਦੇਸ਼ ਦੀਆਂ ਵੱਡੀ ਗਿਣਤੀ ਵਿਚ ਕਿਸਾਨ ਜਥੇਬੰਦੀਆਂ ਨੇ ਕਿਸਾਨੀ ਮੁੱਦਿਆਂ ਨੂੰ ਲੈ ਕੇ 26 ਜਨਵਰੀ ਨੂੰ ਟਰੈਕਟਰ ਮਾਰਚ ਦਾ ਸੱਦਾ ਦਿੱਤਾ ਹੈ। ਕਿਸਾਨਾਂ ਵਲੋਂ ਟਰੈਕਟਰ ਮਾਰਚ ਜਿਲਾ ਪੱਧਰ ਅਤੇ ਤਹਿਸੀਲ ਪੱਧਰ ਉੱਪਰ ਕੀਤੇ ਜਾਣਗੇ। ਪੰਜਾਬ ਦੀਆਂ ਲੱਗਭਗ ਸੈਂਤੀ ਕਿਸਾਨ ਜਥੇਬੰਦੀਆਂ ਨੇ ਟਰੈਕਟਰ ਮਾਰਚ ਕਰਨ ਦਾ ਫੈਸਲਾ ਕਈ ਦਿਨ ਪਹਿਲ਼ਾਂ ਹੀ ਲੈ ਲਿਆ ਸੀ।

ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਕੇਂਦਰ ਵੱਡੇ ਮੁੱਦਿਆਂ ਉੱਤੇ ਕਿਸਾਨਾਂ ਨਾਲ ਕੀਤੇ ਵਾਅਦੇ ਤੋਂ ਮੁੱਕਰ ਗਿਆ ਹੈ। ਕਿਸਾਨਾਂ ਨੂੰ ਫਸਲਾਂ ਦੀ ਘੱਟੋਘੱਟ ਸਹਾਇਕ ਕੀਮਤ ਦੇਣ ਦਾ ਵਾਅਦਾ ਕੀਤਾ ਗਿਆ ਸੀ ।ਕਣਕ ਅਤੇ ਝੋਨੇ ਦੇ ਇਲਾਵਾ ਹੋਰ ਕਿਸੇ ਫਸਲ ਦੀ MSP ਤੈਅ ਕੀਮਤ ਵੀ ਨਹੀਂ ਮਿਲ ਰਹੀ ਹੈ। ਮੰਡੀ ਵਿੱਚ ਕਿਸਾਨਾ ਨੂੰ ਵਪਾਰੀਆਂ ਦੇ ਰਹਿਮੋ ਕਰਮ ਉੱਪਰ ਰਹਿਣਾ ਪੈਂਦਾ ਹੈ। ਪੰਜਾਬ ਖਾਸ ਤੌਰ ਤੇ ਝੋਨੇ ਦੀ ਫਸਲ ਕਾਰਨ ਧਰਤੀ ਹੇਠਲੇ ਪਾਣੀ ਦੀ ਬਰਬਾਦੀ ਕਰ ਰਿਹਾ ਹੈ ਅਤੇ ਧਰਤੀ ਹੇਠਲਾ ਪਾਣੀ ਵੀ ਡੂੰਘਾ ਹੋ ਰਿਹਾ ਹੈ।

ਫਸਲੀ ਵਿਭਿੰਨਤਾ ਵੀ ਤਾਂ ਹੀ ਅਮਲੀ ਰੂਪ ਲੈ ਸਕਦੀ ਹੈ , ਜੇਕਰ ਕੇਂਦਰ ਫਸਲਾਂ ਦੀਆਂ ਵਾਜਿਬ ਕੀਮਤਾਂ ਯਕੀਨੀ ਬਣਾਏਗਾ। ਹਾਲਾਂ ਕਿ ਪੰਜਾਬ ਸਰਕਾਰ ਨੇ ਮੱਕੀ ਅਤੇ ਕੁਝ ਹੋਰ ਫਸਲਾਂ ਲਈ ਵਾਜਿਬ ਕੀਮਤ ਦੇਣ ਦੀ ਗੱਲ ਕੀਤੀ ਸੀ ਪਰ ਉਸ ਸਕੀਮ ਨੂੰ ਵੀ ਅਮਲੀ ਜਾਮਾ ਨਹੀਂ ਪਹਿਨਾਇਆ ਜਾ ਸਕਿਆ। ਇਸ ਕਰਕੇ ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਉਹ ਲੜਾਈ ਲੜਨ ਲਈ ਮਜਬੂਰ ਹਨ।

ਕਿਸਾਨਾ ਦੀ ਮੰਗ ਹੈ ਕਿ ਲਖੀਮਪੁਰ ਖੀਰੀ ਵਿਚ ਕਿਸਾਨਾਂ ਉੱਪਰ ਗੱਡੀ ਚੜਾਕੇ ਕਿਸਾਨਾਂ ਦਾ ਕਤਲ ਕਰਨ ਦੇ ਦੋਸ਼ੀਆਂ ਨੂੰ ਸਜਾਵਾਂ ਦਿੱਤੀਆਂ ਜਾਣ । ਕਿਸਾਨਾਂ ਉੱਤੇ ਬਣੇ ਕੇਸ ਕੇਂਦਰ ਸਰਕਾਰ ਵਾਪਸ ਲਏ। ਇਹ ਕੇਸ ਅੰਦੋਲਨ ਵੇਲੇ ਦੇ ਹਨ।

ਕਰਜੇ ਬਾਰੇ ਕਿਸਾਨ ਜਥੇਬੰਦੀਆਂ ਦੀ ਮੰਗ ਹੈ ਕਿ ਕਿਸਾਨਾ ਦੇ ਕਰਜੇ ਉੱਤੇ ਲੀਕ ਫੇਰੀ ਜਾਵੇ। ਕਿਸਾਨ ਦੀ ਸਰਕਾਰੀ ਪ੍ਰੋਜੈਕਟਾਂ ਲਈ ਧੱਕੇ ਨਾਲ ਜਮੀਨ ਲੈਣੀ ਬੰਦ ਕੀਤੀ ਜਾਵੇ ਅਤੇ ਵਾਜਿਬ ਕੀਮਤਾਂ ਦਿੱਤੀਆਂ ਜਾਣ।ਕਿਸਾਨਾ ਲਈ ਫਸਲੀ ਬੀਮਾ ਸਕੀਮ ਵਿਚ ਕਿਸਾਨ ਜਥੇਬੰਦੀਆਂ ਦੀ ਮੰਗ ਅਨੁਸਾਰ ਤਬਦੀਲੀ ਕੀਤੀ ਜਾਵੇ ਤਾਂ ਜੋ ਕਿਸਾਨ ਦੇ ਨੁਕਸਾਨ ਦੀ ਭਰਪਾਈ ਹੋ ਸਕੇ।

ਕਿਸਾਨਾ ਲਈ ਪੈਨਸ਼ਨ ਸਕੀਮ ਦੀ ਮੰਗ ਵੀ ਕੀਤੀ ਜਾ ਰਹੀ ਹੈ। ਕਿਸਾਨ ਜਥੇਬੰਦੀਆਂ ਵਲੋਂ ਗਣਤੰਤਰ ਦਿਵਸ ਮੌਕੇ ਸਰਕਾਰਾਂ ਨੂੰ ਟਰੈਕਟਰ ਪਰੇਡ ਕਰਕੇ ਜਿਥੇ ਆਪਣੀਆਂ ਮੰਗਾਂ ਦਾ ਹੋਕਾ ਦਿਤਾ ਜਾਵੇਗਾ ਉਥੇ ਕਿਸਾਨ ਜਥੇਬੰਦੀਆਂ ਆਪਣੀ ਸ਼ਕਤੀ ਪ੍ਰਦਰਸ਼ਨ ਦਾ ਪ੍ਰਗਟਾਵਾ ਕਰਨਗੀਆਂ।

ਸੰਪਰਕਃ 9814002186

Share This Article
Leave a Comment