ਨਿਊਜ਼ ਡੈਸਕ: ਇਜ਼ਰਾਈਲ ਨੇ ਹਮਾਸ ਦੇ ਫੌਜੀ ਵਿੰਗ ਦੇ ਮੁਖੀ ਇਜ਼ ਅਲ-ਦੀਨ ਅਲ-ਹਦਾਦ ਨੂੰ ਹਵਾਈ ਹਮਲੇ ਵਿਚ ਮਾਰ ਦਿੱਤਾ ਹੈ। ਇਜ਼ਰਾਈਲੀ ਫੌਜ ਨੇ ਪਿਛਲੇ ਸ਼ਨੀਵਾਰ ਦਾਅਵਾ ਕੀਤਾ ਸੀ ਕਿ ਅਲ-ਦੀਨ ਅਲ-ਹਦਾਦ ਆਖਰੀ ਬਾਕੀ ਚੋਟੀ ਦੇ ਕਮਾਂਡਰਾਂ ਵਿੱਚੋਂ ਇੱਕ ਸੀ ਜਿਸ ਨੇ 7 ਅਕਤੂਬਰ, 2023 ਨੂੰ ਇਜ਼ਰਾਈਲ ‘ਤੇ ਵੱਡੇ ਹਮਲੇ ਦੀ ਯੋਜਨਾ ਬਣਾਈ ਸੀ। ਦੂਜੇ ਪਾਸੇ ਹਮਾਸ ਨੇ ਵੀ ਸੋਸ਼ਲ ਮੀਡੀਆ ਰਾਹੀਂ ਅਲ-ਹਦਾਦ ਦੀ ਮੌਤ ਦੀ ਪੁਸ਼ਟੀ ਕੀਤੀ ਹੈ।
ਇਜ਼ਰਾਇਲੀ ਫੌਜ ਮੁਤਾਬਕ ਅਲ-ਹਦਾਦ ਪਿਛਲੇ ਸ਼ੁੱਕਰਵਾਰ ਨੂੰ ਗਾਜ਼ਾ ‘ਚ ਹਵਾਈ ਹਮਲੇ ‘ਚ ਮਾਰਿਆ ਗਿਆ ਸੀ। ਉਹ ਹਮਾਸ ਦਾ ਸੀਨੀਅਰ ਫੌਜੀ ਰਣਨੀਤੀਕਾਰ ਸੀ, ਜਿਸ ਨੇ ਇਜ਼ਰਾਈਲ ‘ਤੇ ਅਕਤੂਬਰ 2023 ਦੇ ਹਮਲੇ ਦੀ ਯੋਜਨਾ ਬਣਾਉਣ ਅਤੇ ਉਸ ਨੂੰ ਅੰਜ਼ਾਮ ਦੇਣ ਵਿਚ ਅਹਿਮ ਭੂਮਿਕਾ ਨਿਭਾਈ ਸੀ। ਉਸ ਹਮਲੇ ਵਿੱਚ, ਦੱਖਣੀ ਇਜ਼ਰਾਈਲ ਵਿੱਚ ਲਗਭਗ 1,200 ਲੋਕ ਬੇਰਹਿਮੀ ਨਾਲ ਮਾਰੇ ਗਏ ਸਨ, ਜਦੋਂ ਕਿ 250 ਤੋਂ ਵੱਧ ਇਜ਼ਰਾਈਲੀਆਂ ਨੂੰ ਅਗਵਾ ਕਰ ਲਿਆ ਗਿਆ ਸੀ।
ਰਿਪੋਰਟ ਮੁਤਾਬਿਕ ਮੁਹੰਮਦ ਸਿਨਵਰ ਦੀ ਮੌਤ ਤੋਂ ਬਾਅਦ ਅਲ-ਹਦਾਦ ਨੇ ਹਮਾਸ ਦੇ ਮਿਲਟਰੀ ਵਿੰਗ ਦੀ ਕਮਾਨ ਸੰਭਾਲ ਲਈ ਹੈ। ਇਜ਼ਰਾਈਲ ਨੇ ਦੋਸ਼ ਲਗਾਇਆ ਹੈ ਕਿ ਯੁੱਧ ਦੌਰਾਨ ਅਲ-ਹਦਾਦ ਨੇ ਆਪਣੇ ਆਪ ਨੂੰ ਹਮਲਿਆਂ ਤੋਂ ਬਚਾਉਣ ਲਈ ਵਾਰ-ਵਾਰ ਇਜ਼ਰਾਈਲੀ ਬੰਧਕਾਂ ਨੂੰ ਢਾਲ ਵਜੋਂ ਵਰਤਿਆ।
ਅਲ-ਹਦਾਦ ਦੇ ਪਰਿਵਾਰ ਨੇ ਪੁਸ਼ਟੀ ਕੀਤੀ ਹੈ ਕਿ ਗਾਜ਼ਾ ਹਮਲੇ ਵਿਚ ਉਸ ਦੀ ਪਤਨੀ ਅਤੇ ਧੀ ਸਮੇਤ ਛੇ ਹੋਰ ਲੋਕ ਮਾਰੇ ਗਏ ਸਨ। ਇਜ਼ਰਾਈਲ ਨਾਲ ਜੰਗ ਦੌਰਾਨ ਅਲ-ਹਦਾਦ ਦੇ ਦੋ ਪੁੱਤਰ ਪਹਿਲਾਂ ਹੀ ਮਾਰੇ ਗਏ ਸਨ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

