ਸਾਵਧਾਨ! ਸੋਸ਼ਲ ਮੀਡੀਆ ‘ਤੇ ਸਰਗਰਮ ਹੋਏ ਠੱਗ, ਕੈਨੇਡਾ ‘ਚ ਮੁਫਤ ਨੌਕਰੀ ‘ਤੇ ਰਿਹਾਇਸ਼ ਦਾ ਦਿੱਤਾ ਜਾ ਰਿਹੈ ਲਾਲਚ

Prabhjot Kaur
3 Min Read

ਟੋਰਾਂਟੋ: ਕੈਨੇਡਾ ‘ਚ ਜਾ ਕੇ ਵਸਣ ਦੇ ਚਾਹਵਾਨ ਨੌਜਵਾਨਾਂ ਨੂੰ ਠੱਗਣ ਲਈ ਠੱਗ ਸੋਸ਼ਲ ਮੀਡੀਆ ‘ਤੇ ਵੀ ਸਰਗਰਮ ਹੋ ਚੁੱਕੇ ਹਨ। ਕੈਨੇਡਾ ਸਰਕਾਰ ਦੀ ਭਰਤੀ ਨਾਲ ਸਬੰਧਤ ਫ਼ਰਜ਼ੀ ਇਸ਼ਤਿਹਾਰ ਵਟਸਐਪ ਅਤੇ ਫੇਸਬੁੱਕ ‘ਤੇ ਵਾਇਰਲ ਹੁੰਦੇ ਅਕਸਰ ਦੇਖੇ ਜਾ ਸਕਦੇ ਹਨ, ਜਿਸ ਦੇ ਮੱਦੇਨਜ਼ਰ ਕੈਨੇਡਾ ਸਰਕਾਰ ਨੇ ਲੋਕਾਂ ਨੂੰ ਸੁਚੇਤ ਕੀਤਾ ਹੈ ਕਿ ਉਹ ਕਿਸੇ ਝਾਂਸੇ ‘ਚ ਨਾਂ ਆਉਣ। ਉੱਥੇ ਹੀ ਟੈਕ ਟ੍ਰਾਂਸਪੇਰੈਂਸੀ ਪ੍ਰਾਜੈਕਟ ਨੇ ਮੇਟਾ ਨੂੰ ਅਪੀਲ ਕੀਤੀ ਹੈ ਕਿ ਠੱਗਾਂ ਦੇ ਇਸ਼ਤਿਹਾਰਾਂ ਨੂੰ ਸੋਸ਼ਲ ਮੀਡੀਆ ਤੋਂ ਹਟਾਇਆ ਜਾਵੇ।

ਟੈਕ ਟ੍ਰਾਂਸਪੇਰੈਂਸੀ ਪ੍ਰਾਜੈਕਟ ਵੱਲੋਂ ਹੀ ਵੱਡੀਆਂ ਕੰਪਨੀਆਂ ਦੀ ਜਵਾਬਦੇਹੀ ਤੈਅ ਕੀਤੀ ਜਾਂਦੀ ਹੈ ਅਤੇ ਇਸ ਦੀ ਪੜਤਾਲ ਮੁਤਾਬਕ ਖੁਦ ਨੂੰ ਇਮੀਗ੍ਰੇਸ਼ਨ ਵਕੀਲ ਦੱਸਣ ਵਾਲੇ ਕੁਝ ਠੱਗ ਕੈਨੇਡਾ ‘ਚ ਰੁਜ਼ਗਾਰ, ਰਿਹਾਇਸ਼ ਅਤੇ ਮੁਫ਼ਤ ਸਫ਼ਰ ਵਰਗੇ ਲਾਲਚ ਦੇ ਰਹੇ ਹਨ। ਇਮੀਗ੍ਰੇਸ਼ਨ ਵਕੀਲ ਬਣ ਕੇ ਬੈਠੇ ਠੱਗਾਂ ਵੱਲੋਂ ਸ਼ਰਤ ਰੱਖੀ ਜਾਂਦੀ ਹੈ ਕਿ ਪਹਿਲਾਂ ਸਬੰਧਤ ਬਿਨੈਕਾਰ ਆਪਣੇ ਦੋਸਤਾਂ ਨੂੰ ਵਟਸਐਪ ਰਾਹੀਂ ਵੈਬਸਾਈਟ ‘ਤੇ ਆਉਣ ਦਾ ਸੱਦਾ ਦੇਣ, ਫਿਰ ਉਸ ਦੀ ਵੀਜ਼ਾ ਅਰਜ਼ੀ ਅੱਗੇ ਵਧਾਈ ਜਾਵੇਗੀ। ਇਸ ਤਰੀਕੇ ਨਾਲ ਵੱਡੀ ਗਿਣਤੀ ‘ਚ ਲੋਕਾਂ ਦੀ ਨਿੱਜੀ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ।

ਕੈਨੇਡਾ ਸਰਕਾਰ ਨੇ ਲੋਕਾਂ ਨੂੰ ਸੁਚੇਤ ਕੀਤਾ ਹੈ ਕਿ ਪਨਾਮਾ ਸਥਿਤ ਕੈਨੇਡੀਅਨ ਅੰਬੈਸੀ ਦੇ ਨਾਂ ਤੇ ਕੁਝ ਇਸ਼ਤਿਹਾਰ ਸੋਸ਼ਲ ਮੀਡੀਆ ‘ਤੇ ਪ੍ਰਕਾਸ਼ਿਤ ਕੀਤੇ ਜਾ ਰਹੇ ਹਨ। ਫੈਡਰਲ ਸਰਕਾਰ ਦਾ ਇਨ੍ਹਾਂ ਇਸ਼ਤਿਹਾਰਾਂ ਨਾਲ ਕੋਈ ਲੈਣਾ ਦੇਣਾ ਨਹੀਂ ਅਤੇ ਕੈਨੇਡਾ ‘ਚ ਨੌਕਰੀ ਦੇ ਨਾਮ ‘ਤੇ ਕੋਈ ਵੀ ਵਿਅਕਤੀ ਆਪਣੀ ਨਿੱਜੀ ਜਾਣਕਾਰੀ ਨਾਂ ਦੇਵੇ। ਇਸ ਦੌਰਾਨ ਟੈਕ ਟ੍ਰਾਂਸਪੇਰੈਂਸੀ ਪ੍ਰਾਜੈਕਟ ਨੇ ਕਿਹਾ ਕਿ ਫੇਸਬੁੱਕ ਚਲਾਉਣ ਵਾਲੀ ਮੇਟਾ ਇਨ੍ਹਾਂ ਠੱਗਾਂ ਬਾਰੇ ਚੰਗੀ ਤਰ੍ਹਾਂ ਜਾਣਦੀ ਹੈ ਪਰ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਸਿਰਫ਼ ਐਨਾ ਹੀ ਨਹੀਂ ਗੂਗਲ ਵੀ ਇਨ੍ਹਾਂ ਫ਼ਰਜ਼ੀ ਵੈਬਸਾਈਟਸ ਨੂੰ ਚਲਾਉਣ ਵਿਚ ਮਦਦ ਕਰ ਰਿਹਾ ਹੈ। ਦੁਨੀਆਂ ਦੇ ਕੋਨੇ ਕੋਨੇ ਵਿਚ ਬੈਠੇ ਨੌਜਵਾਨਾਂ ਦਾ ਧਿਆਨ ਖਿੱਚਣ ਲਈ ਦਾਅਵਾ ਕੀਤਾ ਜਾਂਦਾ ਹੈ ਕਿ ਕੈਨੇਡਾ ਸਰਕਾਰ 4.5 ਲੱਖ ਪਰਵਾਸੀਆਂ ਨੂੰ ਨੌਕਰੀ ਦੇ ਰਹੀ ਹੈ। 16 ਸਾਲ ਤੋਂ ਵੱਧ ਉਮਰ ਦੇ ਸਾਰੇ ਪ੍ਰਵਾਸੀਆਂ ਨੂੰ ਮੁਫ਼ਤ ਰਿਹਾਇਸ਼ ਦਿਤੀ ਜਾਵੇਗੀ ਅਤੇ ਆਵਾਜਾਈ ਦਾ ਵੀ ਕੋਈ ਖਰਚਾ ਨਹੀਂ ਦੇਣਾ ਪਵੇਗਾ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment