ਕਿਸਾਨ ਅੰਦੋਲਨ ਰਹੇਗਾ ਜਾਰੀ, 29 ਨਵੰਬਰ ਨੂੰ ਸੰਸਦ ਤੱਕ ਹੋਵੇਗਾ ਟਰੈਕਟਰ ਮਾਰਚ: ਸੰਯੁਕਤ ਕਿਸਾਨ ਮੋਰਚਾ

TeamGlobalPunjab
2 Min Read

ਨਵੀਂ ਦਿੱਲੀ: ਸੰਯੁਕਤ ਕਿਸਾਨ ਮੋਰਚਾ ਨੇ ਅੱਜ ਮੀਟਿੰਗ ਤੋਂ ਬਾਅਦ ਕਿਸਾਨੀ ਅੰਦੋਲਨ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਮੀਟਿੰਗ ਤੋਂ ਬਾਅਦ ਪ੍ਰੈੱਸ ਕਾਨਫਰੰਸ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਤਿੰਨੇ ਖੇਤੀ ਕਾਨੂੰਨ ਰੱਦ ਕਰਨ ਦੇ ਐਲਾਨ ਬਾਰੇ ਚਰਚਾ ਕੀਤੀ ਗਈ ਹੈ। ਰਾਜੇਵਾਲ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਵੱਲ਼ੋਂ ਪਹਿਲਾਂ ਤੋਂ ਜੋ ਪ੍ਰੋਗਰਾਮ ਤੈਅ ਕੀਤੇ ਗਏ ਸਨ, ਉਹ ਪਹਿਲਾਂ ਵਾਂਗ ਹੀ ਜਾਰੀ ਰਹਿਣਗੇ।

22 ਨਵੰਬਰ ਨੂੰ ਲਖਨਊ ਵਿੱਚ ਕਿਸਾਨ ਮਹਾਂਪੰਚਾਇਤ ਹੋਵੇਗੀ। 26 ਨਵੰਬਰ ਨੂੰ ਸਾਰੇ ਬਾਰਡਰਾਂ ‘ਤੇ ਵੱਡਾ ਇਕੱਠ ਹੋਵੇਗਾ ਅਤੇ 29 ਨਵੰਬਰ ਨੂੰ ਪਾਰਲੀਮੈਂਟ ਕੂਚ ਹੋਵੇਗਾ। ਰਾਜੇਵਾਲ ਨੇ ਕਿਹਾ ਕਿ 22 ਨਵੰਬਰ ਤੋਂ 29 ਨਵੰਬਰ ਤੱਕ ਪ੍ਰੋਗਰਾਮ ਪਹਿਲਾਂ ਵਾਂਗ ਹੀ ਰਹਿਣਗੇ।

29 ਨਵੰਬਰ ਦੇ ਪ੍ਰੋਗਰਾਮ ਤੋਂ ਪਹਿਲਾਂ 27 ਨਵੰਬਰ ਨੂੰ ਸੰਯੁਕਤ ਕਿਸਾਨ ਮੋਰਚਾ ਦੀ ਇੱਕ ਮੀਟਿੰਗ ਹੋਵੇਗੀ। 27 ਨਵੰਬਰ ਨੂੰ ਸਵੇਰੇ 11 ਵਜੇ ਕਜ਼ਾਰੀਆ ਵਿੱਚ ਮੁੜ ਮੀਟਿੰਗ ਕੀਤੀ ਜਾਵੇਗੀ। ਉਸ ਵੇਲੇ ਤੱਕ ਜੋ ਹਾਲਾਤ ਬਣਨਗੇ, ਉਸ ਬਾਰੇ ਫੈਸਲਾ ਲਿਆ ਜਾਵੇਗਾ।

ਆਗੂਆਂ ਨੇ ਦੱਸਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਖੁੱਲ੍ਹੀ ਚਿੱਠੀ ਲਿਖੀ ਜਾਵੇਗੀ, ਜਿਸ ਵਿੱਚ ਜੋ ਮੰਗਾਂ ਬਕਾਇਆ ਰਹਿ ਗਈਆਂ ਹਨ, ਉਸ ਬਾਰੇ ਜ਼ਿਕਰ ਕੀਤਾ ਜਾਵੇਗਾ। ਐੱਮਐੱਸਪੀ ਦੀ ਕਮੇਟੀ ਕਿਸ ਤਰ੍ਹਾਂ ਦੀ ਹੋਵੇਗੀ, ਉਸਦਾ ਅਧਿਕਾਰ ਖੇਤਰ ਕੀ ਹੋਵੇਗਾ, ਉਸਦੀ ਸਮਾਂ ਸੀਮਾ ਕੀ ਹੋਵੇਗੀ, ਉਹ ਕਮੇਟੀ ਕੀ-ਕੀ ਕਰੇਗੀ, ਉਸ ‘ਤੇ ਚਰਚਾ ਕਰਨ ਲਈ ਲਿਖਿਆ ਜਾਵੇਗਾ। ਕਮੇਟੀ ਵਿੱਚ ਜਿੰਨੇ ਮੈਂਬਰ ਸਾਡੇ ਹੋਣਗੇ, ਓਨੇ ਹੀ ਮੈਂਬਰ ਸਰਕਾਰ ਦੇ ਹੋਣਗੇ ਪਰ ਕਿੰਨੇ ਮੈਂਬਰ ਹੋਣਗੇ, ਇਹ ਹਾਲੇ ਤੈਅ ਕਰਨਾ ਬਾਕੀ ਹੈ।

- Advertisement -

Share this Article
Leave a comment