ਚੰਡੀਗੜ੍ਹ : ਖੇਤੀ ਕਾਨੂੰਨ ਵਿਰੁੱਧ ਸੰਘਰਸ਼ ਕਰ ਰਹੀਆਂ 31 ਕਿਸਾਨ ਜਥੇਬੰਦੀਆਂ ਵੱਲੋਂ ਅੱਜ ਕੇਂਦਰ ਨਾਲ ਬੈਠਕ ਬਾਰੇ ਅੱਜ ਫੈਸਲਾ ਲਿਆ ਜਾਵੇਗਾ। ਹਾਲਾਂਕਿ ਇਸ ਤੋਂ ਪਹਿਲਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਕੇਂਦਰ ਸਰਕਾਰ ਦਾ ਦੂਸਰਾ ਸੱਦਾ ਪੱਤਰ ਠੁਕਰਾ ਦਿੱਤਾ ਗਿਆ ਸੀ।
ਖੇਤੀਬਾੜੀ ਮੰਤਰਾਲੇ ਨੇ ਕਿਸਾਨ ਜਥੇਬੰਦੀਆਂ ਨੂੰ ਖੇਤੀ ਕਾਨੂੰਨ ਸਬੰਧੀ ਗੱਲਬਾਤ ਕਰਨ ਦੇ ਲਈ ਦੂਸਰੀ ਵਾਰ ਸੱਦਾ ਭੇਜਿਆ ਹੋਇਆ ਹੈ। ਕੇਂਦਰ ਸਰਕਾਰ ਨੇ 14 ਅਕਤੂਬਰ ਨੂੰ ਸਵੇਰੇ 11:30 ਵਜੇ ਨਵੀਂ ਦਿੱਲੀ ਆਉਣ ਦੇ ਲਈ 29 ਕਿਸਾਨ ਜਥੇਬੰਦੀਆਂ ਦੇ ਨਾਂ ਪੱਤਰ ਜਾਰੀ ਕੀਤਾ ਹੋਇਆ ਹੈ।
ਹਾਲਾਂਕਿ ਕੇਂਦਰ ਨਾਲ ਮੀਟਿੰਗ ਦਾ ਸੱਦਾ ਆਉਣ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਹਾਅ-ਪੱਖੀ ਹੁੰਗਾਰਾ ਭਰਿਆ ਹੈ। ਬਾਕੀ ਕਿਸਾਨ ਜਥੇਬੰਦੀਆਂ ਦਿੱਲੀ ਜਾਣਗੀਆਂ ਜਾਂ ਨਹੀਂ ਇਸ ਸਬੰਧੀ ਅੱਜ ਚੰਡੀਗੜ੍ਹ ਵਿੱਚ ਮੀਟਿੰਗ ਸੱਦੀ ਹੋਈ ਹੈ। ਉੱਥੇ ਵਿਚਾਰ ਚਰਚਾ ਕਰਕੇ ਹੀ ਆਖਰੀ ਫੈਸਲਾ ਲਿਆ ਜਾਵੇਗਾ ਇਸ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ 8 ਅਕਤੂਬਰ ਨੂੰ ਬੁਲਾਈ ਗਈ ਕੇਂਦਰ ਸਰਕਾਰ ਵੱਲੋਂ ਮੀਟਿੰਗ ਨੂੰ ਠੁਕਰਾ ਚੁੱਕੀਆਂ ਹਨ।