ਹਥਿਆਰਬੰਦ ਬਲਾਂ ਵਿੱਚ ਮਹਿਲਾਵਾਂ ਲਈ ਬਰਾਬਰ ਮੌਕੇ

TeamGlobalPunjab
7 Min Read

-ਡਾ. ਅਜੈ ਕੁਮਾਰ*

ਉਂਜ ਤਾਂ ਅੰਗ੍ਰੇਜ਼ਾਂ ਦੇ ਵੇਲੇ ਤੋਂ ਹੀ ਵੱਖ-ਵੱਖ ਸੇਵਾਵਾਂ ਲਈ ਭਾਰਤੀ ਰੱਖਿਆ ਬਲਾਂ ਵਿੱਚ ਮਹਿਲਾਵਾਂ ਦੀ ਭਰਤੀ ਹੁੰਦੀ ਰਹੀ ਹੈ ਪਰ ਉਨ੍ਹਾਂ ਦੀਆਂ ਭੂਮਿਕਾਵਾਂ ਨਰਸਿੰਗ ਅਤੇ ਮੈਡੀਕਲ ਅਫਸਰਾਂ, ਜਾਂ ਤੈਨਾਤੀ ਸਮੇਂ ਫੌਜਾਂ, ਪਰਿਵਾਰਾਂ ਅਤੇ ਜਨਤਾ ਦੀ ਦੇਖਭਾਲ਼ ਨਾਲ ਹੀ ਸਬੰਧਿਤ ਸਨ। ਹਾਲਾਂਕਿ ਸਰੀਰ ਕ੍ਰਿਆ-ਵਿਗਿਆਨ (ਫਿਜ਼ੀਓਲੋਜੀ), ਮਾਤ੍ਰਤਵ ਅਤੇ ਸਰੀਰਕ ਕਾਰਨਾਂ ਨੂੰ ਲੈ ਕੇ ਭਾਰਤੀ ਹਥਿਆਰਬੰਦ ਬਲਾਂ ਦੇ ਕੁਝ ਸੈਕਸ਼ਨਾਂ ਦੇ ਸਰੋਕਾਰਾਂ ਕਾਰਨ ਮਹਿਲਾਵਾਂ ਨੂੰ ਸਮਾਨ ਅਧਿਕਾਰ ਨਹੀਂ ਮਿਲੇ ਸਨ।

ਸਰਕਾਰ ਨੇ ਮਹਿਲਾਵਾਂ ਅਤੇ ਉਨ੍ਹਾਂ ਅੰਦਰ ਮੌਜੂਦ ਸਮਰੱਥਾ ਨੂੰ ਭਾਰਤੀ ਰੱਖਿਆ ਬਲਾਂ ਦੇ ਗੌਰਵਸ਼ਾਲੀ ਅਤੇ ਲਾਜ਼ਮੀ ਹਿੱਸੇ ਵਜੋਂ ਮਾਨਤਾ ਦਿੱਤੀ। ਇਸ ਤਰ੍ਹਾਂ, ਪਿਛਲੇ ਛੇ ਸਾਲਾਂ ਵਿੱਚ, ਸਰਕਾਰ ਨੇ ਭਾਰਤੀ ਰੱਖਿਆ ਬਲਾਂ ਵਿੱਚ ਮਹਿਲਾਵਾਂ ਨੂੰ ਵਧੇਰੇ ਅਵਸਰ ਪ੍ਰਦਾਨ ਕਰਨ ਦੇ ਨਾਲ-ਨਾਲ ਸੇਵਾ ਵਿੱਚ ਮਹਿਲਾ-ਪੁਰਸ਼ ਲਈ ਸੇਵਾ ਦੀਆਂ ਸ਼ਰਤਾਂ ਵਿੱਚ ਸਮਾਨਤਾ ਲਿਆਉਣ ਲਈ ਵੀ ਕਈ ਉਪਰਾਲੇ ਕੀਤੇ ਹਨ। ਅੱਜ, ਭਾਰਤੀ ਰੱਖਿਆ ਬਲਾਂ ਦੇ ਅੰਦਰ ਮਹਿਲਾਵਾਂ ਬਹੁਤ ਸਸ਼ਕਤ ਹਨ, ਫਿਰ ਚਾਹੇ ਇਹ ਇੰਡੀਅਨ ਆਰਮੀ ਹੋਵੇ, ਇੰਡੀਅਨ ਨੇਵੀ ਜਾਂ ਇੰਡੀਅਨ ਏਅਰ ਫੋਰਸ। ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਦੇ ਇਨ੍ਹਾਂ ਸ਼ਬਦਾਂ ਵਿੱਚੋਂ ਸਰਕਾਰ ਦਾ ਵਿਜ਼ਨ ਸਪਸ਼ਟ ਹੁੰਦਾ ਹੈ, “ਭਾਰਤ ਸਰਕਾਰ ਸਾਡੇ ਹਥਿਆਰਬੰਦ ਬਲਾਂ ਵਿੱਚ ‘ਮਹਿਲਾ ਸ਼ਕਤੀ’ ਨੂੰ ਸਸ਼ਕਤ ਕਰਨ ਲਈ ਕੰਮ ਕਰ ਰਹੀ ਹੈ ਅਤੇ ਅਸੀਂ ਇਸ ਦਿਸ਼ਾ ਵਿੱਚ ਅੱਗੇ ਵਧਣ ਲਈ ਪ੍ਰਤੀਬੱਧ ਹਾਂ।”

ਆਜ਼ਾਦੀ ਮਿਲਣ ਤੋਂ ਬਾਅਦ ਸਾਲ 1992 ਵਿੱਚ ਮਹਿਲਾ ਸਪੈਸ਼ਲ ਐਂਟਰੀ ਸਕੀਮ (ਡਬਲਿਊਐੱਸਈਜ਼) ਰਾਹੀਂ ਭਾਰਤੀ ਫੌਜ ਵਿੱਚ ਮਹਿਲਾ ਅਫਸਰਾਂ ਦੀ ਭਰਤੀ ਸ਼ੁਰੂ ਹੋਈ। ਫਰਵਰੀ 2019 ਵਿੱਚ, ਆਰਮੀ ਨੇ ਅੱਠ ਸਟ੍ਰੀਮਸ, ਜਿਵੇਂ ਕਿ- ਸਿਗਨਲਸ, ਇੰਜੀਨੀਅਰਸ, ਆਰਮੀ ਏਵੀਏਸ਼ਨ, ਆਰਮੀ ਏਅਰ ਡਿਫੈਂਸ, ਇਲੈਕਟ੍ਰੌਨਿਕਸ ਤੇ ਮਕੈਨੀਕਲ ਇੰਜੀਨੀਅਰਸ, ਆਰਮੀ ਸਰਵਿਸ ਕੋਰ, ਆਰਮੀ ਆਰਡੀਨੈਂਸ ਕੋਰ ਅਤੇ ਇੰਟੈਲੀਜੈਂਸ ਵਿੱਚ ਮਹਿਲਾ ਅਫਸਰਾਂ ਨੂੰ ਸਥਾਈ ਕਮਿਸ਼ਨ ਦਿੱਤਾ। ਇਸ ਤੋਂ ਪਹਿਲਾਂ 2008 ਵਿੱਚ ਜੇਏਜੀ ਅਤੇ ਏਈਸੀ (JAG ਅਤੇ AEC) ਸਟ੍ਰੀਮਸ ਲਈ ਸਥਾਈ ਕਮਿਸ਼ਨ ਦਿੱਤਾ ਗਿਆ ਸੀ। ਸਰਕਾਰ ਨੇ ਇਹ ਵੀ ਸੁਨਿਸ਼ਚਿਤ ਕੀਤਾ ਹੈ ਕਿ ਮਹਿਲਾ ਅਫ਼ਸਰਾਂ ਅਤੇ ਉਨ੍ਹਾਂ ਦੇ ਪੁਰਸ਼ ਹਮਰੁਤਬਿਆਂ ਲਈ ਸੇਵਾ ਸ਼ਰਤਾਂ ਵਿੱਚ ਜੋ ਫਰਕ ਹੈ, ਉਸ ਨੂੰ ਦੂਰ ਕੀਤਾ ਜਾਵੇ। ਭਾਰਤੀ ਫੌਜ ਵਿੱਚ ਮਹਿਲਾਵਾਂ ਅੱਗੇ ਵਧ ਕੇ ਅਗਵਾਈ ਕਰ ਰਹੀਆਂ ਹਨ।

ਇੱਥੋਂ ਤੱਕ ਕਿ ਭਾਰਤੀ ਜਲ ਸੈਨਾ ਵਿੱਚ ਤਾਂ 2008 ਤੋਂ ਹੀ ਸਿੱਖਿਆ ਸ਼ਾਖਾ, ਕਾਨੂੰਨ ਅਤੇ ਨੇਵਲ ਕੰਸਟ੍ਰਕਟਰਸ ਕਾਡਰਸ ਵਿੱਚ ਮਹਿਲਾਵਾਂ ਲਈ ਸਥਾਈ ਕਮਿਸ਼ਨ ਨੂੰ ਮਨਜ਼ੂਰੀ ਦਿੱਤੀ ਗਈ ਸੀ, ਪਰ ਅਦਾਲਤਾਂ ਵਿੱਚ ਕੁਝ ਮੁਕੱਦਮੇਬਾਜ਼ੀ ਹੋ ਜਾਣ ਕਰਕੇ ਇਸ ਨੂੰ ਅਕਤੂਬਰ, 2020 ਵਿੱਚ ਹੀ ਲਾਗੂ ਕੀਤਾ ਜਾ ਸਕਿਆ। ਇਸ ਸਦਕਾ, ਪਹਿਲੀ ਵਾਰ 41 ਮਹਿਲਾਵਾਂ ਨੂੰ ਯੋਗਤਾ ਦੇ ਅਧਾਰ ‘ਤੇ ਸਥਾਈ ਕਮਿਸ਼ਨ ਦਿੱਤਾ ਗਿਆ ਹੈ। ਦਰਅਸਲ, ਇੰਡੀਅਨ ਨੇਵੀ ਵਿੱਚ ਸਥਾਈ ਕਮਿਸ਼ਨ ਹੁਣ ਅਮਲੀ ਤੌਰ ਤੇ ਇੰਡੀਅਨ ਨੇਵੀ ਦੀਆਂ ਸਾਰੀਆਂ ਸ਼ਾਖਾਵਾਂ ਲਈ ਉਪਲੱਬਧ ਹੈ।

ਨਾ ਕੇਵਲ ਸਥਾਈ ਕਮਿਸ਼ਨ ਦੀ ਪ੍ਰਵਾਨਗੀ ਹੀ, ਸਰਕਾਰ ਨੇ ਮਹਿਲਾ ਅਫਸਰਾਂ ਲਈ ਮੌਕਿਆਂ ਵਿੱਚ ਵੀ ਵਾਧਾ ਕੀਤਾ ਹੈ, ਜਿਵੇਂ – ਦਸੰਬਰ 2019 ਵਿੱਚ ਡੋਰਨੀਅਰ ਏਅਰਕ੍ਰਾਫਟ ਲਈ ਨੇਵਲ ਪਾਇਲਟ ਵਜੋਂ ਪਹਿਲੀ ਮਹਿਲਾ ਅਧਿਕਾਰੀ ਦੀ ਸਲੈਕਸ਼ਨ ਹੋਈ, ਸਤੰਬਰ 2020 ਵਿੱਚ ਪਹਿਲੀ ਵਾਰ ਸੀ ਕਿੰਗ ਹੈਲੀਕੌਪਟਰਸ ਵਿੱਚ ਦੋ ਮਹਿਲਾ ਔਬਜ਼ਰਵਰ ਅਧਿਕਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ, ਚਾਰ ਮਹਿਲਾ ਅਫਸਰਾਂ ਨੂੰ ਇੰਡੀਅਨ ਨੇਵੀ ਦੇ ਸਮੁੰਦਰੀ ਜਹਾਜ਼ ਵਿੱਚ ਡਿਊਟੀ ’ਤੇ ਤੈਨਾਤ ਕੀਤਾ ਗਿਆ ਹੈ, ਇੱਕ ਮਹਿਲਾ ਅਧਿਕਾਰੀ ਨੂੰ ਪਹਿਲੀ ਵਾਰ ਰਿਮੋਟ ਪਾਇਲਟ ਏਅਰਕ੍ਰਾਫਟ ਵਿੱਚ ਭੇਜਿਆ ਗਿਆ ਹੈ ਅਤੇ ਨਵਿਕਾ ਸਾਗਰ ਪਰਿਕਰਮਾ, ਗਲੋਬ ਦਾ ਹੁਣ ਤੱਕ ਦਾ ਪਹਿਲਾ ਭਾਰਤੀ ਪ੍ਰੋਜੈਕਟ ਹੈ ਜਿਸ ਵਿੱਚ ਇੰਡੀਅਨ ਨੇਵੀ ਦੀਆਂ ਮਹਿਲਾ ਅਧਿਕਾਰੀਆਂ ਦੀ ਇੱਕ ਟੀਮ ਨੇ 2017-18 ਵਿੱਚ ਇੰਡੀਅਨ ਨੇਵੀ ਦੀ ਇੱਕ ਨੌਕਾ, ਇੰਡੀਅਨ ਨੇਵੀ ਸੇਲਿੰਗ ਵੈਸਲ(ਆਈਐੱਨਐੱਸਵੀ) ਤਾਰਿਨੀ ਦੇ ਨਾਲ ਦੁਨੀਆ ਦਾ ਚੱਕਰ ਲਗਾਇਆ। ਇਸ ਮੁਹਿੰਮ ਨੇ ਨੇਵਲ ਫੀਲਡ ਵਿੱਚ ਮਹਿਲਾ ਸ਼ਕਤੀ ਦਾ ਪ੍ਰਦਰਸ਼ਨ ਕੀਤਾ।

ਇੰਡੀਅਨ ਏਅਰ ਫੋਰਸ ਵਿੱਚ ਮਹਿਲਾ ਅਫਸਰਾਂ ਦਾ ਪਹਿਲਾ ਬੈਚ 1993 ਵਿੱਚ ਸ਼ਾਮਲ ਕੀਤਾ ਗਿਆ ਸੀ। ਟ੍ਰਾਂਸਪੋਰਟ ਅਤੇ ਹੈਲੀਕੌਪਟਰ ਸਟ੍ਰੀਮਸ ਵਿੱਚ ਮਹਿਲਾ ਪਾਇਲਟਾਂ ਦੇ ਪਹਿਲੇ ਬੈਚ ਨੂੰ ਦਸੰਬਰ 1994 ਵਿੱਚ ਕਮਿਸ਼ਨ ਕੀਤਾ ਗਿਆ ਸੀ।

ਜਦੋਂਕਿ, ਇੰਡੀਅਨ ਏਅਰ ਫੋਰਸ ਨੇ ਮਹਿਲਾਵਾਂ ਲਈ ਸਾਰੀਆਂ ਸ਼ਾਖਾਵਾਂ ਵਿੱਚ ਭਰਤੀ 2016 ਵਿੱਚ ਖੋਲ੍ਹੀ। ਨਤੀਜੇ ਵਜੋਂ, ਭਾਰਤ ਨੂੰ 2016 ਵਿੱਚ ਆਪਣੀ ਪਹਿਲੀ ਮਹਿਲਾ ਫਾਈਟਰ ਪਾਇਲਟ ਮਿਲੀ। ਸਤੰਬਰ 2020 ਤੱਕ, ਆਈਏਐੱਫ ਵਿੱਚ 1,875 ਮਹਿਲਾ ਅਧਿਕਾਰੀ ਹਨ ਜਿਨ੍ਹਾਂ ਵਿੱਚ 10 ਫਾਈਟਰ ਪਾਇਲਟ ਅਤੇ 18 ਨੈਵੀਗੇਟਰ ਸ਼ਾਮਲ ਹਨ।

ਆਈਏਐੱਫ ਵਿੱਚ ਕਈ ਮਹਿਲਾਵਾਂ ਨੇ ਆਪਣੀਆਂ ਉਪਲੱਬੀਆਂ ਨਾਲ ਦੇਸ਼ ਨੂੰ ਮਾਣ ਦਿਵਾਇਆ ਹੈ। 29 ਮਈ 2019 ਨੂੰ, ਫਲਾਈਟ ਲੈਫਟੀਨੈਂਟ ਭਾਵਨਾ ਕਾਂਤ ਦਿਨ-ਰਾਤ ਉਡਾਨ ਭਰਨ ਵਾਲੀ ਪਹਿਲੀ ਮਹਿਲਾ ਫਾਈਟਰ ਪਾਇਲਟ ਬਣੀ। ਸਾਰੰਗ ਫਾਰਮੇਸ਼ਨ ਐਰੋਬੈਟਿਕ ਡਿਸਪਲੇ ਟੀਮ ਨੂੰ ਫਲਾਈਟ ਲੈਫਟੀਨੈਂਟ ਦੀਪਿਕਾ ਮਿਸ਼ਰਾ ਆਪਣੀ ਪਹਿਲੀ ਮਹਿਲਾ ਪਾਇਲਟ ਵਜੋਂ ਮਿਲੀ।

ਮਈ 2019 ਵਿੱਚ ਫਲਾਈਟ ਲੈਫਟੀਨੈਂਟ ਪਾਰੁਲ ਭਾਰਦਵਾਜ, ਫਲਾਇੰਗ ਅਫਸਰ ਅਮਨ ਨਿਧੀ ਅਤੇ ਫਲਾਈਟ ਲੈਫਟੀਨੈਂਟ ਹਿਨਾ ਜੈਸਵਾਲ ਆਈਏਐੱਫ ਏਅਰਕ੍ਰਾਫਟ ਦੀ ਉਡਾਨ ਭਰਨ ਵਾਲਾ ਪਹਿਲਾ ਮਹਿਲਾ ਕਰੂ ਬਣ ਗਈਆਂ। ਫਾਈਟਰ ਕੰਟ੍ਰੋਲਰ ਵਜੋਂ ਸੁਕੈਡਰਨ ਲੀਡਰ ਮਿੰਟੀ ਅਗਰਵਾਲ ਨੂੰ 2019 ਵਿੱਚ ਕਸ਼ਮੀਰ ਦੇ ਅਸਮਾਨ ਵਿੱਚ ਦੁਸ਼ਮਣਾਂ ਦੇ ਮਨਸੂਬਿਆਂ ਨੂੰ ਨਾਕਾਮ ਕਰਨ ਵਿੱਚ ਆਪਣੀ ਭੂਮਿਕਾ ਲਈ ਯੁੱਧ ਸੇਵਾ ਮੈਡਲ ਪ੍ਰਦਾਨ ਕੀਤਾ ਗਿਆ। ਵਿੰਗ ਕਮਾਂਡਰ ਆਸ਼ਾ ਜਯੋਤਿਰਮਈ ਨੇ ਦੇਸ਼ ਵਿੱਚ ਸਭ ਤੋਂ ਵੱਧ ਪੈਰਾ ਜੰਪਸ ਲਗਾਉਣ ਦਾ ਰਿਕਾਰਡ ਆਪਣੇ ਨਾਮ ਕੀਤਾ।

ਸਰਕਾਰ ਨੇ ਸਾਲ 2017 ਵਿੱਚ ਸੈਨਿਕ ਸਕੂਲ ਵਿੱਚ ਲੜਕੀਆਂ ਲਈ ਦਾਖਲਾ ਖੋਲ੍ਹਿਆ। ਮਿਜ਼ੋਰਮ ਦਾ ਸੈਨਿਕ ਸਕੂਲ, ਛਿੰਗਛਿਪ, ਅਕੈਡਮਿਕ ਸੈਸ਼ਨ 2018-19 ਲਈ ਲੜਕੀਆਂ ਦਾ ਦਾਖ਼ਲਾ ਕਰਨ ਵਾਲਾ ਪਹਿਲਾ ਸੈਨਿਕ ਸਕੂਲ ਬਣ ਗਿਆ। ਬਾਲਿਕਾ ਕੈਡੇਟਾਂ ਨੇ ਸਰਗਰਮੀ ਨਾਲ ਸਾਰੀਆਂ ਗਤੀਵਿਧੀਆਂ ਵਿੱਚ ਹਿੱਸਾ ਲਿਆ, ਫਿਰ ਭਾਵੇਂ ਇਹ ਸਪੋਰਟਸ ਹੋਣ ਜਾਂ ਅਕੈਡਮਿਕਸ। ਉਨ੍ਹਾਂ ਨੇ ਸਾਰੀਆਂ ਗਤੀਵਿਧੀਆਂ ਵਿੱਚ ਉਤਕ੍ਰਿਸ਼ਟ ਪ੍ਰਦਰਸ਼ਨ ਕੀਤਾ।

ਪੰਜ ਹੋਰ ਸਕੂਲਾਂ, ਜਿਵੇਂ ਕਿ ਕਰਨਾਟਕ ਦੇ ਸੈਨਿਕ ਸਕੂਲ ਬੀਜਾਪੁਰ ਅਤੇ ਸੈਨਿਕ ਸਕੂਲ ਕੋਡਾਗੂ; ਮਹਾਰਾਸ਼ਟਰ ਦੇ ਸੈਨਿਕ ਸਕੂਲ ਚੰਦਰਪੁਰ; ਉੱਤਰਾਖੰਡ ਦੇ ਸੈਨਿਕ ਸਕੂਲ ਘੋੜਾਖਲ ਅਤੇ ਆਂਧਰ ਪ੍ਰਦੇਸ਼ ਦੇ ਸੈਨਿਕ ਸਕੂਲ ਕਲਿਕਿਰੀ ਨੂੰ 2020-21 ਤੋਂ ਅਤੇ ਬਾਕੀ ਸੈਨਿਕ ਸਕੂਲਾਂ ਨੂੰ 2021-22 ਦੇ ਅਕੈਡਮਿਕ ਸੈਸ਼ਨ ਤੋਂ ਲੜਕੀਆਂ ਦਾ ਦਾਖਲਾ ਸ਼ੁਰੂ ਕਰਨ ਲਈ ਕਹਿ ਦਿੱਤਾ ਗਿਆ ਸੀ।

ਸਰਕਾਰ ਦੇ ਇਨ੍ਹਾਂ ਉਪਰਾਲਿਆਂ ਸਦਕਾ ਭਾਰਤੀ ਰੱਖਿਆ ਬਲਾਂ ਵਿੱਚ ਮਹਿਲਾ ਅਫਸਰਾਂ ਖਿਲਾਫ਼ ਜੋ ਜੈਂਡਰ ਪੱਖਪਾਤ ਸੀ, ਉਹ ਦੂਰ ਹੋ ਗਿਆ ਹੈ। ਅੱਜ ਵਧੇਰੇ ਮਹਿਲਾਵਾਂ ਰੱਖਿਆ ਬਲਾਂ ਵਿੱਚ ਸ਼ਾਮਲ ਹੋ ਰਹੀਆਂ ਹਨ ਅਤੇ ਰਾਸ਼ਟਰ ਦੀ ਸੇਵਾ ਕਰ ਰਹੀਆਂ ਹਨ ਅਤੇ ਦੇਸ਼ ਨੂੰ ਮਾਣ ਮਹਿਸੂਸ ਕਰਾ ਰਹੀਆਂ ਹਨ।

*ਲੇਖਕ ਰੱਖਿਆ ਸਕੱਤਰ, ਭਾਰਤ ਸਰਕਾਰ ਹਨ।                                                                                                                     ****

Share This Article
Leave a Comment