ਕਿਸਾਨਾਂ ਲਈ ਮੁੱਲਵਾਨ ਜਾਣਕਾਰੀ : ਗਾਜਰ ਬੂਟੀ ਦੇ ਨੁਕਸਾਨ ਅਤੇ ਇਸ ਦੀ ਰੋਕਥਾਮ

TeamGlobalPunjab
6 Min Read

-ਵਿਵੇਕ ਕੁਮਾਰ

ਗਾਜਰ ਬੂਟੀ, ਜਿਸ ਨੂੰ ਕਾਂਗਰਸ ਘਾਹ, ਗਾਜਰ ਘਾਹ, ਸਫ਼ੈਦ ਟੋਪੀ ਅਤੇ ਪਾਰਥੀਨੀਅਮ ਬੂਟੀ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਇੱਕ ਖਤਰਨਾਕ ਨਦੀਨ ਹੈ ਜੋ ਕਿ ਅਣ-ਵਾਹੀਆਂ ਜ਼ਮੀਨਾਂ, ਖੇਤਾਂ ਵਿੱਚ ਵੱਟਾਂ, ਰਸਤਿਆਂ, ਸੜਕਾਂ ਦੇ ਕਿਨਾਰਿਆਂ, ਰੇਲਵੇ ਲਾਈਨਾ ਦੇ ਦੁਆਲੇ ਬਾਗਾਂ ਅਤੇ ਹੋਰ ਦਰੱਖਤਾਂ ਵਾਲੀਆਂ ਥਾਵਾਂ ਅਤੇ ਖਾਲੀ ਪਲਾਟਾਂ ਆਦਿ ਤੇ ਬਹੁਤ ਵੱਡੀ ਸਮੱਸਿਆ ਬਣਦਾ ਜਾ ਰਿਹਾ ਹੈ। ਇਸ ਨਦੀਨ ਦਾ ਬੀਜ 1955 ਵਿੱਚ ਅਮਰੀਕਾ ਤੋਂ ਆਯਾਤ ਕੀਤੀ ਕਣਕ ਦੇ ਨਾਲ ਭਾਰਤ ਪਹੁੰਚਿਆ ਸੀ ਜੋ ਅਗਲੇ 5 ਸਾਲਾਂ ਵਿੱਚ ਪੂਰੇ ਭਾਰਤ ਵਿੱਚ ਫ਼ੈਲ ਗਿਆ ਸੀ। ਹੁਣ ਤੱਕ ਇਹ ਨਦੀਨ ਤਕਰੀਬਨ 35 ਮਿਲੀਅਨ ਹੈਕਟੇਅਰ ਰਕਬੇ ਵਿੱਚ ਫ਼ੈਲ ਚੁੱਕਾ ਹੈ। ਪੰਜਾਬ ਵਿੱਚ ਵੀ ਇਸ ਬੂਟੀ ਦੀ ਬਹੁਤ ਭਰਮਾਰ ਹੈ ਅਤੇ ਅਜਿਹਾ ਕੋਈ ਵੀ ਇਲਾਕਾ ਨਹੀਂ ਜਿਥੇ ਇਹ ਬੂਟੀ ਨਾ ਮਿਲਦੀ ਹੋਵੇ। ਇਸ ਦੇ ਬੂਟੇ ਫਰਵਰੀ ਮਹੀਨੇ ਤੋਂ ਉੱਗਣਾ ਸ਼ੁਰੂ ਕਰਦੇ ਹਨ ਅਤੇ ਨਵੰਬਰ ਤੱਕ ਉੱਗਦੇ ਰਹਿੰਦੇ ਹਨ। ਇਸ ਬੂਟੀ ਦਾ ਇੱਕ ਪੌਦਾ 10000 ਤੋਂ ਲੈ ਕੇ 25000 ਬੀਜ ਪੈਦਾ ਕਰਨ ਦੀ ਸਮਰੱਥਾ ਰੱਖਦਾ ਹੈ। ਇਸ ਦੇ ਬੀਜ ਬਹੁਤ ਬਰੀਕ ਹੋਣ ਕਰਕੇ ਇੱਕ ਥਾਂ ਤੋਂ ਦੂਜੀ ਥਾਂ ਤੇ ਹਵਾ ਜਾਂ ਪਾਣੀ ਨਾਲ ਦੂਰ ਦੂਰ ਤੱਕ ਚਲੇ ਜਾਂਦੇ ਹਨ। ਇਸ ਬੂਟੀ ਦਾ ਸਭ ਤੋਂ ਜ਼ਿਆਦਾ ਵਾਧਾ ਬਰਸਾਤ ਦੇ ਮੌਸਮ ਵਿਚ ਹੁੰਦਾ ਹੈ। ਸਰਦੀਆਂ ਵਿਚ ਅਤੇ ਜ਼ਿਆਦਾ ਪਾਣੀ ਖੜ੍ਹਨ ਵਾਲੀ ਸਥਿਤੀ ਵਿੱਚ ਇਸ ਦੇ ਪੌਦੇ ਸੁੱਕ ਜਾਂਦੇ ਹਨ। ਇਸ ਦੇ ਪੌਦੇ 2 ਮੀਟਰ ਤੱਕ ਉਚਾਈ ਪ੍ਰਾਪਤ ਕਰ ਸਕਦੇ ਹਨ। ਸੂਰਜ ਦੀ ਰੌਸ਼ਨੀ ਅਤੇ ਤਾਪਮਾਨ ਦਾ ਕੋਈ ਜ਼ਿਆਦਾ ਅਸਰ ਨਾ ਹੋਣ ਕਰਕੇ ਇਹ ਨਦੀਨ ਹਰ ਤਰਾਂ ਦੇ ਵਾਤਾਵਰਨ ਵਿੱਚ ਹੋ ਸਕਦੇ ਹਨ ਅਤੇ ਸਾਲ ਵਿੱਚ ਤਕਰੀਬਨ 4-5 ਵਾਰ ਉੱਗਦੇ ਹਨ। ਜੜਾਂ ਦਾ ਵਿਸਥਾਰ ਡੂੰਘਾ ਹੋਣ ਕਰਕੇ ਇਹ ਨਦੀਨ ਘੱਟ ਪਾਣੀ ਵਾਲੇ ਸਥਾਨ ਤੇ ਬੜੀ ਅਸਾਨੀ ਨਾਲ ਹੋ ਜਾਂਦੇ ਹਨ। ਗਾਜਰ ਬੂਟੀ ਦਾ ਵਾਧਾ ਬਹੁਤ ਤੇਜੀ ਨਾਲ ਹੁੰਦਾ ਹੈ ਅਤੇ ਇਹ ਆਪਣੇ ਆਸ ਪਾਸ ਕਿਸੇ ਹੋਰ ਬੂਟੇ ਨੂੰ ਨਹੀਂ ਉੱਗਣ ਦਿੰਦਾ। ਸ਼ੁਰੂ ਵਿੱਚ ਇਹ ਨਦੀਨ ਸਿਰਫ਼ ਖਾਲੀ ਥਾਵਾਂ ਵਿੱਚ ਹੀ ਪਾਇਆ ਜਾਂਦਾ ਸੀ ਪਰੰਤੂ ਅੱਜ ਕੱਲ੍ਹ ਇਸ ਦਾ ਹਮਲਾ ਬਹੁਤ ਸਾਰੀਆਂ ਫ਼ਸਲਾਂ ਜਿਵੇਂ ਕਿ ਕਮਾਦ, ਸਿੱਧੀ ਬਿਜਾਈ ਵਾਲਾ ਝੋਨਾ, ਕਣਕ, ਬਰਸੀਮ, ਪੁਦੀਨਾ ਅਤੇ ਸਬਜੀਆਂ ਆਦਿ ਵਿੱਚ ਵੀ ਦੇਖਿਆ ਜਾਂਦਾ ਹੈ।

ਗਾਜਰ ਘਾਹ ਦੇ ਨੁਕਸਾਨ: ਇਹ ਨਦੀਨ ਮਨੁੱਖਾਂ ਵਿੱਚ ਕਈ ਤਰਾਂ ਦੇ ਰੋਗ ਜਿਵੇਂ ਕਿ ਅਲਰਜੀ, ਦਮਾ, ਬੁਖਾਰ, ਨਜ਼ਲਾ, ਜ਼ੁਕਾਮ ਅਤੇ ਚਮੜੀ ਦੇ ਰੋਗ ਉਤਪੰਨ ਕਰਦਾ ਹੈ। ਪਸ਼ੂਆਂ ਲਈ ਵੀ ਇਹ ਨਦੀਨ ਖਤਰਨਾਕ ਹੈ ਕਿਉਂਕਿ ਇਸ ਦੇ ਸੰਪਰਕ ਵਿੱਚ ਆਉਣ ਤੇ ਪਸ਼ੂ ਵੀ ਚਮੜੀ ਰੋਗ ਦੇ ਸ਼ਿਕਾਰ ਹੋ ਜਾਂਦੇ ਹਨ। ਇਸ ਤੋਂ ਇਲਾਵਾ ਇਸ ਨੂੰ ਖਾਣ ਨਾਲ ਪਸ਼ੂਆਂ ਵਿੱਚ ਦੁੱਧ ਦੇ ਉਤਪਾਦਨ ਵਿੱਚ ਕਮੀ ਅਤੇ ਦੁੱਧ ਦਾ ਸੁਆਦ ਖਰਾਬ ਹੋਣ ਦੇ ਨਾਲ ਨਾਲ ਹੋਰ ਰੋਗ ਪੈਦਾ ਹੁੰਦੇ ਹਨ। ਜ਼ਿਆਦਾ ਮਾਤਰਾ ਵਿੱਚ ਇਸ ਨਦੀਨ ਦਾ ਸੇਵਨ ਕਈ ਵਾਰ ਪਸ਼ੂਆਂ ਲਈ ਜਾਨ ਲੇਵਾ ਵੀ ਸਾਬਿਤ ਹੋ ਸਕਦਾ ਹੈ। ਇਸ ਨਦੀਨ ਵਿੱਚ ਪਾਰਥੀਨਿਨ, ਹਿਸਟੈਰਿਨ, ਹਾਈਮੈਨਿਨ ਅਤੇ ਐਂਬਰੋਜ਼ਿਮ ਨਾਂ ਦੇ ਤੱਤ ਪਾਏ ਜਾਂਦੇ ਹਨ ਜੋ ਕਿ ਦੂਸਰੇ ਬੂਟਿਆਂ ਦੇ ਉੱਗਣ ਅਤੇ ਵਾਧੇ ਤੇ ਬੁਰਾ ਅਸਰ ਪਾਉਂਦੇ ਹਨ। ਇਸ ਤਰਾਂ ਇਹ ਨਦੀਨ ਫ਼ਸਲਾਂ ਦੇ ਝਾੜ ਵਿੱਚ 40% ਤੱਕ ਨੁਕਸਾਨ ਕਰ ਸਕਦਾ ਹੈ। ਇਹ ਨਦੀਨ ਬਹੁਤ ਸਾਰੇ ਕੀੜੇ ਮਕੌੜਿਆਂ ਜਿਵੇਂ ਕਿ ਚਿੱਟੀ ਮੱਖੀ, ਮਿਲੀ ਬੱਗ, ਚੇਪਾ, ਭੱਬੂ ਕੁੱਤਾ ਅਤੇ ਬਿਮਾਰੀਆਂ ਜਿਵੇਂ ਕਿ ਪੱਤਾ ਮਰੋੜ ਬਿਮਾਰੀ ਲਈ ਬਦਲਵੀਂ ਪਨਾਹ ਵਜੋਂ ਕੰਮ ਕਰਦਾ ਹੈ।

ਗਾਜਰ ਘਾਹ ਦੀ ਰੋਕਥਾਮ ਦੇ ਤਰੀਕੇ: ਗਾਜਰ ਘਾਹ ਦੀ ਰੋਕਥਾਮ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਇਸ ਦੇ ਬੂਟਿਆਂ ਨੂੰ ਫ਼ੁੱਲ ਆਉਣ ਤੋਂ ਪਹਿਲਾਂ ਵਾਰ-ਵਾਰ ਕੱਟ ਕੇ ਜਾਂ ਜੜ ਤੋਂ ਪੁੱਟ ਕੇ ਖਤਮ ਕੀਤਾ ਜਾਵੇ। ਇਸ ਤੋਂ ਬਾਅਦ ਪੁੱਟੇ ਹੋਏ ਬੂਟਿਆਂ ਨੂੰ ਇੱਕ ਥਾਂ ਤੇ ਇਕੱਠਾ ਕਰਕੇ ਸੁਕਾ ਕੇ ਅੱਗ ਲਗਾ ਦੇਣੀ ਚਾਹੀਦੀ ਹੈ। ਖਾਲੀ ਥਾਵਾਂ ਤੇ ਜ਼ਮੀਨ ਨੂੰ ਟਰੈਕਟਰ ਨਾਲ ਲਗਾਤਾਰ ਵਾਹੁੰਦੇ ਰਹਿਣਾ ਚਾਹੀਦਾ ਹੈ ਤਾਂ ਜੋ ਹੌਲੀ ਹੌਲੀ ਇਹ ਨਦੀਨ ਖਤਮ ਹੋ ਜਾਵੇ। ਨਦੀਨ ਨੂੰ ਕੱਟਣ ਜਾਂ ਪੁੱਟਣ ਤੋਂ ਪਹਿਲਾਂ ਹੱਥਾਂ ਤੇ ਦਸਤਾਨੇ ਪਾਉਣੇ ਅਤੇ ਸਰੀਰ ਨੂੰ ਚੰਗੀ ਤਰਾਂ ਢੱਕ ਲੈਣਾ ਬਹੁਤ ਜ਼ਰੂਰੀ ਹੁੰਦਾ ਹੈ। ਇਸ ਨਦੀਨ ਦਾ ਪ੍ਰਬੰਧਨ ਕਰਨ ਲਈ ਇਹ ਜ਼ਰੂਰੀ ਹੈ ਕਿ ਪਿੰਡ ਪੱਧਰ ਤੇ ਗਾਜਰ ਬੂਟੀ ਰੋਕਥਾਮ ਮੁਹਿੰਮਾਂ ਚਲਾਈਆਂ ਜਾਣ। ਇਸ ਦੇ ਲਈ ਪੰਚਾਇਤਾਂ ਵੱਲੋਂ ਸਵੈ-ਸਹਾਇਤਾ ਗਰੁੱਪਾਂ, ਗੈਰ ਸਰਕਾਰੀ ਅਦਾਰਿਆਂ ਅਤੇ ਸਕੂਲਾਂ/ਕਾਲਜਾਂ ਨਾਲ ਮਿਲ ਕੇ ਗਾਜਰ ਬੂਟੀ ਨੂੰ ਰੋਕਣ ਲਈ ਕਦਮ ਚੁੱਕਣੇ ਚਾਹੀਦੇ ਹਨ। ਹਰੇਕ ਵਿਅਕਤੀ ਨੂੰ ਆਪਣੇ ਪੱਧਰ ਤੇ ਆਪਣੇ ਘਰ ਦੇ ਆਸਪਾਸ ਅਤੇ ਆਪਣੀ ਜ਼ਮੀਨ ਵਿੱਚੋਂ ਇਸ ਨਦੀਨ ਨੂੰ ਖਤਮ ਕਰਨ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ। ਇਸ ਤੋਂ ਇਲਾਵਾ ਇਸ ਨਦੀਨ ਬਾਰੇ ਆਮ ਲੋਕਾਂ ਨੂੰ ਅਖਬਾਰਾਂ, ਰਸਾਲਿਆਂ, ਰੇਡੀਓ ਅਤੇ ਟੀ.ਵੀ. ਦੇ ਮਾਧਿਅਮ ਰਾਹੀਂ ਜਾਗਰੂਕ ਕਰਨਾ ਚਾਹੀਦਾ ਹੈ ਤਾਂ ਜੋ ਇਸ ਦੇ ਬੁਰੇ ਪ੍ਰਭਾਵਾਂ ਬਾਰੇ ਅਤੇ ਇਸ ਦੀ ਰੋਕਥਾਮ ਦੇ ਢੰਗਾਂ ਬਾਰੇ ਲੋਕ ਜਾਣੂ ਹੋ ਸਕਣ। ਜਿਲ੍ਹਾ ਲੁਧਿਆਣਾ ਦਾ ਪਿੰਡ ਮਨਸੂਰਾਂ ਗਾਜਰ ਬੂਟੀ ਦੀ ਵਧੀਆ ਢੰਗ ਨਾਲ ਰੋਕਥਾਮ ਕਰਨ ਦੀ ਇੱਕ ਜਿਉਂਦੀ ਜਾਗਦੀ ਮਿਸਾਲ ਹੈ ਜਿਸ ਨੂੰ ਭਾਰਤ ਦਾ ਪਹਿਲਾ ‘ਗਾਜਰ ਬੂਟੀ ਮੁਕਤ ਪਿੰਡ’ ਬਨਣ ਦਾ ਮਾਣ ਹਾਸਿਲ ਹੋਇਆ ਹੈ। ਇਸ ਤਰਾਂ ਸਰਕਾਰਾਂ, ਗੈਰ ਸਰਕਾਰੀ ਸੰਸਥਾਵਾਂ ਅਤੇ ਆਮ ਲੋਕਾਂ ਦੇ ਸਾਂਝੇ ਉੱਦਮ ਨਾਲ ਹੀ ਇਸ ਨਦੀਨ ਨੂੰ ਕਾਬੂ ਕੀਤਾ ਜਾ ਸਕਦਾ ਹੈ।

- Advertisement -

Share this Article
Leave a comment