ਚੰਡੀਗੜ੍ਹ: ਖੇਤੀਬਾੜੀ ਸੁਧਾਰ ਕਾਨੂੰਨਾਂ ਦੇ ਖ਼ਿਲਾਫ਼ ਪੰਜਾਬ ਵਿੱਚ ਕਿਸਾਨਾਂ ਦੇ ਰੇਲ ਰੋਕੋ ਅੰਦੋਲਨ ਨਾਲ ਰੇਲਵੇ ਨੂੰ 80 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਪਿਛਲੇ 19 ਦਿਨਾਂ ਤੋਂ ਟਰੈਕ ‘ਤੇ ਧਰਨੇ ਦੇ ਰਹੇ ਕਿਸਾਨਾਂ ਦਾ ਅੰਦੋਲਨ ਅੰਮ੍ਰਿਤਸਰ, ਗੁਰਦਾਸਪੁਰ ਸਣੇ ਕਈ ਜ਼ਿਲ੍ਹਿਆਂ ਵਿੱਚ ਜਾਰੀ ਹੈ।
ਕਿਸਾਨਾਂ ਦੇ ਰੇਲ ਰੋਕੋ ਅੰਦੋਲਨ ਕਾਰਨ ਵੱਡੀ ਗਿਣਤੀ ਵਿੱਚ ਯਾਤਰੀ ਅਤੇ 700 ਦੇ ਲਗਭਗ ਮਾਲ ਮਾਲ ਗੱਡੀਆਂ ਨੂੰ ਰੱਦ ਕਰਨਾ ਪਿਆ ਹੈ। ਇਸ ਨਾਲ ਰੇਲਵੇ ਨੂੰ 24 ਸਤੰਬਰ ਤੋਂ ਲੈ ਕੇ 11 ਅਕਤੂਬਰ ਤੱਕ ਲਗਭਗ 71 ਲੱਖ ਰੁਪਏ ਦਾ ਯਾਤਰੀਆਂ ਨੂੰ ਟਿਕਟ ਦਾ ਰਿਫੰਡ ਕਰਨਾ ਪਿਆ ਹੈ ਇਹ ਰਿਫੰਡ ਫਿਰੋਜ਼ਪੁਰ ਮੰਡਲ ਵੱਲੋਂ ਕੀਤਾ ਗਿਆ ਹੈ।
ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਚੇਤਨ ਤਨੇਜਾ ਦਾ ਕਹਿਣਾ ਹੈ ਕਿ ਜੇਕਰ ਇੰਝ ਹੀ ਕਿਸਾਨ ਅੰਦੋਲਨ ਚਲਦਾ ਰਿਹਾ ਤਾਂ ਪੰਜਾਬ ਵਿੱਚ ਡੀਜ਼ਲ, ਪੈਟਰੋਲ, ਬਰਦਾਨਾ, ਯੂਰੀਆ ਅਤੇ ਸੀਮੈਂਟ ਦੀ ਸਪਲਾਈ ਬੰਦ ਹੋ ਜਾਵੇਗੀ। ਇਸ ਦੇ ਨਾਲ ਕਈ ਵਸਤਾਂ ਦੀਆਂ ਕੀਮਤਾਂ ਵੀ ਵਧਣਗੀਆਂ ਰੇਲਵੇ ਦੀ ਆਮਦਨ ਨੂੰ ਵੀ ਭਾਰੀ ਨੁਕਸਾਨ ਹੋਵੇਗਾ।