ਸਾਹਿਬਜ਼ਾਦਾ ਅਜੀਤ ਸਿੰਘ ਜੀ

TeamGlobalPunjab
12 Min Read

-ਡਾ. ਚਰਨਜੀਤ ਸਿੰਘ ਗੁਮਟਾਲਾ

ਸਾਹਿਬਜ਼ਾਦਾ ਅਜੀਤ ਸਿੰਘ ਦਾ ਜਨਮ 30 ਮਾਘ ਸੰਮਤ 1743 (1686 ਈ.) ਨੂੰ ਪਾਉਂਟਾ ਸਾਹਿਬ ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗ੍ਰਹਿ ਵਿਖੇ ਮਾਤਾ ਜੀਤੋ ਜੀ ਦੀ ਕੁਖੋਂ ਹੋਇਆ। ਜਦੋਂ ਅਜੀਤ ਸਿੰਘ ਪੰਜ ਕੁ ਮਹੀਨਿਆਂ ਦੇ ਹੋਏ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਭੰਗਾਣੀ ਦੇ ਮੈਦਾਨ ਵਿੱਚ ਪਹਾੜੀ ਰਾਜਿਆਂ ਨਾਲ ਜ਼ਬਰਦਸਤ ਟੱਕਰ ਹੋਈ ਜਿਸ ਵਿਚ ਸਿੱਖ ਫੌਜਾਂ ਦੀ ਜਿੱਤ ਹੋਈ। ਇਸ ਜਿੱਤ ਸਦਕਾ ਸਾਹਿਬਜ਼ਾਦੇ ਦਾ ਨਾਂ ਅਜੀਤ ਸਿੰਘ ਰੱਖਿਆ ਗਿਆ।ਕੁਝ ਸਮੇਂ ਬਾਅਦ ਪ੍ਰਵਾਰ ਆਨੰਦਪੁਰ ਸਾਹਿਬ ਵਿਖੇ ਆ ਗਿਆ। ਉਨ੍ਹਾਂ ਦੀ ਪਾਲਣਾ ਪੋਸਣਾਂ ਮਾਤਾ ਗੁਜ਼ਰੀ ਜੀ ਅਤੇ ਮਾਮਾ ਕ੍ਰਿਪਾਲ ਚੰਦ ਦੀ ਦੇਖ ਰੇਖ ਵਿੱਚ ਹੋਈ। ਮਾਤਾ ਜੀ ਉਨ੍ਹਾਂ ਨੂੰ ਗੁਰੂ ਸਾਹਿਬਾਨ ਸ੍ਰੀ ਗੁਰੂ ਅਰਜਨ ਦੇਵ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਹੋਰ ਸਿੰਘਾਂ ਦੀਆਂ ਸਾਖੀਆਂ ਸੁਣਾਉਂਦੇ ਸਨ, ਤਾਂ ਜੋ ਉਹ ਵੀ ਸਿੱਖੀ ਵਿੱਚ ਪ੍ਰਪੱਕ ਹੋ ਸਕਣ। ਇਹੋ ਕਾਰਨ ਸੀ ਸਾਰੇ ਸਾਹਿਬਜ਼ਾਦੇ ਸ਼ਹੀਦੀਆਂ ਪਾ ਗਏ ਪਰ ਆਪਣੇ ਸਿਦਕ ਤੋਂ ਡੋਲੇ ਨਹੀਂ। ਉਹ ਸਿੰਘਾਂ ਨੂੰ ਘੋੜ ਸਵਾਰੀ ਕਰਦੇ, ਗਤਕਾ, ਨੇਜੇਬਾਜ਼ੀ ਆਦਿ ਦਾ ਅਭਿਆਸ ਕਰਦੇ ਵੇਖਦੇ ਤੇ ਆਪ ਵੀ ਇਨ੍ਹਾਂ ਦਾ ਅਭਿਆਸ ਕਰਦੇ ਸਨ। ਇਹੋ ਕਾਰਨ ਸੀ ਕਿ ਉਹ ਇੱਕ ਨਿਪੁੰਨ ਜੋਧੇ ਬਣ ਗਏ।ਛੋਟੇ ਭਰਾ ਜੁਝਾਰ ਸਿੰਘ ਵੀ ਉਨ੍ਹਾਂ ਨਾਲ ਸ਼ਸਤਰ ਵਿੱਦਿਆ ਸਿੱਖ ਗਏ ਤੇ ਦੋਵੇਂ ਭਰਾ ਕਈ ਵਾਰ ਆਪਸ ਵਿੱਚ ਯੁੱਧ ਕਰਦੇ ਪਰ ਹਾਰ ਕਿਸੇ ਦੀ ਨਾ ਹੁੰਦੀ।

ਸਾਹਿਬਜ਼ਾਦਿਆਂ ਨੇ ਕਈ ਜੰਗਾਂ ਅੱਖੀਂ ਵੇਖੀਆਂ ਸਨ। ਉਸ ਸਮੇਂ ਆਨੰਦਪੁਰ ਇੱਕ ਜੰਗਲੀ ਇਲਾਕਾ ਸੀ, ਜਿੱਥੇ ਸਿੱਖ ਸ਼ਿਕਾਰ ਖੇਡਦੇ ਸਨ। 30 ਮਾਰਚ 1699 ਈ. ਦੀ ਵਿਸਾਖੀ ਨੂੰ ਸ੍ਰੀ ਗੁਰੁ ਗੋਬਿੰਦ ਸਿੰਘ ਨੇ ਖ਼ਾਲਸਾ ਪੰਥ ਦੀ ਸਾਜਨਾ ਕੀਤੀ। ਉਸ ਸਮੇਂ ਮਾਤਾ ਗੁਜ਼ਰੀ ਜੀ ਤੇ ਸਾਹਿਬਜ਼ਾਦਿਆਂ ਨੇ ਅੰਮ੍ਰਿਤ ਪਾਨ ਕੀਤਾ।

23 ਮਈ 1699 ਨੂੰ ਬਾਬਾ ਅਜੀਤ ਸਿੰਘ ਸੈਂਕੜੇ ਸਿੰਘਾਂ ਦੇ ਜੱਥੇ ਦੀ ਅਗਵਾਈ ਕਰਦਿਆਂ ਆਨੰਦਪੁਰ ਦੇ ਨੇੜੇ ਸਥਿਤ ਪਿੰਡ ਨੂੰਹ ਪਹੁੰਚ ਗਏ। ਇੱਥੇ ਉਨ੍ਹਾਂ ਨੇ ਪੋਠੋਹਾਰ ਦੀਆਂ ਸੰਗਤਾਂ ਨੂੰ ਆਨੰਦਪੁਰ ਆਉਣ ਸਮੇਂ ਲੁੱਟਣ ਵਾਲੇ ਰੰਗੜ ਨੂੰ ਸਬਕ ਸਿਖਾਇਆ। 29 ਅਗਸਤ 1700 ਈ. ਨੂੰ ਪਹਾੜੀ ਰਾਜਿਆਂ ਨੇ ਤਾਰਾਗੜ੍ਹ ਕਿਲ੍ਹੇ ‘ਤੇ ਹਮਲਾ ਕਰ ਦਿੱਤਾ। ਆਪ ਨੇ ਉਨ੍ਹਾਂ ਦਾ ਮੁਕਾਬਲਾ ਬੜੀ ਸੂਰਬੀਰਤਾ ਨਾਲ ਕੀਤਾ। ਸਾਹਿਬਜ਼ਾਦਾ ਅਜੀਤ ਸਿੰਘ ਨੇ ਗੁਰੂ ਜੀ ਦਾ ਭਰਪੂਰ ਸਾਥ ਦਿੱਤਾ। ਉਨ੍ਹਾਂ ਨੇ 12 ਸਾਲ ਦੀ ਉਮਰ ਵਿੱਚ ਹੀ ਆਨੰਦਪੁਰ ਦੇ ਲਾਗਲੇ ਜੰਗਲਾਂ ਵਿੱਚ ਪੋਠੋਹਾਰ ਦੀ ਜੰਗ, ਨੂਹ ਰੰਘੜ ਦੀ ਜੰਗ, ਨਿਰਮੋਹਗੜ੍ਹ ਦੀ ਜੰਗ ਆਦਿ ਵਿੱਚ ਆਪਣੀ ਸੂਰਬੀਰਤਾ ਦੇ ਜੌਹਰ ਵਿਖਾਏ ਤੇ ਜਿੱਤਾਂ ਪ੍ਰਾਪਤ ਕੀਤੀਆਂ। 7 ਮਾਰਚ 1703 ਈ. ਨੂੰ ਹੁਸ਼ਿਆਰਪੁਰ ਦੇ ਪਿੰਡ ਬੱਸੀ ਦਾ ਰਹਿਣ ਵਾਲਾ ਇੱਕ ਗਰੀਬ ਬ੍ਰਾਹਮਣ ਦੇਵ ਦਾਸ ਰੋਂਦਾ ਕੁਰਲਾਉਂਦਾ ਹੋਇਆ, ਸਜੇ ਦਰਬਾਰ ਵਿੱਚ ਹਾਜ਼ਰ ਹੋਇਆ ਤੇ ਫ਼ਰਿਆਦ ਕਰਨ ਲੱਗਾ ਕਿ ਮੈਂ ਆਪਣੀ ਸੱਜ ਵਿਆਹੀ ਪਤਨੀ ਦਾ ਮੁਕਲਾਵਾ ਲੈ ਕੇ ਜਾ ਰਿਹਾ ਸੀ ਤਾਂ ਹੁਸ਼ਿਆਰਪੁਰ ਦੇ ਨੇੜੇ ਬੱਸੀ ਪਠਾਣਾਂ ਦਾ ਸਰਦਾਰ ਜਾਬਰ ਖਾਂ ਮੇਰੀ ਪਤਨੀ, ਗਹਿਣੇ, ਧਨ ਆਦਿ ਖੋਹ ਕੇ ਲੈ ਗਿਆ ਤੇ ਮੇਰੀ ਕੁੱਟਮਾਰ ਵੀ ਕੀਤੀ ਹੈ।ਇਹ ਸੁਣ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੋਸ਼ ਵਿੱਚ ਆ ਗਏ ਤਾਂ ਉਸੇ ਵੇਲੇ ਦਸਮ ਪਾਤਸ਼ਾਹ ਨੇ ਉਸ ਨਾਲ 100 ਘੋੜ ਸਵਾਰਾਂ ਦਾ ਇੱਕ ਜੱਥਾ ਸਾਹਿਬਜ਼ਾਦਾ ਅਜੀਤ ਸਿੰਘ ਨਾਲ ਭੇਜਿਆ, ਜਿਨ੍ਹਾਂ ਨੇ ਰਾਤੋ ਰਾਤ ਬੱਸੀ ਪਠਾਣਾਂ ਪਹੁੰਚ ਕੇ ਜਾਬਰ ਖਾਂ ਦੀ ਹਵੇਲੀ ਨੂੰ ਚਾਰ ਚੁਫੇਰਿਉਂ ਘੇਰਾ ਪਾ ਲਿਆ। ਉਸ ਦੀ ਮੁਕਾਬਲਾ ਕਰਨ ਦੀ ਹਿੰਮਤ ਨਾ ਹੋਈ। ਉਸ ਨੂੰ ਪਾਰ ਬੁਲਾ ਕੇ ਬ੍ਰਾਹਮਣ ਦੀ ਪਤਨੀ ਵਾਪਿਸ ਦੁਆਈ।

- Advertisement -

ਇੱਕ ਵਾਰ ਪਹਾੜੀ ਰਾਜੇ ਭੀਮ ਚੰਦ ਨੇ ਆਨੰਦਪੁਰ ਨੂੰ ਘੇਰਾ ਪਾ ਲਿਆ। ਸਿੱਖ ਫ਼ੌਜਾਂ ਨੇ ਸਖ਼ਤ ਮੁਕਾਬਲਾ ਕੀਤਾ। ਸ਼ਾਹੀ ਫ਼ੌਜਾਂ ਦਾ ਜਰਨੈਲ ਸਰਦਾਰ ਜਮਤੁੱਲਾ ਮਾਰਿਆ ਗਿਆ। ਸਾਹਿਬਜ਼ਾਦਾ ਅਜੀਤ ਸਿੰਘ ਦੇ ਘੋੜੇ ਦੇ ਪੇਟ ਵਿੱਚ ਸਿੱਧਾ ਨੇਜ਼ਾ ਵੱਜਿਆ ਜਿਸ ਨਾਲ ਘੋੜਾ ਡਿੱਗ ਪਿਆ ਪਰ ਬਾਬਾ ਅਜੀਤ ਸਿੰਘ ਉਸ ਸਮੇਂ ਤੀਕ ਤੀਰ ਚਲਾਉਂਦੇ ਰਹੇ ਜਦੋਂ ਤੀਕ ਦੂਜੇ ਘੋੜੇ ਦਾ ਪ੍ਰਬੰਧ ਨਹੀਂ ਹੋ ਗਿਆ। ਇਸ ਦਾ ਸਿੱਟਾ ਇਹ ਨਿਕਲਿਆ ਕਿ ਸ਼ਾਹੀ ਫ਼ੌਜਾਂ ਵਿੱਚ ਭਾਜੜਾਂ ਪੈ ਗਈਆਂ ਤੇ ਉਹ ਪੁੱਠੇ ਪੈਰੀਂ ਭੱਜ ਗਈਆਂ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਦਿਨ-ਬ-ਦਿਨ ਸ਼ਕਤੀ ਵੱਧਦੀ ਵੇਖ ਕੇ ਪਹਾੜੀ ਰਾਜਿਆਂ ਨੂੰ ਆਪਣੀਆਂ ਗੱਦੀਆਂ ਨੂੰ ਖ਼ਤਰਾ ਜਾਪਣ ਲੱਗ ਪਿਆ। ਉਨ੍ਹਾਂ ਗੁਰੂ ਜੀ ਦੀ ਤਾਕਤ ਨੂੰ ਦਬਾਉਣ ਲਈ ਮੁਗ਼ਲਾਂ ਨੂੰ ਚਿੱਠੀਆਂ ਲਿਖੀਆਂ ਕਿ ਗੁਰੂ ਜੀ ਦੀ ਵੱਧ ਰਹੀ ਤਾਕਤ ਸ਼ਾਹੀ ਦਰਬਾਰ ਲਈ ਖ਼ਤਰਾ ਬਣ ਸਕਦੀ ਹੈ। ਇਹ ਸੁਣ ਕੇ ਔਰੰਗਜ਼ੇਬ ਭੜਕ ਉਠਿਆ ਤੇ ਉਸ ਨੇ ਦਿੱਲੀ, ਸਰਹਿੰਦ, ਜੰਮੂ, ਲਾਹੌਰ ਤੇ ਮੁਲਤਾਨ ਆਦਿ ਰਿਆਸਤਾਂ ਦੇ ਨਵਾਬਾਂ ਨੂੰ ਇਕੱਠੇ ਹੋ ਕੇ ਜ਼ਬਰਦਸਤ ਹਮਲਾ ਕਰਨ ਦਾ ਹੁਕਮ ਚਾੜ੍ਹਿਆ। ਮੁਗ਼ਲ ਫੌਜਾਂ ਨੇ ਆਨੰਦਪੁਰ ਨੂੰ 1704 ਈ. ਵਿੱਚ ਘੇਰਾ ਪਾ ਲਿਆ।ਸਿੱਟਾ ਇਹ ਨਿਕਲਿਆ ਕਿ ਆਨੰਦਪੁਰ ਦੇ ਕਿਲ੍ਹੇ ਵਿੱਚ ਰਸਦ ਪਾਣੀ, ਘੋੜਿਆਂ ਲਈ ਚਾਰਾ ਆਦਿ ਜਾਣਾ ਬੰਦ ਹੋ ਗਿਆ। ਘੇਰਾ ਲੰਮਾ ਹੋਣ ‘ਤੇ ਮੁਗ਼ਲਾਂ ਨੇ ਗੁਰੂ ਜੀ ਨਾਲ ਸਮਝੌਤਾ ਇਸ ਸ਼ਰਤ ‘ਤੇ ਕੀਤਾ ਕਿ ਉਹ ਆਨੰਦਪੁਰ ਨੂੰ ਛੱਡ ਜਾਣ, ਉਨ੍ਹਾਂ ਨੂੰ ਬੇਰੋਕ ਜਾਣ ਦਿੱਤਾ ਜਾਵੇਗਾ। ਗੁਰੂ ਜੀ ਦੇ ਕਿਲ੍ਹਾ ਖਾਲੀ ਕਰਕੇ ਜਾਣ ‘ਤੇ ਦੁਸ਼ਮਣ ਫ਼ੌਜ਼ ਨੇ ਸਾਰੀਆਂ ਕਸਮਾਂ ਤੋੜ ਕੇ ਸਰਸਾ ਨਦੀ ਦੇ ਕੋਲ ਪੁੱਜਣ ‘ਤੇ ਹਮਲਾ ਕਰ ਦਿੱਤਾ। ਸਾਹਿਬਜ਼ਾਦਾ ਅਜੀਤ ਸਿੰਘ ਦੀ ਅਗਵਾਈ ਵਿੱਚ ਕੁਝ ਬਹਾਦਰ ਸਿੰਘਾਂ ਨੇ ਦੁਸ਼ਮਣ ਦੀਆਂ ਫ਼ੌਜਾਂ ਜੋ ਕਿ ਵੱਡੀ ਗਿਣਤੀ ਵਿੱਚ ਸਨ, ਨੂੰ ਉਸ ਸਮੇਂ ਤੀਕ ਰੋਕੀ ਰੱਖਿਆ ਜਿੰਨੀ ਦੇਰ ਤੀਕ ਦਸਮ ਪਾਤਸ਼ਾਹ ਤੇ ਉਨ੍ਹਾਂ ਦੇ ਸਾਥੀ ਸਰਸਾ ਨਦੀ ਵਿੱਚ ਨਹੀਂ ਪਹੁੰਚ ਗਏ।

ਇਸ ਯੁੱਧ ਵਿੱਚ ਕਲਗੀਧਰ ਪਾਤਸ਼ਾਹ ਦਾ ਪ੍ਰਵਾਰ ਤਿੰਨਾਂ ਹਿੱਸਿਆਂ ਵਿੱਚ ਵੰਡਿਆ ਗਿਆ। ਮਾਤਾ ਗੁਜ਼ਰੀ ਜੀ ਛੋਟੇ ਸਾਹਿਬਜ਼ਾਦਿਆਂ ਨਾਲ ਇੱਕ ਪਾਸੇ ਨੂੰ ਵੱਖ ਹੋ ਗਏ। ਗੁਰੂ ਜੀ ਵੱਡੇ ਦੋਵਾਂ ਸਾਹਿਬਜ਼ਾਦਿਆਂ ਨਾਲ ਵੱਖ ਹੋ ਗਏ।ਮਾਤਾ ਸੁੰਦਰੀ ਜੀ ਅਤੇ ਕੁਝ ਸਿੰਘ ਹੋਰ ਪਾਸੇ ਚੱਲੇ ਗਏ। ਬਹੁਤ ਸਾਰਾ ਜਾਨੀ ਤੇ ਮਾਲੀ ਨੁਕਸਾਨ ਹੋਇਆ। ਬਹੁਤ ਸਾਰੇ ਕੀਮਤੀ ਹੱਥ ਲਿਖਤ ਗ੍ਰੰਥ ਸਰਸਾ ਨਦੀ ਦੇ ਤੇਜ਼ ਪਾਣੀ ਦੇ ਵਹਿਣ ਵਿੱਚ ਵਹਿ ਗਏ।

ਗੁਰੂ ਜੀ 40 ਦੇ ਕਰੀਬ ਘੋੜ ਸਵਾਰਾਂ ਨਾਲ ਰੋਪੜ ਹੁੰਦੇ ਹੋਏ ਚਮਕੌਰ ਵੱਲ ਰਵਾਨਾ ਹੋਏ। ਇਸ ਸਮੇਂ ਪੰਜ ਪਿਆਰੇ ਅਤੇ ਭਾਈ ਜੈਤਾ ਜੀ ਵੀ ਗੁਰੂ ਸਾਹਿਬ ਦੇ ਨਾਲ ਸਨ।ਦੂਜੇ ਪਹਿਰ ਉਹ ਪਿੰਡ ਚਮਕੌਰ ਪਹੁੰਚੇ। ਗੁਰੁ ਜੀ ਨੂੰ ਇਸ ਗੱਲ ਦਾ ਪਤਾ ਸੀ ਕਿ ਭਿਅੰਕਰ ਲੜਾਈ ਹੋਣ ਵਾਲੀ ਹੈ। ਸਮੇਂ ਦੀ ਨਜ਼ਾਕਤ ਵੇਖਦੇ ਹੋਏ, ਉੱਚੀ ਥਾਂ ‘ਤੇ ਸਥਿਤ ਇੱਕ ਕੱਚੀ ਗੜ੍ਹੀ ਵਿੱਚ ਮੋਰਚੇ ਸੰਭਾਲ ਲਏ। ਅਜਿਹੀ ਉੱਚੀ ਥਾਂ ਦੀ ਚੋਣ ਕਰਨਾ ਗੁਰੂ ਸਾਹਿਬ ਦੀ ਜੰਗੀ ਸੂਝ ਬੂਝ ਦੀ ਅਨੋਖੀ ਮਿਸਾਲ ਹੈ।ਗੜ੍ਹੀ ਦੀ ਮੋਰਚਾਬੰਦੀ ਲਈ ਸਿੰਘਾਂ ਦੀਆਂ ਛੋਟੀਆਂ ਛੋਟੀਆਂ ਟੁਕੜੀਆਂ ਤੈਨਾਤ ਕਰ ਦਿੱਤੀਆਂ। ਸਭ ਤੋਂ ਉੱਚੀ ਮੰਜ਼ਿਲ ‘ਤੇ ਗੁਰੂ ਜੀ ਨੇ ਖ਼ੁਦ, ਦੋਵੇਂ ਸਾਹਿਬਜ਼ਾਦਿਆਂ ਅਤੇ ਭਾਈ ਦਇਆ ਸਿੰਘ ਤੇ ਭਾਈ ਸੰਤ ਸਿੰਘ ਨੇ ਮੋਰਚੇ ਸੰਭਾਲੇ। ਸੰਤਰੀਆਂ ਦੀ ਜ਼ੁੰਮੇਵਾਰੀ ਭਾਈ ਆਲਾ ਸਿੰਘ ਤੇ ਭਾਈ ਮਾਨ ਸਿੰਘ ਨੂੰ ਸੌਂਪੀ।

ਦਸ ਲੱਖ ਦੇ ਕਰੀਬ ਮੁਗ਼ਲ ਫੌਜਾਂ ਨੇ ਗੜ੍ਹੀ ਨੂੰ ਆਉਂਦਿਆਂ ਹੀ ਘੇਰ ਲਿਆ। 22 ਦਸੰਬਰ 1704 ਈ. ਨੂੰ ਮੁਗ਼ਲ ਫੌਜ ਨੇ ਗੜ੍ਹੀ ‘ਤੇ ਤਾਬਰ ਤੋੜ ਹਮਲਾ ਕੀਤਾ। ਭੁੱਖੇ ਭਾਣੇ 40 ਦੇ ਕਰੀਬ ਸਿੰਘਾਂ ਨਾਲ ਮੁਕਾਬਲਾ ਸ਼ੁਰੂ ਹੋਇਆ। ਦੁਨੀਆਂ ਦੇ ਇਤਿਹਾਸ ਵਿੱਚ ਇੱਕ ਬੇਜੋੜ ਤੇ ਅਸਾਵੀਂ ਜੰਗ ਲੜੀ ਜਾਣ ਲੱਗੀ। ਔਰੰਗਜ਼ੇਬ ਦੀ ਕਾਲੇ ਕਪੜਿਆਂ ਵਾਲੀ ਫ਼ੌਜ ਦੀ ਅਗਵਾਈ ਨਵਾਬ ਮਲੇਰਕੋਟਲਾ ਦਾ ਭਰਾ ਨਾਹਰ ਖ਼ਾਨ ਅਤੇ ਖ਼ੁਆਜ਼ਾ ਜ਼ਫਰ ਬੇਗ ਕਰ ਰਹੇ ਸਨ।ਜ਼ਫ਼ਰਨਾਮਾ ਅਨੁਸਾਰ ਨਾਹਰ ਖ਼ਾਨ ਤੇ ਖ਼ੁਆਜ਼ਾ ਜ਼ਫਰ ਬੇਗ ਕਈ ਵਾਰ ਆਪਣੀਆਂ ਫ਼ੌਜਾਂ ਦੇ ਵੱਡੇ ਵੱਡੇ ਜੱਥੇ ਲੈ ਕੇ ਗੜ੍ਹੀ ਦੇ ਦਰਵਾਜ਼ੇ ਵੱਲ ਆਉਂਦੇ ਰਹੇ ਪਰ ਗੜ੍ਹੀ ਵੱਲੋਂ ਵਰਦੇ ਤੀਰਾਂ ਦੇ ਮੀਂਹ ਕਾਰਨ ਉਨ੍ਹਾਂ ਦਾ ਹਰ ਵਾਰ ਵੱਡਾ ਜਾਨੀ ਨੁਕਸਾਨ ਹੁੰਦਾ। ਇਸ ਭੱਜ ਦੌੜ ਵਿੱਚ ਨਾਹਰ ਖ਼ਾਨ ਦਸਮ ਪਿਤਾ ਦੇ ਤੀਰ ਨਾਲ ਮਾਰਿਆ ਗਿਆ ਜਦ ਕਿ ਦੂਜਾ ਜਰਨੈਲ ਖ਼ੁਆਜ਼ਾ ਜ਼ਫਰ ਬੇਗ ਕੰਧ ਉਹਲੇ ਲੁਕਣ ਕਰਕੇ ਗੁਰੂ ਜੀ ਦੇ ਤੀਰ ਦਾ ਨਿਸ਼ਾਨਾ ਨਾ ਬਣਿਆ। ਨਾਹਰ ਖ਼ਾਨ ਨੂੰ ਮਰਦਿਆਂ ਤੇ ਜ਼ਫਰ ਬੇਗ਼ ਨੂੰ ਲੁਕਿਆ ਵੇਖਕੇ ਇੱਕ ਵਾਰ ਤਾਂ ਦੁਸ਼ਮਣ ਦੀਆਂ ਫੌਜਾਂ ਦੇ ਪੈਰ ਉਖੜ ਗਏ।

- Advertisement -

ਉੱਧਰ ਗੜ੍ਹੀ ਅੰਦਰ ਗੋਲੀ, ਸਿੱਕੇ ਤੇ ਤੀਰਾਂ ਦੀ ਮਿਕਦਾਰ ਬਿਲਕੁਲ ਘੱਟ ਗਈ। ਗੁਰੂ ਸਾਹਿਬ ਨੇ ਪੰਜ ਜਾਂ ਛੇ ਸਿੰਘਾਂ ਦੇ ਜੱਥੇ ਵਾਰੋ-ਵਾਰੀ ਭੇਜਣੇ ਸ਼ੁਰੂ ਕਰ ਦਿੱਤੇ। ਜਦ ਇੱਕ ਜਥਾ ਸ਼ਹੀਦੀ ਪ੍ਰਾਪਤ ਕਰ ਲੈਂਦਾ ਤਾਂ ਦੂਜਾ ਆ ਜਾਂਦਾ। ਉਧਰ ਗੜ੍ਹੀ ਅੰਦਰ ਗੁਰੂ ਸਾਹਿਬ ਤੀਰਾਂ ਨਾਲ ਦੁਸ਼ਮਣਾਂ ਨੂੰ ਵਿੰਨਦੇ ਰਹੇ। ਜਦ ਤਿੰਨ ਜੱਥੇ ਸ਼ਹੀਦੀ ਪ੍ਰਾਪਤ ਕਰ ਗਏ ਤਾਂ ਸਾਹਿਬਜ਼ਾਦਾ ਅਜੀਤ ਸਿੰਘ ਅੱਗੇ ਹੋ ਕੇ ਪਿਤਾ ਜੀ ਕੋਲੋਂ ਜੰਗ ਦੇ ਮੈਦਾਨ ਵਿੱਚ ਜਾਣ ਦੀ ਆਗਿਆ ਮੰਗੀ। ਉਸ ਸਮੇਂ ਸਾਹਿਬਜ਼ਾਦੇ ਦੀ ਉਮਰ 17 ਸਾਲ ਸੀ। ਗੁਰੂ ਜੀ ਨੇ ਆਪਣੇ ਪੁੱਤਰ ਨੂੰ ਹੱਥੀਂ ਬੜੇ ਚਾਅ ਨਾਲ ਤਿਆਰ ਕੀਤਾ। ਕਲਗੀ ਸਜਾਈ, ਪਿਆਰ ਨਾਲ ਮੱਥਾ ਚੁੰਮਿਆ। ਥਾਪੀ ਦੇ ਕੇ ਲੜਾਈ ਦੇ ਮੈਦਾਨ ਵੱਲ ਰੁਖਸਤ ਕੀਤਾ। ਬਾਬਾ ਅਜੀਤ ਸਿੰਘ ਘੋੜੇ ‘ਤੇ ਸਵਾਰ ਹੋ ਕੇ ਪੰਜ ਸਿੰਘਾਂ ਨੂੰ ਨਾਲ ਲੈ ਕੇ ਠੀਕ ਉਸੇ ਤਰ੍ਹਾਂ ਨਿਕਲੇ ਜਿਵੇਂ ਕੋਈ ਲਾੜਾ ਸਿਹਰੇ ਅਤੇ ਗਾਨੇ ਬੰਨ੍ਹ ਕੇ ਜਾਂਝੀਆਂ ਨਾਲ ਨਿਕਲਦਾ ਹੈ। ਇਸ ਟੁਕੜੀ ਵਿੱਚ ਭਾਈ ਆਲਮ ਸਿੰਘ ਵੀ ਸ਼ਾਮਲ ਸੀ ਜੋ ਬਹੁਤ ਸਾਰੀਆਂ ਅਜਿਹੀਆਂ ਜੰਗਾਂ ਦਾ ਹੀਰੋ ਰਿਹਾ ਸੀ। ਸਾਹਿਬਜ਼ਾਦੇ ਨੇ ਆਉਂਦੇ ਹੀ ਵੈਰੀ ਦੇ ਆਹੂ ਲਾਏ ਤੇ ਰਣ ਵਿੱਚ ਤਰਥਲੀ ਮੱਚ ਗਈ।ਮੁਗਲ ਫ਼ੌਜ ਦੀ ਗਿਣਤੀ ਲੱਖਾਂ ਵਿਚ ਹੋਣ ਕਰਕੇ ਸਾਹਿਬਜ਼ਾਦਾ ਅਜੀਤ ਸਿੰਘ ਇਕ ਜੁਝਾਰੂ ਜੋਧੇ ਵਾਂਗ ਲੜਦੇ ਹੋਇ ਸ਼ਹੀਦ ਹੋ ਗਏ। ਉਨ੍ਹਾਂ ਦੀ ਸ਼ਹਾਦਤ ਤੋਂ ਬਾਅਦ ਛੋਟੇ ਸਾਹਿਬਜ਼ਾਦੇ ਬਾਬਾ ਜੁਝਾਰ ਸਿੰਘ ਨੇ ਲੜਾਈ ਦੇ ਮੈਦਾਨ ਵਿੱਚ ਜਾਣ ਦੀ ਆਗਿਆ ਮੰਗੀ। ਗੁਰੂ ਜੀ ਨੇ ਉਸ ਨੂੰ ਆਪਣੇ ਹੱਥੀਂ ਤਿਆਰ ਕਰਕੇ ਮੈਦਾਨੇ ਜੰਗ ਵਿੱਚ ਭੇਜਿਆ।ਉਹ ਵੀ ਦੁਸ਼ਮਣ ਨਾਲ ਜੁਝਦੇ ਹੋਏ ਸ਼ਹਾਦਤ ਪ੍ਰਾਪਤ ਕਰ ਗਏ। ਗੁਰੂ ਜੀ ਪਾਸ ਕੇਵਲ 11 ਸਿੰਘ ਬਾਕੀ ਰਹਿ ਗਏ। ਸ਼ਾਮਾਂ ਪੈ ਗਈਆਂ। ਗੁਰੂ ਜੀ ਨੇ ਹੋਰ ਸਿੰਘ ਭੇਜਣ ਦੀ ਥਾਂ ‘ਤੇ ਆਖ਼ਰੀ ਹੱਲੇ ਤੀਰਾਂ ਤੇ ਗੋਲੀਆਂ ਦਾ ਮੀਂਹ ਵਰ੍ਹਾ ਦਿੱਤਾ। ਰਾਤ ਸਮੇਂ ਲੜਾਈ ਬੰਦ ਹੋ ਗਈ।

22 ਦਸੰਬਰ 1704 ਈ. ਮੁਤਾਬਕ 8 ਪੋਹ 1761 ਬਿਕਰਮੀ ਦੀ ਅੱਧੀ ਰਾਤ ਦੇ ਦੂਜੇ ਪਹਿਰ ਗਏ ਸਿੰਘਾਂ ਨੇ ਗੁਰੂ ਜੀ ਨੂੰ ਗੜ੍ਹੀ ਛੱਡ ਜਾਣ ਦੀ ਬੇਨਤੀ ਕੀਤੀ।ਪਰ ਉਹ ਨਾ ਮੰਨੇ।ਪਰ ਸਿੰਘਾਂ ਨੇ ਆਪਣੇ ਵਿੱਚੋਂ ਭਾਈ ਦਇਆ ਸਿੰਘ ਦੀ ਅਗਵਾਈ ਵਿੱਚ ਪੰਜ ਪਿਆਰੇ ਚੁਣ ਲਏ, ਜਿਨ੍ਹਾਂ ਨੇ ਗੁਰੂ ਸਾਹਿਬ ਨੂੰ ਉਸੇ ਵੇਲੇ ਗੜ੍ਹੀ ਵਿੱਚੋਂ ਬਚ ਨਿਕਲਣ ਲਈ ਬੇਨਤੀ ਕੀਤੀ। ਥੋੜ੍ਹੀ ਦੇਰ ਸੋਚ ਵਿਚਾਰ ਕੇ ਗੁਰੂ ਜੀ ਨੇ ਬੇਨਤੀ ਪ੍ਰਵਾਨ ਕਰ ਲਈ। ਆਪਣੇ ਅਸਤਰ, ਸ਼ਸਤਰ ਤੇ ਵਸਤਰ ਉਤਾਰ ਕੇ ਬਾਬਾ ਸੰਗਤ ਸਿੰਘ ਨੂੰ ਪਹਿਨਾ ਕੇ ਆਪਣੇ ਹੀਰਿਆਂ ਜੜੀ ਕਲਗੀ ਉਤਾਰ ਕੇ ਉਸ ਦੇ ਸਿਰ ਸਜ਼ਾ ਦਿੱਤੀ।ਅਜਿਹਾ ਗੁਰੂ ਜੀ ਦਾ ਭੁਲੇਖਾ ਪਾਉਣ ਲਈ ਕੀਤਾ ਗਿਆ। ਇਹ ਵੀ ਫੈਸਲਾ ਕੀਤਾ ਗਿਆ ਕਿ ਤਿੰਨ ਸਿੰਘ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਗੁਰੂ ਸਾਹਿਬ ਨਾਲ ਬਾਹਰ ਜਾਣਗੇ ਤੇ ਬਾਕੀ ਸਿੰਘ ਬਾਬਾ ਸੰਗਤ ਸਿੰਘ ਨਾਲ ਗੜ੍ਹੀ ਵਿੱਚ ਹੀ ਰਹਿਣਗੇ। ਅਜਿਹਾ ਹੀ ਹੋਇਆ। ਗੁਰੂ ਸਾਹਿਬ ਤੇ ਤਿੰਨੇ ਸਿੰਘ ਇਕੱਲਾ ਇਕੱਲਾ ਕਰਕੇ ਗੜ੍ਹੀ ਤੋਂ ਬਾਹਰ ਨਿਕਲ ਗਏ ਤੇ ਵੱਖਰੇ ਵੱਖਰੇ ਰਾਹ ਪੈ ਗਏ। ਗੜ੍ਹੀ ਵਿਚਲੇ ਰਹਿ ਗਏ ਸਿੰਘ ਅਗਲੇ ਦਿਨ ਬਹਾਦਰੀ ਵਿਖਾਉਂਦੇ ਹੋਏ ਸ਼ਹੀਦੀਆਂ ਪਾ ਗਏ। ਇਸ ਤਰ੍ਹਾਂ ਇਸ ਦੋ ਦਿਨਾਂ ਦੇ ਯੁੱਧ ਵਿੱਚ ਦੋ ਵੱਡੇ ਸਾਹਿਬਜ਼ਾਦਿਆਂ ਤੋਂ ਇਲਾਵਾ ਤਿੰਨ ਪਿਆਰੇ ਭਾਈ ਮੋਹਕਮ ਸਿੰਘ, ਭਾਈ ਜੀਵਨ ਸਿੰਘ (ਭਾਈ ਜੈਤਾ ਰੰਘਰੇਟਾ ਗੁਰੂ ਕਾ ਬੇਟਾ) ਸਮੇਤ 40 ਸਿੰਘ ਸ਼ਹੀਦੀਆਂ ਪਾ ਕੇ ਦੁਨੀਆਂ ਵਿੱਚ ਅਨੋਖਾ ਇਤਿਹਾਸ ਸਿਰਜ ਗਏ।

ਸੰਪਰਕ :9417533060

Share this Article
Leave a comment