ਪੰਜਾਬ ਦੇ ਚਾਰ ਜਵਾਨਾਂ ਦੀ ਸ਼ਹਾਦਤ : ਕੀ ਭਾਰਤ ਅਤੇ ਚੀਨ ਦੇ ਸੰਬੰਧ ਸੁਖਾਵੇਂ ਰਹਿਣਗੇ?

TeamGlobalPunjab
4 Min Read

-ਅਵਤਾਰ ਸਿੰਘ

ਪੰਜਾਬ ਦੇ ਵੱਖ ਵੱਖ ਜ਼ਿਲਿਆਂ ਦੇ ਪਿੰਡਾਂ ਵਿੱਚ ਚਾਰ ਫੌਜੀ ਜਵਾਨਾਂ ਦੇ ਸਿਵੇ ਬਲਦੇ ਦੇਖ ਕੇ ਦਿਲ ਕੰਬ ਰਿਹਾ ਹੈ। ਕੁਝ ਚੈਨਲ ਉਨ੍ਹਾਂ ਦੀਆਂ ਅੰਤਿਮ ਰਸਮਾਂ ਦਾ ਸਿੱਧਾ ਪ੍ਰਸਾਰਣ ਦਿਖਾ ਰਹੇ ਹਨ। ਇਹ ਦੇਖ ਕੇ ਹਰ ਪੰਜਾਬੀ ਦੀ ਅੱਖ ਨਮ ਸੀ। ਇਹ ਦਰਦਨਾਕ ਦ੍ਰਿਸ਼ ਦੇਖ ਕੇ ਹਰ ਮਾਂ, ਭੈਣ, ਪਤਨੀ ਅਤੇ ਹੋਰ ਰਿਸ਼ਤੇਦਾਰਾਂ ਦਾ ਦਿਲ ਰੋ ਰਿਹਾ ਹੈ। ਸ਼ਹੀਦ ਹੋਏ ਇਨ੍ਹਾਂ ਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਜੀਵਨ ਦੀਆਂ ਸੱਧਰਾਂ ਅਧੂਰੀਆਂ ਰਹਿ ਗਈਆਂ ਹਨ। ਕਿਸੇ ਨੇ ਅਜੇ ਜੰਞ ਚੜਣਾ ਸੀ ਅਤੇ ਕਿਸੇ ਨੇ ਆਪਣੀ ਧੀ, ਪੁੱਤਰ ਦੀ ਜੰਞ ਚੜ੍ਹਦੀ ਦੇਖਣੀ ਸੀ। ਕਿਸੇ ਨੇ ਆਪਣੇ ਬੁੱਢੇ ਮਾਂ ਬਾਪ ਦਾ ਅਖੀਰਲਾ ਸਫਰ ਸੁਖਾਲਾ ਬਣਾਉਣਾ ਸੀ ਅਤੇ ਕਿਸੇ ਨੇ ਘਰ ਬੈਠੀ ਆਪਣੀ ਕੋਠੇ ਜਿੱਡੀ ਭੈਣ ਲਈ ਵਰ ਲੱਭਣਾ ਸੀ। ਉਨ੍ਹਾਂ ਦੀਆਂ ਇਹ ਆਸਾਂ ਉਮੀਦਾਂ 15-16 ਜੂਨ ਦੀ ਦਰਮਿਆਨੀ ਰਾਤ ਨੂੰ ਪੂਰਬੀ ਲੱਦਾਖ ਦੀ ਗਲਵਾਨ ਘਾਟੀ ਵਿਚ ਭਾਰਤ-ਚੀਨ ਦੀਆਂ ਫੌਜੀ ਝੜਪਾਂ ਵਿਚ 20 ਭਾਰਤੀ ਫੌਜੀਆਂ ਦੇ ਮਾਰੇ ਜਾਣ ਨਾਲ ਮੁੱਕ ਗਈਆਂ।

ਚੀਨੀ ਫੌਜ ਨਾਲ ਝੜਪਾਂ ਦੌਰਾਨ ਮਰਨ ਵਾਲੇ 20 ਭਾਰਤੀ ਫੌਜੀਆਂ ਵਿਚੋਂ 4 ਜਣੇ ਪੰਜਾਬ ਨਾਲ ਸਬੰਧਤ ਸਨ। ਇਨ੍ਹਾਂ ਵਿਚੋਂ ਦੋ ਜੇਸੀਓ ਰੈਂਕ ਦੇ ਅਧਿਕਾਰੀ ਨਾਇਬ ਸੂਬੇਦਾਰ ਸਨ ਅਤੇ ਦੂਜੇ ਦੋ ਸਿਪਾਹੀ ਹਨ। ਰਿਪੋਰਟਾਂ ਮੁਤਾਬਕ ਸ਼ਹੀਦ ਹੋਣ ਵਾਲਿਆਂ ਵਿਚ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਤ ਨਾਇਬ ਸੂਬੇਦਾਰ ਸਤਨਾਮ ਸਿੰਘ, ਪਟਿਆਲਾ ਜ਼ਿਲ੍ਹੇ ਨਾਲ ਸਬੰਧਤ ਨਾਇਬ ਸੂਬੇਦਾਰ ਮਨਦੀਪ ਸਿੰਘ, ਸੰਗਰੂਰ ਜ਼ਿਲ੍ਹੇ ਨਾਲ ਸਬੰਧਤ ਸਿਪਾਹੀ ਗੁਰਵਿੰਦਰ ਸਿੰਘ ਅਤੇ ਮਾਨਸਾ ਜ਼ਿਲ੍ਹੇ ਨਾਲ ਸਬੰਧਤ ਗੁਰਤੇਜ ਸਿੰਘ ਹਨ। ਸਿਪਾਹੀ ਗੁਰਵਿੰਦਰ ਸਿੰਘ ਤਹਿਸੀਲ ਸੁਨਾਮ ਦੇ ਪਿੰਡ ਤੋਲਾਵਾਲ ਦਾ ਰਹਿਣ ਵਾਲਾ ਸੀ। ਇਹ 22 ਸਾਲਾ ਨੌਜਵਾਨ ਢਾਈ ਸਾਲ ਪਹਿਲਾਂ ਹੀ ਤੀਜੀ ਪੰਜਾਬ ਰੈਜਮੈਂਟ ਵਿੱਚ ਭਰਤੀ ਹੋਇਆ ਸੀ।

ਹੁਣ ਦੇਖਣਾ ਇਹ ਹੈ ਕਿ ਭਾਰਤ ਦੇ ਇਹ 20 ਜਵਾਨ ਤਾਂ ਸ਼ਹਾਦਤ ਦਾ ਜਾਮ ਪੀ ਗਏ ਹਨ। ਇਸ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਰਿਸ਼ਤੇ ਕਿਸ ਤਰ੍ਹਾਂ ਦੇ ਰਹਿੰਦੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ 2014 ਵਿੱਚ ਅਹਿਮਦਾਬਾਦ ਮੁਲਾਕਾਤ ਹੋਵੇ ਜਾਂ 2019 ਵਿਚ ਮਹਾਬਲੀਪੁਰਮ ਵਿੱਚ ਇਕੱਠੀ ਕੀਤੀ ਸੈਰ, ਉਦੋਂ ਦੋਵਾਂ ਦੇਸ਼ਾਂ ਵਿਚਕਾਰ ਰਿਸ਼ਤੇ ਸਾਜ਼ਗਾਰ ਲਗ ਰਹੇ ਸਨ। ਪਰ ਹੁਣ ਦੋਵਾਂ ਵਿੱਚ ਕੁੜੱਤਣ ਅਤੇ ਟਕਰਾਅ ਵਾਲੀ ਸਥਿਤੀ ਬਣ ਗਈ ਲਗਦੀ ਹੈ।

- Advertisement -

ਮਾਹਿਰਾਂ ਦਾ ਕਹਿਣਾ ਹੈ ਕਿ ਭਾਰਤ ਅਤੇ ਚੀਨ ਵਿਚਕਾਰ ਰਿਸ਼ਤੇ ਠੀਕ ਹੋਣੇ ਬਹੁਤ ਮੁਸ਼ਕਲ ਲਗ ਰਹੇ ਹਨ। 20 ਜਵਾਨਾਂ ਦੇ ਸ਼ਹੀਦ ਹੋਣ ਨਾਲ ਦੋਵਾਂ ਦੇ ਸੰਬੰਧਾਂ ਉਪਰ ਬਹੁਤ ਮਾੜਾ ਅਸਰ ਪਿਆ ਹੈ। ਵਿਸ਼ਵਾਸ ਬਹਾਲ ਹੋਣ ਦੇ ਆਸਾਰ ਮੱਧਮ ਜਾਪ ਰਹੇ ਹਨ। ਚੀਨ ਦੇ ਖਿਲਾਫ ਬਣੀ ਇਕ ਕੌਮੀ ਧਾਰਨਾ ਦਾ ਕਾਰੋਬਾਰ ਉਪਰ ਵੀ ਅਸਰ ਪਵੇਗਾ। ਚੀਨ ਦੇ ਬਣੇ ਸਾਮਾਨ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਅਜਿਹੇ ਵਿੱਚ ਸੰਬੰਧ ਸੁਧਰਨੇ ਆਸਾਨ ਨਹੀਂ ਹਨ। ਹਾਲਾਂਕਿ ਕੂਟਨੀਤੀ ਅਤੇ ਕਾਰੋਬਾਰ ਚਲਦੇ ਰਹਿੰਦੇ ਹਨ ਪਰ ਬਾਹਰੀ ਤੌਰ ‘ਤੇ ਗਰਮਜੋਸ਼ੀ ਨਹੀਂ ਰਹਿੰਦੀ। ਕਾਰੋਬਾਰੀ ਨਿਰਭਰਤਾ ਵਧਣ ਨਾਲ ਜੋ ਲੋਕਾਂ ਦਾ ਸੰਪਰਕ ਵਧਿਆ ਸੀ ਉਸ ਦੇ ਆਉਣ ਵਿੱਚ ਸਮਾਂ ਲਗੇਗਾ।

ਭਾਰਤ ਅਤੇ ਚੀਨ ਆਪਸੀ ਸਹਿਯੋਗੀ ਵੀ ਹਨ ਅਤੇ ਮੁਕਾਬਲੇਬਾਜ਼ੀ ਵੀ। ਅਜਿਹੇ ਹਾਲਾਤ ਵਿੱਚ ਜੇ ਸੰਬੰਧ ਵਿਗੜਦੇ ਹਨ ਤਾਂ ਚੀਨ ਭਾਰਤ ਲਈ ਚੈਂਲੇਂਜ ਬਣਦਾ ਹੈ, ਤਾਂ ਭਾਰਤ ਕੋਲ ਉਸ ਦਾ ਸਾਹਮਣਾ ਕਰਨ ਅਤੇ ਸੰਤੁਲਨ ਬਣਾਉਣ ਲਈ ਕਿਹੜੇ ਬਦਲ ਹੋਣਗੇ?

Share this Article
Leave a comment