ਕਿਸਾਨ ਅੰਦੋਲਨ ਅਤੇ ਲੋਹੜੀ ਦਾ ਤਿਓਹਾਰ

TeamGlobalPunjab
7 Min Read

-ਅਵਤਾਰ ਸਿੰਘ

ਦੇਸ਼ ਦੀ ਰਾਜਧਾਨੀ ਦਿੱਲੀ ਦੀਆਂ ਸਰਹੱਦਾਂ ਉਪਰ ਡੇਢ ਮਹੀਨੇ ਤੋਂ ਵੱਧ ਸਮੇਂ ਤੋਂ ਬੈਠੇ ਕਿਸਾਨਾਂ ਦੇ ਸ਼ਾਂਤ ਅਤੇ ਇਖ਼ਲਾਕੀ ਤੌਰ ’ਤੇ ਉੱਚੇ ਮਿਆਰ ਸਿਰਜਣ ਕਾਰਨ ਕਿਸਾਨ ਅੰਦੋਲਨ ਹੁਣ ਲੋਕ ਅੰਦੋਲਨ ਬਣ ਚੁੱਕਾ ਹੈ। ਇਸ ਕੜਾਕੇ ਦੀ ਠੰਢ ਵਿੱਚ ਅੰਦੋਲਨ ਦੌਰਾਨ ਬਜ਼ੁਰਗ, ਬੱਚੇ, ਔਰਤਾਂ ਅਤੇ ਨੌਜਵਾਨ ਆਪਣੇ ਹੱਕਾਂ ਯਾਨੀ ਕੇਂਦਰ ਵੱਲੋਂ ਜਾਰੀ ਕੀਤੇ ਗਏ ਖੇਤੀ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਡਟੇ ਹੋਏ ਹਨ।

ਇਸ ਸਮੇਂ ਦੌਰਾਨ ਕਈ ਕਿਸਾਨ ਖੁਦਕੁਸ਼ੀਆਂ ਅਤੇ ਸ਼ਹੀਦ ਵੀ ਹੋ ਚੁਕੇ ਹਨ। ਦੇਸ਼ ਦੀ ਸਰਵਉੱਚ ਅਦਾਲਤ ਦੇ ਫੈਸਲੇ ਤੋਂ ਵੀ ਕਿਸਾਨ ਸੰਤੁਸ਼ਟ ਨਹੀਂ ਹਨ। ਨੀਲੇ ਆਸਮਾਨ ਹੇਠ ਯਖ਼ ਰਾਤਾਂ ਕੱਟ ਰਹੇ ਕਿਸਾਨਾਂ ਦੇ ਕਈ ਤਿਓਹਾਰ ਇਥੇ ਹੀ ਬੀਤ ਰਹੇ ਹਨ। ਉਨ੍ਹਾਂ ਲਈ ਸਾਰੇ ਤਿਓਹਾਰ ਕਾਲੇ ਹਨ। ਉਨ੍ਹਾਂ ਲਈ ਲੋਹੜੀ ਤੇ ਦੀਵਾਲੀ ਉਦੋਂ ਹੀ ਮਨਾਈ ਜਾਵੇਗੀ ਜਦੋਂ ਖੇਤੀ ਕਾਨੂੰਨ ਵਾਪਸ ਹੋਣਗੇ। ਮੋਰਚਾ ਸਾਂਭੀ ਬੈਠੇ ਕਿਸਾਨਾਂ ਲਈ ਅੱਜ ਦੀ ਲੋਹੜੀ ਵੀ ਕਾਲੀ ਹੀ ਹੈ। ਉਹ ਲੋਹੜੀ ਮੌਕੇ ਸੰਕੇਤਕ ਕਨੂੰਨਾਂ ਨੂੰ ਅਗਨ ਭੇਟ ਕਰਕੇ ਆਪਣਾ ਰੋਸ ਜ਼ਾਹਿਰ ਕਰ ਰਹੇ ਹਨ। ਆਓ ਜਾਣਦੇ ਹਾਂ ਲੋਹੜੀ ਦਾ ਇਤਿਹਾਸ:

ਲੋਹੜੀ ਸ਼ਬਦ ‘ਲੋਹੀ’ ਤੋਂ ਬਣਿਆ ਹੈ, ਜਿਸ ਦਾ ਅਰਥ ਹੈ ਮੀਂਹ ਪੈਣਾ ਜਾਂ ਫਸਲਾਂ ਦਾ ਖਿੜਨਾ। ਮੰਨਿਆ ਜਾਂਦਾ ਹੈ ਜੇ ਲੋਹੜੀ ਦੇ ਸਮੇਂ ਮੀਂਹ ਨਾ ਪਵੇ ਤਾਂ ਫਸਲ ਦਾ ਨੁਕਸਾਨ ਹੁੰਦਾ ਹੈ। ਇਕ ਹੋਰ ਵਿਚਾਰ ਅਨੁਸਾਰ ਲੋਹੜੀ ਸ਼ਬਦ ਤਿਲ+ਰੋੜੀ ਤੋਂ ਵਿਗੜ ਕੇ ਪਹਿਲਾਂ ਤਿਲੋੜੀ ਤੇ ਫਿਰ ਲੋਹੜੀ ਬਣਿਆ। ਇਕ ਕਥਾ ਅਨੁਸਾਰ ਲੋਹੜੀ ਨਾਂ ਦੀ ਦੇਵੀ ਨੇ ਇਕ ਰਾਕਸ਼ ਨੂੰ ਮਾਰਿਆ ਸੀ।

- Advertisement -

ਲੋਹੜੀ ਤੋਂ ਕੁਝ ਦਿਨ ਪਹਿਲਾਂ ਹੀ ਬੱਚੇ ਲੋਹੜੀ ਮੰਗਣ ਲੱਗ ਪੈਂਦੇ ਹਨ। ਹੁਣ ਲੋਹੜੀ ਮੰਗਣ ਦਾ ਰਿਵਾਜ ਘੱਟ ਰਿਹਾ ਹੈ। ਜਿਸ ਘਰ ਵਿੱਚ ਲੜਕਾ ਪੈਦਾ ਹੋਇਆ ਹੋਵੇ ਜਾਂ ਨਵਾਂ ਵਿਆਹ ਹੋਵੇ ਉਹ ਮੂੰਗਫਲੀ, ਰਿਉੜੀਆਂ, ਚਿਰਵੜੇ, ਗਚਕ, ਮੱਕੀ ਦੇ ਦਾਣੇ ਤੇ ਗੁੜ ਵੰਡਦੇ ਹਨ। ਅੱਜ ਕੱਲ੍ਹ ਤਾਂ ਨਗਦ ਪੈਸੇ ਵੀ ਵੰਡੇ ਜਾਂਦੇ ਹਨ। ਗੰਨੇ ਦੇ ਰਸ ਦੀ ਖੀਰ ਬਣਾਈ ਜਾਂਦੀ ਹੈ। ਰਾਤ ਨੂੰ ਅੱਗ ਦਾ ਭੁੱਗਾ ਬਾਲ ਕੇ ਆਂਢੀ-ਗੁਆਂਢੀ ਖੁਸ਼ੀ ਦੇ ਗੀਤ ਗਾਉਂਦੇ ਹਨ। ਲੜਕਿਆਂ ਦੇ ਮੁਕਾਬਲੇ ਹੁਣ ਲੜਕੀਆਂ ਦੀ ਘੱਟ ਰਹੀ ਗਿਣਤੀ ਨੂੰ ਵੇਖ ਕੇ ਕੁਝ ਵਿਭਾਗਾਂ ਤੇ ਲੋਕਾਂ ਵੱਲੋਂ ਲੜਕੀਆਂ ਦੀ ਲੋਹੜੀ ਵੀ ਮਨਾਉਣ ਦੀ ਪਿਰਤ ਪਾਈ ਜਾ ਰਹੀ ਹੈ।

ਪੰਜਾਬ ਦੇ ਚਾਰ ਮਸ਼ਹੂਰ ਲੋਕ ਨਾਇਕਾਂ ਜੱਗਾ ਡਾਕੂ,ਜਿਉਣਾ ਮੌੜ, ਸੁੱਚਾ ਸੂਰਮਾ ਤੇ ਦੁੱਲਾ ਭੱਟੀ ਉਰਫ ਅਬਦੁਲਾ ਖਾਨ ਭੱਟੀ ਵਿੱਚੋਂ ਸਭ ਤੋਂ ਪਹਿਲਾਂ ਦੁੱਲਾ ਭੱਟੀ ਹੋਇਆ ਹੈ। ਇਸ ਦਾ ਜਨਮ 1569 ਨੂੰ ਮਾਈ ਲੱਧੀ ਦੀ ਕੁੱਖੋਂ ਰਾਏ ਫਰੀਦ ਖਾਨ ਭੱਟੀ ਦੇ ਘਰ ਹੋਇਆ ਜੋ ਭੱਟੀ ਦਾ ਸਰਦਾਰ ਸੀ। ਦੁਲੇ ਦਾ ਪਿੰਡ ਭੱਟੀਆਂ ਲਾਹੌਰ ਇਸਲਾਮਾਬਾਦ ਰੋਡ ‘ਤੇ ਹੈ, ਕਿਹਾ ਜਾਂਦਾ ਉਸੇ ਦਿਨ ਰਾਜਾ ਅਕਬਰ ਦੇ ਘਰ ਸ਼ਹਿਜ਼ਾਦਾ ਸ਼ੇਖੂ ਦਾ ਜਨਮ ਹੋਇਆ।

ਨਜੂਮੀਆਂ ਨੇ ਰਾਜੇ ਨੂੰ ਦੱਸਿਆ ਕਿ ਤੁਹਾਡਾ ਪੁੱਤ ਵੱਡਾ ਹੋ ਕੇ ਇਨਸਾਫਪਸੰਦ ਤੇ ਬਹਾਦਰ ਬਣੇਗਾ ਜੇ ਇਸ ਨੂੰ ਉਸ ਮਾਂ ਦਾ ਦੁੱਧ ਪਿਲਾਇਆ ਜਾਵੇ ਜੋ ਉਸਦੇ ਰਾਜ ਵਿੱਚ ਉਸੇ ਦਿਨ ਜਿਸ ਦੇ ਬੱਚਾ ਪੈਦਾ ਹੋਇਆ ਹੋਵੇਗਾ। ਪੜਤਾਲ ਕਰਨ ‘ਤੇ ਪਤਾ ਲਗਾ ਕਿ ਜਿਸ ਫਰੀਦ ਭੱਟੀ ਨੂੰ ਮਾਰਿਆ ਸੀ ਉਸੇ ਦੀ ਪਤਨੀ ਦੇ ਘਰ ਉਸੇ ਦਿਨ ਐਤਵਾਰ ਪੁੱਤ ਜੰਮਿਆ ਹੈ। ਰਾਜੇ ਨੇ ਸ਼ੇਖੂ ਨੂੰ ਲੱਧੀ ਕੋਲ ਪਾਲਣ ਪੋਸ਼ਣ ਲਈ ਭੇਜ ਦਿਤਾ। ਦੁੱਲਾ ਤੇ ਸ਼ੇਖੂ ਦੋਵੇਂ ਲੱਧੀ ਦਾ ਦੁੱਧ ਚੁੰਘਦੇ ਹੋਏ ਭਰਾਵਾਂ ਵਾਂਗ ਵੱਡੇ ਹੋਏ। ਇਕਠੇ ਕੁਸ਼ਤੀ ਕਰਦੇ, ਤੀਰ ਚਲਾਉਦੇ ਤੇ ਘੋੜੀਆਂ ‘ਤੇ ਚੜਦੇ।

ਬਾਰਾਂ ਸਾਲ ਹੋਣ ‘ਤੇ ਦੁਲੇ ਤੇ ਸ਼ੇਖੂ ਨੂੰ ਰਾਜੇ ਨੇ ਦਰਬਾਰ ਵਿੱਚ ਬੁਲਾਇਆ ਗਿਆ। ਉਸਨੇ ਦੋਹਾਂ ਦੇ ਤੀਰ ਅੰਦਾਜੀ, ਘੋੜਸਵਾਰੀ ਤੇ ਤਲਵਾਰਬਾਜ਼ੀ ਦੇ ਮੁਕਾਬਲੇ ਕਰਾਏ ਤੇ ਜਿਸ ਵਿੱਚ ਦੁੱਲਾ ਜਿਤਦਾ ਰਿਹਾ। ਰਾਜੇ ਨੇ ਲੱਧੀ ਨੂੰ ਬੁਲਾ ਕੇ ਗੁੱਸੇ ਵਿੱਚ ਪੁੱਛਿਆ ਕਿ ਮੇਰਾ ਸ਼ੇਖੂ ਕਿਉ ਹਾਰਦਾ ਹੈ। ਉਸਨੇ ਜੁਆਬ ਦਿੱਤਾ ਕਿ ਸੱਜੇ ਪਾਸੇ ਤੋਂ ਦੁੱਲੇ ਨੂੰ ਤੇ ਖੱਬੇ ਪਾਸੇ ਤੋਂ ਸ਼ੇਖੂ ਨੂੰ ਦੁੱਧ ਪਿਲਾਉਦੀ ਰਹੀ ਹਾਂ।

ਉਸ ਨੇ ਕੁਝ ਸੋਚ ਕੇ ਕਿਹਾ ਤੇਰਾ ਕਸੂਰ ਮਾਫ ਕਰਦਾ ਹਾਂ ਕਿਉਕਿ ਤੂੰ ਸ਼ੇਖੂ ਨੂੰ ਪਾਲਿਆ ਹੈ।ਲੱਧੀ ਨੇ ਦੁੱਲੇ ਨੂੰ ਕਾਜੀ ਤੋਂ ਪੜਨ ਲਈ ਭੇਜਿਆ ਪਰ ਕਾਜੀ ਦੀ ਕਟੜ ਪੜਾਈ ਤੋਂ ਤੰਗ ਆ ਕੇ ਦੁਲੇ ਨੇ ਉਸਨੂੰ ਕੁੱਟ ਕੇ ਭਜਾ ਦਿੱਤਾ। ਜਦੋਂ ਅਕਬਰ ਬਾਦਸ਼ਾਹ ਨੇ ਜਬਰੀ ਮਾਮਲਾ ਇਕਠਾ ਕਰਨਾ ਸ਼ੁਰੂ ਕੀਤਾ ਸੀ ਤਾਂ ਦੁੱਲੇ ਦੇ ਬਾਪ ਤੇ ਦਾਦਾ ਵਲੋਂ ਮਾਲੀਆ ਨਾ ਦੇਣ ਨਾਂਹ ਕਰਨ ਤੇ ਅਕਬਰ ਨੇ ਉਨ੍ਹਾਂ ਦੇ ਸਿਰ ਵੱਢ ਕੇ ਉਨ੍ਹਾਂ ਵਿੱਚ ਘਾਹ ਫੂਸ ਭਰ ਕੇ ਦਿੱਲੀ ਦੇ ਕਿਲੇ ਦੇ ਬਾਹਰ ਟੰਗਵਾਂ ਦਿੱਤੇ ਸਨ।

- Advertisement -

ਇਕ ਦਿਨ ਦੁੱਲਾ ਗੁਲੇਲ ਨਾਲ ਨੰਦੀ ਮਰਾਸਣ ਦਾ ਘੜਾ ਤੋੜ ਦਿੰਦਾ ਹੈ ਉਹ ਉਸਨੂੰ ਮਹਿਣਾ ਮਾਰਦੀ ਹੈ, “ਜੇ ਏਨਾ ਸੂਰਮਾ ਹੈ ਤਾਂ ਬਾਪ ਦਾਦੇ ਦਾ ਬਦਲਾ ਕਿਉਂ ਨਹੀਂ ਲੈਂਦਾ।” ਇਹ ਸੁਣ ਕੇ ਦੁੱਲੇ ਦਾ ਕਾਲਜਾ ਮਚ ਉਠਦਾ ਹੈ। ਉਹ ਘਰ ਆ ਕੇ ਮਾਂ ਤੋਂ ਸਾਰੀ ਗੱਲ ਜਾਣ ਕੇ ਕਹਿੰਦਾ ਹੈ, “ਮੈਂ ਬੁਜ਼ਦਿਲ ਨਹੀਂ, ਆਪਣੇ ਬਾਪ ਦਾ ਬਦਲਾ ਲਵਾਂਗਾ, ਮੈਨੂੰ ਬਾਪ ਦੀ ਕੋਈ ਨਿਸ਼ਾਨੀ ਦੇਹ।”

ਮਾਂ ਨੇ ਘਰ ਦੀ ਪਿਛਲੀ ਕੋਠੜੀ ਖੋਲੀ ਤਾਂ ਦੁਲੇ ਨੇ ਬਾਪ ਦਾ ਨੇਜਾ ਤੇ ਨਗਾਰਾ ਬਾਹਰ ਕੱਢ ਲਿਆ। ਦੁਲੇ ਨੇ ਨਗਾਰੇ ਉਤੇ ਏਨੀ ਜੋਰ ਨਾਲ ਚੋਟ ਲਾਈ ਕਿ ਉਸਦੀ ਧਮਕ ਪਿੰਡ ਤੋਂ ਬਾਹਰ ਦੂਰ ਦੂਰ ਤੱਕ ਸੁਣਾਈ ਦਿੱਤੀ।

ਸੌਲਾਂ ਵਰਿਆਂ ਪਿਛੋਂ ਲੋਕਾਂ ਨੂੰ ਨਗਾਰੇ ਦੀ ਅਵਾਜ ਸੁਣਾਈ ਦਿਤੀ ਜੋ ਇਕ ਸਰਕਾਰ ਨੂੰ ਚਣੌਤੀ ਸੀ। ਦੁਲੇ ਨੇ ਸਾਥੀਆਂ ਨਾਲ ਮਿਲ ਕੇ ਪਹਿਲੀ ਵੰਗਾਰ ਚੰਦੜਾਂ ਦੇ ਸ਼ਾਹ ਨੁੰ ਲੁਟ ਕੇ ਦੂਜੀ ਸੁਦਾਗਰ ਦੇ ਅਰਬੀ ਘੋੜੇ ਖੋਹ ਕੇ ਤੀਜੀ ਮੋਦੇ ਖੱਤਰੀ ਨੂੰ ਲੁੱਟ ਕੇ ਚੌਥੀ ਅਕਬਰ ਦੀ ਬੇਗਮ ਜੋ ਮੱਕੇ ਜਾ ਰਹੀ ਸੀ ਉਸ ਨੂੰ ਲੁੱਟ ਕੇ ਅਤੇ ਉਸਦੀ ਗੁੱਤ ਮੁੰਨ ਕੇ ਪਾਈ, ਈਰਾਨ ਦੇ ਸ਼ਾਹ ਵਲੋਂ ਰਾਜੇ ਨੂੰ ਭੇਜੇ ਤੋਹਫੇ ਵੀ ਰਾਹ ਵਿਚ ਲੁੱਟ ਲਏ।

ਇਲਾਕੇ ਦਾ ਜਗੀਰਦਾਰ ਬਾਹਮਣ ਦੀ ਧੀ ਸੁੰਦਰੀ ਮੁੰਦਰੀ ਨੂੰ ਜਬਰੀ ਰਖੇਲ ਬਣਾ ਕੇ ਰੱਖਣਾ ਚਾਹੁੰਦਾ ਸੀ, ਦੁਲਾ ਉਸ ਨੂੰ ਧੀ ਬਣਾ ਕੇ ਵਿਆਹੁਉਂਦਾ ਹੈ ਸਾਰੇ ਬਰਾਤੀਆਂ ਨੂੰ ਸੇਰ ਸੇਰ ਸ਼ਕਰ ਪਾਉਂਦਾ ਹੈ। ਜਗੀਰਦਾਰ ਦੇ ਗੁੰਡੇ ਕੁੜੀ ਦੇ ਰਤੇ ਸਾਲੂ ਨੂੰ ਹੱਥ ਪਾਉਂਦੇ ਹਨ ਤਾਂ ਉਹ ਸਾਰਿਆਂ ਦੇ ਸੌ ਸੌ ਛਿਤਰ ਮਾਰਦਾ ਹੈ।ਅਕਬਰ ਦੇ ਭੇਜੇ ਜਰਨੈਲ ਨਿਜ਼ਾਮੂਦੀਨ ਨੇ 15,000 ਸੈਨਕਾਂ ਨਾਲ ਚਾਰ ਲੜਾਈਆਂ ਵਿੱਚ ਵੀ ਸਫਲਤਾ ਨਾ ਮਿਲਦੀ ਵੇਖ ਕੇ, ਦੁਲੇ ਨੂੰ ਧਰਮ ਦਾ ਭਰਾ ਬਣਾ ਕੇ ਧੋਖੇ ਨਾਲ ਰਾਜੇ ਨਾਲ ਗਲਬਾਤ ਕਰਨ ਦੇ ਬਹਾਨੇ ਖਾਣੇ ‘ਚ ਨਸ਼ਾ ਮਿਲਾ ਕੇ ਬੇਹੋਸ਼ ਕਰਕੇ ਲਿਜਾਇਆ ਜਾਂਦਾ ਹੈ ਤੇ ਹੋਸ਼ ਆਉਣ ਤੇ ਜ਼ਹਿਰ ਖਾ ਕੇ ਆਤਮ ਹਤਿਆ ਕਰ ਲੈਂਦਾ ਹੈ ਪਰ ਖੋਜਾਂ ਮੁਤਾਬਿਕ ਰਾਜੇ ਨੇ ਅਣਖ ਦੇ ਪ੍ਰਤੀਕ ਦੁਲੇ ਨੂੰ ਤੀਹ ਸਾਲ ਦੀ ਉਮਰ(1599) ਵਿਚ ਫਾਂਸੀ ਲਵਾ ਦਿੱਤਾ ਸੀ। ਉਸ ਦੀਆਂ ਆਖਰੀ ਰਸਮਾਂ ਸੂਫੀ ਸੰਤ ਸ਼ਾਹ ਹੁਸੈਨ ਨੇ ਨਿਭਾਈਆਂ। ਉਸ ਦੀ ਕਬਰ ਲਾਹੌਰ ਦੇ ਮਿਆਣੀ ਸਾਹਿਬ ਕਬਰਿਸਤਾਨ ‘ਚ ਬਣੀ ਹੋਈ ਹੈ।

Share this Article
Leave a comment