ਚੰਡੀਗੜ੍ਹ : ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਤਿੰਨ ਖੇਤੀ ਕਾਨੂੰਨ ਖਿਲਾਫ਼ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ-ਜੈਪੁਰ ਨੈਸ਼ਨਲ ਹਾਈਵੇ ਜਾਮ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਜਥੇਬੰਦੀਆਂ ਨੇ 12 ਦਸੰਬਰ ਨੂੰ ਹਾਈਵੇ ਬਲੌਕ ਕਰਨ ਦਾ ਫੈਸਲਾ ਲਿਆ ਸੀ। ਪਰ ਬਾਅਦ ਵਿੱਚ ਆਪਣੇ ਉਲੀਕੇ ਗਏ ਪ੍ਰੋਗਰਾਮ ਵਿੱਚ ਥੋੜ੍ਹੀ ਤਬਦੀਲੀ ਕਰਦੇ ਹੋਏ 13 ਦਸੰਬਰ ਨੂੰ ਦਿੱਲੀ-ਜੈਪੁਰ ਨੈਸ਼ਨਲ ਹਾਈਵੇ ਜਾਮ ਕਰਨ ਦਾ ਐਲਾਨ ਕੀਤਾ।
ਇਸ ਰੋਸ ਪ੍ਰਦਰਸ਼ਨ ਨੂੰ ਦੇਖਦੇ ਹੋਏ ਰਾਜਸਥਾਨ ਤੋਂ ਵੀ ਵੱਡੀ ਗਿਣਤੀ ਵਿੱਚ ਕਿਸਾਨ ਦਿੱਲੀ ਸਰਹੱਦ ਵੱਲ ਨੂੰ ਕੂਚ ਕਰ ਰਹੇ ਹਨ। ਕੋਟਪੁਤਲੀ ਅਤੇ ਸ਼ਾਹਜਾਂਹਪੁਰ ਤੋਂ ਕਿਸਾਨ ਦੇ ਜਥੇ ਸਵੇਰ ਤੋਂ ਹੀ ਆਉਣੇ ਸ਼ੁਰੂ ਹੋ ਗਏ ਹਨ। ਦੂਜੇ ਪਾਸੇ ਪੰਜਾਬ ਅਤੇ ਹਰਿਆਣਾ ਦੇ ਕਿਸਾਨ ਜਿਹੜੇ ਦਿੱਲੀ ਦੀ ਸਰਹੱਦ ‘ਤੇ ਧਰਨਾ ਦੇ ਰਹੇ ਹਨ। ਉਹ ਵੀ ਇਸ ਚੱਕਾ ਜਾਮ ਨੂੰ ਸਫ਼ਲ ਬਣਾਉਨ ਲਈ ਦਿੱਲੀ-ਜੈਪੁਰ ਹਾਈਵੇ ਜਾਮ ਕਰਨਗੇ। ਬੀਤੇ ਦਿਨ ਕਿਸਾਨ ਜਥੇਬੰਦੀਆਂ ਵੱਲੋਂ ਖੇਤੀ ਕਾਨੂੰਨ ਖਿਲਾਫ਼ ਦੇਸ਼ ਭਰ ‘ਚ ਪ੍ਰਦਰਸ਼ਨ ਕੀਤਾ ਗਿਆ ਸੀ। ਕਿਸਾਨਾਂ ਨੇ ਟੋਲ ਪਲਾਜ਼ਾ ‘ਤੇ ਧਰਨਾ ਦਿੱਤਾ ਅਤੇ ਬਿਨਾ ਪਰਚੀ ਕੱਟੇ ਹੀ ਸ਼ਾਮ 5 ਵਜੇ ਤਕ ਵਾਹਨਾਂ ਨੂੰ ਗੁਜਾਰਿਆ ਸੀ।