ਐਮਸਟਰਡਮ : ਨੀਦਰਲੈਂਡ ਦੇ ਐਮਸਟਰਡਮ ਵਿੱਚ ਸ਼ਨੀਵਾਰ ਤੜਕੇ ਯਹੂਦੀ ਭਾਈਚਾਰੇ ਨਾਲ ਸਬੰਧਤ ਇੱਕ ਸਕੂਲ ਵਿੱਚ ਧਮਾਕਾ ਹੋਇਆ, ਜਿਸ ਨਾਲ ਇਮਾਰਤ ਨੂੰ ਨੁਕਸਾਨ ਪਹੁੰਚਿਆ। ਹਮਲੇ ਤੋਂ ਬਾਅਦ ਸ਼ਹਿਰ ਭਰ ਵਿੱਚ ਸੁਰੱਖਿਆ ਅਤੇ ਚੌਕਸੀ ਵਧਾ ਦਿੱਤੀ ਗਈ ਹੈ।
ਸਕਾਈ ਨਿਊਜ਼ ਨੇ ਡੱਚ ਮੀਡੀਆ ਦੇ ਹਵਾਲੇ ਨਾਲ ਦੱਸਿਆ ਕਿ ਐਮਸਟਰਡਮ ਦੀ ਮੇਅਰ ਫੇਮਕੇ ਹਾਲਸੇਮਾ ਨੇ ਇਸ ਘਟਨਾ ਨੂੰ ਯਹੂਦੀ ਭਾਈਚਾਰੇ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਹਮਲਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਐਮਸਟਰਡਮ ਵਿੱਚ ਯਹੂਦੀ ਲੋਕ ਲਗਾਤਾਰ ਵਧ ਰਹੀਆਂ ਯਹੂਦੀ-ਵਿਰੋਧੀ ਘਟਨਾਵਾਂ ਦਾ ਸਾਹਮਣਾ ਕਰ ਰਹੇ ਹਨ, ਜੋ ਕਿ ਪੂਰੀ ਤਰ੍ਹਾਂ ਅਸਵੀਕਾਰਨਯੋਗ ਹੈ।
ਪੁਲਿਸ ਅਤੇ ਫਾਇਰ ਬ੍ਰਿਗੇਡ ਵਿਭਾਗ ਨੇ ਮੌਕੇ ‘ਤੇ ਪਹੁੰਚ ਕੇ ਜਲਦ ਹੀ ਸਥਿਤੀ ‘ਤੇ ਕਾਬੂ ਪਾਇਆ। ਹਾਲਾਂਕਿ, ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਹੋਇਆ ਹੈ ਜਾਂ ਨਹੀਂ।
ਇਹ ਹਮਲਾ ਅਜਿਹੇ ਸਮੇਂ ਵਿੱਚ ਹੋਇਆ ਹੈ ਜਦੋਂ ਪੱਛਮੀ ਏਸ਼ੀਆ ਵਿੱਚ ਤਣਾਅ ਚਰਮ ਸੀਮਾ ‘ਤੇ ਹੈ। ਅਮਰੀਕਾ ਅਤੇ ਇਜ਼ਰਾਈਲ ਇੱਕ ਪਾਸੇ, ਜਦਕਿ ਈਰਾਨ ਅਤੇ ਹਿਜ਼ਬੁੱਲਾ ਦੂਜੇ ਪਾਸੇ ਆਹਮੋ-ਸਾਹਮਣੇ ਹਨ, ਅਤੇ ਖੇਤਰ ਵਿੱਚ ਲਗਾਤਾਰ ਬੰਬਾਰੀ ਅਤੇ ਫੌਜੀ ਕਾਰਵਾਈ ਜਾਰੀ ਹੈ।
ਇਸ ਤੋਂ ਪਹਿਲਾ ਸ਼ੁੱਕਰਵਾਰ ਤੜਕੇ ਡੱਚ ਬੰਦਰਗਾਹ ਸ਼ਹਿਰ ਰੌਟਰਡੈਮ ਵਿੱਚ ਇੱਕ ਸਿਨੇਗੌਗ (ਯਹੂਦੀ ਪ੍ਰਾਰਥਨਾ ਸਥਾਨ) ਦੇ ਪ੍ਰਵੇਸ਼ ਦੁਆਰ ‘ਤੇ ਧਮਾਕਾ ਹੋਇਆ, ਜਿਸ ਨਾਲ ਉੱਥੇ ਮਾਮੂਲੀ ਅੱਗ ਲੱਗ ਗਈ। ਪੁਲਿਸ ਨੇ ਇਸ ਮਾਮਲੇ ਨੂੰ ਅੱਗਜ਼ਨੀ ਮੰਨ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਅਨੁਸਾਰ, ਇਸ ਹਮਲੇ ਵਿੱਚ ਕੋਈ ਜ਼ਖਮੀ ਨਹੀਂ ਹੋਇਆ ਅਤੇ ਅੱਗ ‘ਤੇ ਜਲਦੀ ਕਾਬੂ ਪਾ ਲਿਆ ਗਿਆ।

