ਨਵੀਂ ਦਿੱਲੀ:- ਅੰਦੋਲਨ ਕਰ ਰਹੀਆਂ ਕਿਸਾਨ ਜਥੇਬੰਦੀਆਂ ਨੇ ਬੀਤੇ ਸ਼ਨਿਚਰਵਾਰ ਨੂੰ ਮੰਗ ਕੀਤੀ ਹੈ ਕਿ 26 ਜਨਵਰੀ ਨੂੰ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਦੀ ਉੱਚ ਪੱਧਰੀ ਨਿਆਇਕ ਜਾਂਚ ਕਰਵਾਈ ਜਾਵੇ। ਇਸਦੇ ਨਾਲ ਹੀ ਕਿਹਾ ਕਿ ਕਿਸਾਨਾਂ ‘ਤੇ ਝੂਠੇ ਕੇਸ ਬਣਾਏ ਗਏ ਹਨ। ਸਿੰਘੂ ਬਾਰਡਰ ‘ਤੇ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਜਿਨ੍ਹਾਂ ਕਿਸਾਨਾਂ ਨੂੰ ਨੋਟਿਸ ਆ ਰਹੇ ਹਨ, ਨੂੰ ਕਿਹਾ ਕਿ ਉਹ ਪੁਲਿਸ ਦੇ ਸਾਹਮਣੇ ਸਿੱਧੇ ਪੇਸ਼ ਨਾ ਹੋਣ। ਇਸ ਦੀ ਬਜਾਏ ਉਹ ਮਦਦ ਲਈ ਕਿਸਾਨ ਜਥੇਬੰਦੀਆਂ ਵੱਲੋਂ ਗਠਿਤ ਲੀਗਲ ਸੈੱਲ ਨਾਲ ਸੰਪਰਕ ਕਰਨ।
ਮੋਰਚੇ ਦੇ ਲੀਗਲ ਸੈੱਲ ਦੇ ਮੈਂਬਰ ਕੁਲਦੀਪ ਸਿੰਘ ਨੇ ਕਿਹਾ ਕਿ 26 ਜਨਵਰੀ ਦੀ ਹਿੰਸਾ ਪਿੱਛੇ ਦੀ ਸਾਜ਼ਿਸ਼ ਦਾ ਪਤਾ ਲਾਉਣ ਲਈ ਸੁਪਰੀਮ ਕੋਰਟ ਜਾਂ ਹਾਈ ਕੋਰਟ ਦੇ ਸੇਵਾਮੁਕਤ ਜੱਜ ਤੋਂ ਜਾਂਚ ਕਰਵਾਈ ਜਾਣੀ ਚਾਹੀਦੀ ਹੈ। ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਕਿਸਾਨਾਂ ‘ਤੇ ਝੂਠੇ ਕੇਸ ਦਰਜ ਕੀਤੇ ਗਏ ਹਨ। ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਮੁਤਾਬਕ ਟਰੈਕਟਰ ਪਰੇਡ ‘ਚ ਹਿੱਸਾ ਲੈਣ ਵਾਲੇ 16 ਕਿਸਾਨ ਹਾਲੇ ਵੀ ਲਾਪਤਾ ਹਨ। ਇਕ ਹੋਰ ਆਗੂ ਰਵਿੰਦਰ ਸਿੰਘ ਨੇ ਕਿਹਾ ਕਿ ਦਿੱਲੀ ਪੁਲਿਸ ਨੇ 44 ਐੱਫਆਈਆਰਜ਼ ‘ਚੋਂ 14 ਕੇਸਾਂ ‘ਚ 122 ਕਿਸਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਮੋਰਚਾ ਸਾਰੇ ਗ੍ਰਿਫ਼ਤਾਰ ਕਿਸਾਨਾਂ ਨੂੰ ਕਾਨੂੰਨੀ ਤੇ ਵਿੱਤੀ ਸਹਾਇਤਾ ਮੁਹੱਈਆ ਕਰਵਾਏਗਾ।
ਮੋਰਚੇ ਦੇ ਆਗੂਆਂ ਨੇ ਕਿਹਾ ਕਿ ਕਿਸਾਨਾਂ ‘ਤੇ ਡਕੈਤੀ ਤੇ ਕਤਲ ਦੀ ਕੋਸ਼ਿਸ਼ ਵਰਗੇ ਗੰਭੀਰ ਅਪਰਾਧਾਂ ‘ਚ ਝੂਠੇ ਕੇਸ ਦਰਜ ਕੀਤੇ ਜਾ ਰਹੇ ਹਨ।