ਡਿਪੋਰਟ ਕੀਤੇ ਜਾਣ ਦੇ ਹੁਕਮ ਤੋਂ ਬਾਅਦ ਵਿਦਿਆਰਥੀਆਂ ਨੇ ਡਾਊਨਟਾਊਨ ‘ਚ ਕੀਤਾ ਰੋਸ ਪ੍ਰਦਰਸ਼ਨ

Rajneet Kaur
3 Min Read

ਟੋਰਾਂਟੋ: ਕੈਨੇਡਾ ਵਿੱਚ ਪੜ੍ਹ ਰਹੇ ਭਾਰਤੀ ਵਿਦਿਆਰਥੀਆਂ ਦੇ ਸਾਹਮਣੇ ਇੱਕ ਵੱਡੀ ਸਮੱਸਿਆ ਆ ਗਈ ਹੈ। ਕੈਨੇਡਾ ਨੇ 700 ਭਾਰਤੀ ਵਿਦਿਆਰਥੀਆਂ ਨੂੰ ਦੇਸ਼ ਨਿਕਾਲੇ ਦੇ ਨੋਟਿਸ ਜਾਰੀ ਕੀਤੇ ਹਨ। ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਵਿਦਿਆਰਥੀਆਂ ਦੇ ਦਾਖ਼ਲੇ ਦੇ ਆਫ਼ਰ ਲੈਟਰ ਫਰਜ਼ੀ ਪਾਏ ਗਏ ਹਨ। ਇੰਨ੍ਹਾਂ ਵਿਦਿਆਰਥੀਆਂ ਨੂੰ ਕੈਨੇਡਾ ਬਾਰਡਰ ਸਕਿਓਰਿਟੀ ਏਜੰਸੀ (ਸੀਬੀਐਸਏ) ਤੋਂ ਦੇਸ਼ ਨਿਕਾਲੇ ਦੇ ਪੱਤਰ ਮਿਲੇ ਹਨ। ਜਾਅਲੀ ਆਫਰ ਲੈਟਰ ਜ਼ਰੀਏ ਕੈਨੇਡਾ ਦਾ ਸੱਟਡੀ ਵੀਜ਼ਾ ਹਾਸਿਲ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਦਰਜਨਾਂ ਭਾਰਤੀ ਮੂਲ ਦੇ ਵਿਦਿਆਰਥੀਆਂ ਵਲੋਂ  ਟੋਰਾਂਟੋ ਡਾਊਨਟਾਊਨ ਵਿਖੇ ਇੱਕ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤਾ ਗਿਆ। ਇਨ੍ਹਾਂ ਵਿਦਿਆਰਥੀਆਂ ਦਾ ਦਾਅਵਾ ਹੈ ਕਿ ਏਜੰਟ ਵਲੋਂ ਕੀਤੀ ਧੋਖੇਬਾਜੀ ਕਾਰਨ ਉਨ੍ਹਾਂ ਦਾ ਭਵਿੱਖ ਦਾਅ ‘ਤੇ ਲੱਗ ਗਿਆ ਹੈ। ਇਹ ਵੀ ਦਸ ਦਈਏ ਕਿ   ਇੰਡੀਆ ਵਿੱਚ ਏਜੰਟ ਵੀ ਫਰਾਰ ਦੱਸਿਆ ਜਾ ਰਿਹਾ ਹੈ।

ਇਨ੍ਹਾਂ ਵਿਦਿਆਰਥੀਆਂ ਨੂੰ ਕੈਨੇਡਾ ਛੱਡਣ ਦੇ ਹੁਕਮ ਹੋਏ ਹਨ ਤੇ ਇਸ ਮਾਮਲੇ ਵਿੱਚ ਇਹ ਵਿਦਿਆਰਥੀ ਆਪਣੇ ਆਪ ਨੂੰ ਬੇਕਸੂਰ ਦੱਸ ਰਹੇ ਹਨ। ਲਗਭਗ 50 ਪ੍ਰਭਾਵਿਤ ਵਿਦਿਆਰਥੀਆਂ ਨੇ ਲਗਭਗ ਦੋ ਘੰਟੇ ਲੰਬੇ ਪ੍ਰਦਰਸ਼ਨ ਵਿੱਚ ਹਿੱਸਾ ਲਿਆ, ਅਤੇ ਨੌਜਵਾਨ ਸਪੋਰਟ ਨੈਟਵਰਕ ਵਰਗੀਆਂ ਹੋਰ ਸੰਸਥਾਵਾਂ ਨੇ ਇੰਨ੍ਹਾਂ ਵਿਦਿਆਰਥੀਆਂ ਦਾ ਸਾਥ ਦਿਤਾ। ਉਨ੍ਹਾਂ ਨੇ ਹੱਥਾਂ ‘ਚ ਬੈਨਰ ਫੜੇ ਹੋਏ ਸਨ ਕਿ ਅਸੀ ਪੀੜਿਤ ਹਾਂ ਦੋਸ਼ੀ ਨਹੀਂ। ਪ੍ਰਭਾਵਿਤ ਜ਼ਿਆਦਾਤਰ ਵਿਦਿਆਰਥੀ ਪੰਜਾਬ ਦੇ ਹਨ।

ਇਹ ਭਾਰਤੀ ਵਿਦਿਆਰਥੀ ਸਾਲ 2018-2019 ਵਿੱਚ ਕੈਨੇਡਾ ਵਿੱਚ ਪੜ੍ਹਨ ਲਈ ਗਏ ਸਨ। ਕਥਿਤ ਧੋਖਾਧੜੀ ਦਾ ਖੁਲਾਸਾ ਉਦੋਂ ਹੋਇਆ ਜਦੋਂ ਇੱਕ ਵਿਅਕਤੀ ਨੇ ਸਥਾਈ ਨਿਵਾਸੀ ਲਈ ਅਰਜ਼ੀ ਦਿੱਤੀ। ਇਸ ਤੋਂ ਬਾਅਦ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਜਾਂਚ ਸ਼ੁਰੂ ਕੀਤੀ ਅਤੇ ਇਸ ਦੌਰਾਨ ਕਾਲਜ ਵਿੱਚ ਦਾਖ਼ਲੇ ਲਈ ਜਮ੍ਹਾਂ ਕਰਵਾਏ ਗਏ ਦਸਤਾਵੇਜ਼ ਜਾਅਲੀ ਪਾਏ ਗਏ ਸਨ।

ਜਲੰਧਰ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੇ ਕਥਿਤ ਤੌਰ ‘ਤੇ ਜਾਅਲੀ ਦਸਤਾਵੇਜ਼ ਜਾਰੀ ਕਰਨ ਵਾਲੇ ਟਰੈਵਲ ਏਜੰਟ ਦੇ ਦਫ਼ਤਰ ਦਾ ਪਤਾ ਲਗਾਇਆ ਹੈ। ਪੁਲਿਸ  ਨੇ ਦੱਸਿਆ ਕਿ ਦਫ਼ਤਰ ਸਿਟੀ ਬੱਸ ਡਿਪੂ ਦੇ ਨੇੜੇ ਸਥਿਤ ਹੈ ਪਰ ਛੇ ਮਹੀਨਿਆਂ ਤੋਂ ਬੰਦ ਪਿਆ ਹੈ। ਅਧਿਕਾਰੀਆਂ ਨੇ ਅੱਗੇ ਕਿਹਾ ਕਿ ਉਹ ਹੋਰ ਵੇਰਵਿਆਂ ਦੀ ਪੁਸ਼ਟੀ ਕਰ ਰਹੇ ਹਨ ਪਰ ਅਜੇ ਤੱਕ ਇਸ ਮਾਮਲੇ ਵਿੱਚ ਕੋਈ ਸ਼ਿਕਾਇਤ ਨਹੀਂ ਮਿਲੀ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment