ਮਾਨ ਜੀ, ਸਕੂਲਾਂ ਦੀ ਮਿਲਣੀ ਤਾਂ ਸਹੀ ਪਰ ਸੈਸ਼ਨ ਕਦੋਂ ?

Rajneet Kaur
5 Min Read

ਜਗਤਾਰ ਸਿੰਘ ਸਿੱਧੂ (ਮੈਨੇਜਿੰਗ ਐਡੀਟਰ)

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮਾਪੇ, ਅਧਿਆਪਕ ਅਤੇ ਬੱਚਿਆਂ ਦੀ ਇੱਕੇ ਸਮੇਂ ਪੰਜਾਬ ਵਿਚ ਮਿਲਣੀ(PTM) ਕਰਵਾਉਣ ਦਾ ਇੱਕ ਚੰਗਾ ਉਪਰਾਲਾ ਹੈ ਕਿਉਂ ਜੋ ਅਜਿਹੀਆਂ ਮੀਟਿੰਗਾ ਬਾਰੇ ਸਾਰੀਆਂ ਧਿਰਾਂ ਦੀਆਂ ਸ਼ਲਾਘਾਯੋਗ ਟਿਪਣੀਆਂ ਦੇਖਣ ਨੂੰ ਮਿਲੀਆਂ ਹਨ ਪਰ ਇਹ ਵੀ ਚੰਗਾ ਹੋਵੇਗਾ ਕਿ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਵਿਧਾਨਸਭਾ ਦਾ ਸੈਸ਼ਨ ਬਲਾਉਣ ਬਾਰੇ ਵੀ ਕੈਬਨਿਟ ਮੀਟਿੰਗ ਬੁਲਾ ਕੇ ਫੈਸਲਾ ਕਰ ਲੈਣ । ਇਹ ਹਮੇਸ਼ਾਂ ਹੀ ਚੰਗਾ ਹੁੰਦਾ ਹੈ ਕਿ ਸੰਬਧਿਤ ਮੁੱਦਿਆਂ ਉਪਰ ਵਿਚਾਰ-ਵਟਾਂਦਰਾ ਕਰਨ ਬਾਅਦ ਇਕ ਲੋੜੀਂਦੀ ਸੇਧ ਸਾਹਮਣੇ ਆਉਂਦੀ ਹੈ ਜੇਕਰ ਆਪਾਂ ਸਰਕਾਰੀ ਸਕੂਲਾਂ ਦੀ ਅੱਜ ਦੀ ਮਿਲਣੀ ਦੀ ਗੱਲ ਕਰੀਏ ਤਾਂ ਅਜਿਹਾ ਨਹੀਂ ਹੈ ਕਿ ਇਸ ਨਾਲ ਸਿੱਖਿਆ ਖੇਤਰ ਦੇ ਸਾਰੇ ਮਸਲੇ ਹੱਲ ਹੋ ਜਾਣਗੇ ਪਰ ਅਜਿਹਾ ਤਾਂ ਹੋਇਆ ਹੀ ਹੈ ਕਿ ਘੱਟੋ-ਘੱਟ ਸੰਬਧਿਤ ਧਿਰਾਂ ਨੂੰ ਇਕ ਦੂਜੇ ਦੇ ਸਾਹਮਣੇ ਹੋ ਕੇ ਗੱਲਬਾਤ ਕਰਨ ਦਾ ਮੌਕਾ ਮਿਲਿਆ ਹੈ । ਇਹ ਵਖਰੀ ਗੱਲ ਹੈ ਕਿ ਮੁੱਖ ਮੰਤਰੀ ਨੇ ਬੱਚਿਆਂ ਨਾਲ ਆਪਣੀ ਮੁਲਾਕਾਤ ਲਈ ਪਟਿਆਲਾ ਦਾ ਉਹ ਸਕੂਲ ਚੁਣਿਆ ਜਿਹੜਾ ਕਿ ਪਹਿਲਾਂ ਹੀ ਚੋਟੀ ਦੇ ਸਕੂਲਾਂ ਵਿਚ ਸ਼ਾਮਿਲ ਹੈ । ਪੰਜਾਬ ਦੇ ਅਨੇਕਾਂ ਸਕੂਲ ਅਜਿਹੇ ਹਨ ਜਿਥੇ ਕਿ ਅਧਿਆਪਕਾਂ ਦੀ ਘਾਟ ਹੈ ਅਤੇ ਬੁਨਿਆਦੀ ਸਹੂਲਤਾਂ ਦੀ ਵੀ ਘਾਟ ਹੈ । ਚੰਗਾ ਹੁੰਦਾ ਕਿ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਦੋ ਚਾਰ ਪੰਜਾਬ ਦੇ ਪਿੰਡਾਂ ਦੇ ਸਕੂਲਾਂ ਦੇ ਬੱਚਿਆਂ ਨਾਲ ਵੀ ਮਿਲਣੀ ਕਰ ਲੈਂਦੇ ।

ਪੰਜਾਬ ਸਰਕਾਰ ਵੱਲੋਂ ਵੀ ਵਿਰੋਧੀ ਧਿਰ ਦੀ ਅਲੋਚਨਾ ਦੇ ਬਾਵਜੂਦ ਪੀ.ਟੀ.ਐੱਮ ਮੀਟਿੰਗ ਬਾਰੇ ਮੀਡੀਆ ਵਿਚ ਵੱਡੇ-ਵੱਡੇ ਇਸ਼ਤਿਹਾਰ ਦੇ ਕੇ ਮੀਟਿੰਗ ਦੇ ਉਪਰਾਲੇ ਨੂੰ ਪੂਰੀ ਤਰ੍ਹਾਂ ਉਭਾਰਿਆ ਗਿਆ ਹੈ । ਬਿਲਕੁਲ ਇਸੇ ਤਰ੍ਹਾਂ ਪੰਜਾਬ ਵਿਧਾਨਸਭਾ ਸੈਸ਼ਨ ਦੀ ਗੱਲ ਕੀਤੀ ਜਾਵੇ ਤਾਂ ਇਸ ਸਾਲ ਦੇ ਆਖ਼ਰੀ ਦਿਨ ਜਾ ਰਹੇ ਹਨ ਪਰ ਸੈਸ਼ਨ ਬਲਾਉਣ ਬਾਰੇ ਕੋਈ ਗੱਲਬਾਤ ਨਜ਼ਰ ਨਹੀਂ ਆ ਰਹੀ । ਬੇਸ਼ਕ ਮੁੱਖ ਮੰਤਰੀ ਮਾਨ ਇਸ ਤੋਂ ਪਹਿਲਾਂ ਹਿਮਾਚਲ, ਗੁਜਰਾਤ ਅਤੇ ਦਿੱਲੀ ਦੀਆਂ ਚੋਣਾਂ ਵਿਚ ਰੁੱਝੇ ਰਹੇ ਹਨ । ਉਸ ਤੋਂ ਬਾਅਦ ਸਨਅਤਕਾਰਾਂ ਅਤੇ ਕਾਰੋਬਾਰੀਆਂ ਦੀ ਕੌਮੀ ਮੀਟਿੰਗਾਂ ਵਿਚ ਰੁੱਝੇ ਰਹੇ ਪਰ ਹੁਣ ਉਹਨਾਂ ਨੂੰ ਪੰਜਾਬ ਦੇ ਮਸਲਿਆਂ ਬਾਰੇ ਰਾਏ ਲੈਣ ਅਤੇ ਸਰਕਾਰ ਦੀਆਂ ਨੀਤੀਆਂ ਦੱਸਣ ਬਾਰੇ ਵਿਧਾਨਸਭਾ ਦਾ ਸੈਸ਼ਨ ਬਲਾਉਣਾ ਚਾਹੀਦਾ ਹੈ । ਉੰਝ ਵੀ ਜੇਕਰ ਦੇਖਿਆ ਜਾਵੇ ਤਾਂ ਇਸ ਸੈਸ਼ਨ ਦਾ ਨਾਮ ਹੀ ਸਰਦ ਰੁਤ ਸੈਸ਼ਨ ਹੈ । ਇਸ ਲਈ ਸੈਸ਼ਨ ਬਲਾਉਣ ਦਾ ਸਹੀ ਸਮਾਂ ਨਿਕਲਦਾ ਜਾ ਰਿਹਾ ਹੈ । ਕੇਂਦਰ ਸਰਕਾਰ ਵੱਲੋਂ ਤਾਂ ਸਰਦ ਰੁਤ ਸੈਸ਼ਨ ਬੁਲਾ ਕੇ ਸਮਾਪਤ ਵੀ ਕਰ ਦਿੱਤਾ ਗਿਆ ਹੈ ਪਰ ਪੰਜਾਬ ਵੱਲੋਂ ਅਜੇ ਸੈਸ਼ਨ ਬਲਾਉਣ ਦੀ ਤਰੀਕ ਹੀ ਤੈਅ ਕੀਤੀ ਜਾਣੀ ਹੈ ।

ਪੰਜਾਬ ਵਿਧਾਨਸਭਾ ਦਾ ਸੈਸ਼ਨ ਸੰਵਿਧਾਨਕ ਤੌਰ ਤੇ ਬੁਲਾਇਆ ਜਾਣਾ ਤਾਂ ਜ਼ਰੂਰੀ ਹੈ ਹੀ ਪਰ ਪੰਜਾਬ ਦੇ ਮਸਲਿਆਂ ਉਪਰ ਵਿਚਾਰ ਕਰਨ ਲਈ ਵੀ ਸੈਸ਼ਨ ਦੀ ਬਹੁਤ ਅਹਿਮੀਅਤ ਹੈ । ਅਕਸਰ ਆਮ ਆਦਮੀ ਪਾਰਟੀ ਵਿਰੋਧੀ ਧਿਰ ਵਿਚ ਹੋਣ ਵੇਲੇ ਇਹ ਸਵਾਲ ਉਠਾਉਂਦੀ ਰਹਿੰਦੀ ਸੀ ਕਿ ਵਿਧਾਨਸਭਾ ਦੇ ਸੈਸ਼ਨ ਲੰਬੇ ਹੋਣੇ ਚਾਹੀਦੇ ਹਨ ਤਾਂ ਜੋ ਲੋਕਾਂ ਦੇ ਮਸਲਿਆਂ ਉਪਰ ਚੁਣੇਂ ਹੋਏ ਵਿਧਾਇਕਾਂ ਨੂੰ ਆਪਣੀ ਗੱਲ ਰੱਖਣ ਦਾ ਮੌਕਾ ਮਿਲ ਸਕੇ ਅਤੇ ਸਰਕਾਰ ਦੀ ਜਵਾਬਦੇਹੀ ਵੀ ਤੈਅ ਕੀਤੀ ਜਾ ਸਕੇ । ਪੰਜਾਬ ਪਿਛਲੇ ਸਮੇਂ ਵਿਚ ਵੱਡੇ ਸੰਕਟ ਵਿਚੋਂ ਨਿਕਲਿਆ ਹੈ । ਅਮਨ ਕਾਨੂੰਨ ਅਤੇ ਗੈਂਗਸਟਰਾਂ ਦੇ ਮਾਮਲਿਆਂ ਨੂੰ ਲੈ ਕੇ ਵਿਰੋਧੀ ਧਿਰ ਵੱਲੋਂ ਸਰਕਾਰ ਦੀ ਅਲੋਚਨਾ ਕੀਤੀ ਜਾ ਰਹੀ ਹੈ । ਜ਼ੀਰਾ ਕਿਸਾਨ ਮੋਰਚੇ ਸਮੇਤ ਕਈ ਅਹਿਮ ਮੰਗਾਂ ਉਪਰ ਕਿਸਾਨ ਜਥੇਬੰਦੀਆਂ ਅੰਦੋਲਨ ਕਰ ਰਹੀਆਂ ਹਨ । ਕੇਂਦਰ ਵੱਲੋਂ ਪੰਜਾਬ ਨੂੰ ਫੰਡ ਜਾਰੀ ਕਰਨ ਸਮੇਤ ਕਈ ਮਾਮਲਿਆਂ ਉਪਰ ਪੰਜਾਬ ਨਾਲ ਧੱਕੇ ਕਰਨ ਦਾ ਮਾਮਲਾ ਹੈ । ਪੰਜਾਬ ਦੇ ਹੱਕਾਂ ਉਪਰ ਛਾਪਾ ਮਾਰਿਆ ਜਾ ਰਿਹਾ ਹੈ । ਰਾਜ ਦੀ ਮੌਜੂਦਾ ਵਿੱਤੀ ਸਥਿਤੀ ਤੋਂ ਇਲਾਵਾ ਨਸ਼ੇ, ਰੁਜ਼ਗਾਰ ਅਤੇ ਕਈ ਹੋਰ ਵੀ ਵੱਡੇ ਮੁੱਦੇ ਹਨ । ਅਜਿਹੇ ਸਾਰੇ ਮਾਮਲਿਆਂ ਬਾਰੇ ਜਿਥੇ ਸੈਸ਼ਨ ਵਿਚ ਸਰਕਾਰ ਨੂੰ ਆਪਣੀ ਕਾਰਗੁਜ਼ਾਰੀ ਪੰਜਾਬੀਆਂ ਨੂੰ ਦੱਸਣ ਦਾ ਬੇਹਤਰ ਮੌਕਾ ਵੀ ਮਿਲੇਗਾ ਉਥੇ ਇਹਨਾਂ ਪ੍ਰਾਪਤੀਆਂ ਬਾਰੇ ਕਰੋੜਾ ਰੁਪਏ ਦੀ ਮੀਡੀਆ ਵਿਚ ਇਸ਼ਤਿਹਾਰ ਬਾਜ਼ੀ ਵੀ ਨਹੀਂ ਕਰਨੀ ਪਵੇਗੀ । ਇਹ ਵੀ ਸਹੀ ਹੈ ਕਿ ਜਮਹੂਰੀਅਤ ਵਿਚ ਵਿਰੋਧੀ ਧਿਰ ਦੀ ਭੂਮਿਕਾ ਨੂੰ ਵੀ ਅਣਦੇਖਿਆ ਨਹੀਂ ਕੀਤਾ ਜਾ ਸਕਦਾ ।

- Advertisement -

ਜਿਸ ਤਰ੍ਹਾਂ ਭਗਵੰਤ ਮਾਨ ਸਰਕਾਰ ਵੱਲੋਂ ਅੱਜ ਮਾਪੇ, ਅਧਿਆਪਕ ਅਤੇ ਬੱਚਿਆਂ ਦੀਆਂ ਇਕੋ ਵੇਲੇ ਮੀਟਿੰਗ ਕਰ ਕੇ ਸਿੱਖਿਆ ਖੇਤਰ ਉਪਰ ਪੰਜਾਬੀਆਂ ਦਾ ਧਿਆਨ ਖਿਚਿਆ ਹੈ, ਇਸੇ ਤਰ੍ਹਾਂ ਪੰਜਾਬ ਦੇ ਮੁੱਦਿਆਂ ਉਪਰ ਵਿਚਾਰਾਂ ਕਰਨ ਲਈ ਵੀ ਪੰਜਾਬ ਵਿਧਾਨਸਭਾ ਦਾ ਸਰਦ ਰੁਤ ਸੈਸ਼ਨ ਬੁਲਾਏ ਜਾਣ ਦੀ ਜ਼ਰੂਰਤ ਹੈ ।

Share this Article
Leave a comment