ਕਿਸਾਨ ਅੰਦੋਲਨ ਨਾਲ ਕੇਂਦਰ ਸਰਕਾਰ ਬੁਰੀ ਤਰ੍ਹਾਂ ਪ੍ਰਭਾਵਿਤ, ਰੇਲਵੇ ਵਿਭਾਗ ਨੂੰ 1200 ਕਰੋੜ ਰੁਪਏ ਦਾ ਪਿਆ ਘਾਟਾ

TeamGlobalPunjab
2 Min Read

ਨਵੀਂ ਦਿੱਲੀ: ਕਿਸਾਨਾਂ ਵੱਲੋਂ ਰੇਲ ਰੋਕੋ ਅੰਦੋਲਨ ਕਾਰਨ ਕੇਂਦਰ ਸਰਕਾਰ ਨੂੰ ਵੱਡਾ ਝਟਕਾ ਲੱਗਿਆ ਹੈ। ਕਿਸਾਨਾਂ ਦੇ ਅੰਦੋਲਨ ਨਾਲ ਭਾਰਤੀ ਰੇਲਵੇ ਵਿਭਾਗ ਬੁਰੀ ਤਰ੍ਹਾਂ ਝੁਲਸਿਆ ਹੈ। ਕੇਂਦਰ ਸਰਕਾਰ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਰੇਲਵੇ ਨੂੰ ਕਿਸਾਨਾਂ ਦੇ ਅੰਦੋਲਨ ਨਾਲ 1200 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਦਾ ਦਾਅਵਾ ਕੇਂਦਰੀ ਮੰਤਰੀ ਪ੍ਰਕਾਸ਼ ਜਾਵੇਡਕਰ ਨੇ ਕੀਤਾ ਹੈ।

ਕੇਂਦਰ ਸਰਕਾਰ ਨੇ ਮਾਲ ਗੱਡੀਆਂ ‘ਤੇ ਰੋਕ ਲਗਾਈ ਹੋਈ ਹੈ ਅਤੇ ਪੰਜਾਬ ਸਰਕਾਰ ਨੂੰ ਹਦਾਇਤ ਦਿੱਤੀ ਹੈ ਕਿ ਪਹਿਲਾਂ ਯਾਤਰੀ ਗੱਡੀਆਂ ਲਈ ਲਾਂਘਾ ਯਕੀਨੀ ਬਣਾਇਆ ਜਾਵੇ ਫਿਰ ਹੀ ਮਾਲ ਗੱਡੀਆਂ ਨੂੰ ਚਲਾਇਆ ਜਾਵੇਗਾ। ਪਿਛਲੇ ਇੱਕ ਮਹੀਨੇ ਤੋਂ ਪੰਜਾਬ ‘ਚ ਆਉਣ ਵਾਲੀਆਂ ਅਤੇ ਪੰਜਾਬ ਤੋਂ ਜਾਣ ਵਾਲੀਆਂ ਮਾਲ ਗੱਡੀਆਂ ਅਤੇ ਯਾਤਰੀ ਟਰੇਨਾਂ ‘ਤੇ ਬਰੇਕ ਲੱਗੀ ਹੋਈ ਹੈ।

ਹਾਲਾਂਕਿ ਕਿਸਾਨ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਨੇ ਮਾਲ ਗੱਡੀਆਂ ਲਈ ਲਾਂਘਾ ਪੂਰਾ ਖੋਲ੍ਹਿਆ ਹੋਇਆ ਹੈ। ਬੀਤੇ ਦਿਨੀਂ ਚੰਡੀਗੜ੍ਹ ਵਿੱਚ ਹੋਈ 30 ਕਿਸਾਨ ਜਥੇਬੰਦੀਆਂ ਦੀ ਬੈਠਕ ਵਿਚ ਵੀ ਫ਼ੈਸਲਾ ਕੀਤਾ ਗਿਆ ਸੀ ਕਿ 15 ਦਿਨ ਹੋਰ ਗੱਡੀਆਂ ਮਾਲ ਗੱਡੀਆਂ ਨੂੰ ਰਾਹ ਦਿੱਤਾ ਜਾਵੇਗਾ। ਪਰ ਯਾਤਰੀ ਟਰੇਨਾਂ ਨੂੰ ਕਿਸਾਨ ਰੋਕਣਗੇ।

ਉੱਧਰ ਪੰਜਾਬ ਸਰਕਾਰ ਨੇ ਵੀ ਇਹ ਦਾਅਵਾ ਕੀਤਾ ਹੈ ਕਿ ਮਾਲ ਗੱਡੀਆਂ ਲਈ ਰਾਹ ਬਿਲਕੁਲ ਪੱਧਰਾ ਹੈ, ਪਰ ਕੇਂਦਰ ਸਰਕਾਰ ਨੇ ਰੰਜਿਸ਼ ਤਹਿਤ ਟਰੇਨਾਂ ਰੋਕੀਆਂ ਹੋਈਆਂ ਹਨ। ਪੰਜਾਬ ਸਰਕਾਰ ਨੇ ਵੀ ਕਿਹਾ ਹੈ ਕਿ ਰੇਲ ਗੱਡੀਆਂ ਰੁਕਣ ਦੇ ਨਾਲ ਉਨ੍ਹਾਂ ਨੂੰ ਵੀ ਕਾਫੀ ਨੁਕਸਾਨ ਹੋ ਰਿਹਾ ਹੈ। ਬਿਜਲੀ ਪੈਦਾ ਕਰਨ ਲਈ ਕੋਲਾ ਪੂਰੀ ਤਰ੍ਹਾਂ ਦੇ ਨਾਲ ਖਤਮ ਹੋ ਚੁੱਕਿਆ ਹੈ ਅਤੇ ਹੁਣ ਕਣਕ ਦੀ ਬਿਜਾਈ ਲਈ ਖਾਦ ਅਤੇ ਯੂਰੀਏ ਦੀ ਜ਼ਰੂਰਤ ਪੈਣੀ ਹੈ ਉਹ ਵੀ ਪੰਜਾਬ ‘ਚ ਨਹੀਂ ਪਹੁੰਚਿਆ।

- Advertisement -

Share this Article
Leave a comment