ਓਟਾਵਾ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਜੋ ਕਿ 9 ਸਾਲਾਂ ਦੇ ਲੰਬੇ ਕਾਰਜਕਾਲ ਤੋਂ ਬਾਅਦ ਅਹੁਦਾ ਛੱਡ ਰਹੇ ਹਨ, ਉਹ ਆਪਣੇ ਆਖਰੀ ਮੀਡੀਆ ਸੰਬੋਧਨ ਦੌਰਾਨ ਭਾਵੁਕ ਹੋ ਗਏ। ਵੀਰਵਾਰ ਨੂੰ ਇੱਕ ਪ੍ਰੈੱਸ ਕਾਨਫਰੰਸ ਦੌਰਾਨ, ਉਨ੍ਹਾਂ ਨੇ ਆਪਣੇ ਕਾਰਜਕਾਲ ਦੇ ਵਕਫ਼ੇ ‘ਚ ਆਏ ਉਤਾਰ-ਚੜ੍ਹਾਵਾਂ ਨੂੰ ਯਾਦ ਕੀਤਾ। ਉਨ੍ਹਾਂ ਨੇ ਖ਼ਾਸ ਤੌਰ ‘ਤੇ, ਡੋਨਾਲਡ ਟਰੰਪ ਪ੍ਰਸ਼ਾਸਨ ਵੱਲੋਂ ਲਗਾਈ ਗਈ ਟੈਰੀਫ਼ ਦੀ ਨੀਤੀ ਅਤੇ ਇਸ ਕਾਰਨ ਕੈਨੇਡਾ-ਅਮਰੀਕਾ ਸਬੰਧਾਂ ‘ਚ ਆਏ ਤਣਾਅ ਬਾਰੇ ਵੀ ਗੱਲ ਕੀਤੀ।
ਟਰੂਡੋ ਨੇ ਇਸ ਸਾਲ ਜਨਵਰੀ ‘ਚ ਆਪਣੇ ਅਸਤੀਫ਼ੇ ਦਾ ਐਲਾਨ ਕੀਤਾ ਸੀ। ਉਹਨਾ ਬੋਲਦਿਆਂ ਨੇ ਕਿਹਾ ਕਿ ਉਨ੍ਹਾਂ ਦੀ ਹਮੇਸ਼ਾ ਕੋਸ਼ਿਸ਼ ਰਹੀ ਕਿ ਕੈਨੇਡਾ ਦੇ ਲੋਕਾਂ ਨੂੰ ਪਹਿਲ ਦੇਣ। ਉਨ੍ਹਾਂ ਦਾ ਮਕਸਦ ਹਮੇਸ਼ਾ ਆਮ ਲੋਕਾਂ ਦੀ ਜ਼ਿੰਦਗੀ ਬਿਹਤਰ ਬਣਾਉਣਾ ਸੀ। ਇਹ ਗੱਲ ਕਹਿੰਦਿਆਂ ਉਹ ਭਾਵੁਕ ਹੋ ਗਏ ਅਤੇ ਉਨ੍ਹਾਂ ਦੀਆਂ ਅੱਖਾਂ ਭਰ ਆਈਆਂ।
ਪਿਛਲੇ 9 ਸਾਲ ਤੋਂ ਲਿਬਰਲ ਪਾਰਟੀ ਦੇ ਨੇਤਾ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਵਜੋਂ ਸੇਵਾ ਨਿਭਾ ਰਹੇ ਟਰੂਡੋ, ਹੁਣ ਨਵੇਂ ਨੇਤਾ ਦੀ ਚੋਣ ਹੋਣ ‘ਤੇ ਆਪਣਾ ਅਹੁਦਾ ਛੱਡਣਗੇ। ਲਿਬਰਲ ਪਾਰਟੀ ਇਸ ਐਤਵਾਰ ਨੂੰ ਆਪਣਾ ਨਵਾਂ ਨੇਤਾ ਚੁਣੇਗੀ।
“ਕੈਨੇਡਾ ਦੇ ਲੋਕ ਹਮੇਸ਼ਾ ਮੇਰੀ ਤਰਜੀਹ ਰਹੇ” – ਟਰੂਡੋ
ਆਪਣੀ ਆਖਰੀ ਮੀਡੀਆ ਬ੍ਰੀਫਿੰਗ ਦੌਰਾਨ, ਟਰੂਡੋ ਨੇ ਦੱਸਿਆ ਕਿ ਉਨ੍ਹਾਂ ਨੇ ਹਰ ਰੋਜ਼ ਕੈਨੇਡਾ ਦੇ ਲੋਕਾਂ ਦੀ ਭਲਾਈ ਲਈ ਕੰਮ ਕੀਤਾ। ਉਨ੍ਹਾਂ ਨੇ ਕਿਹਾ, “ਮੈਂ ਤੁਹਾਨੂੰ ਇਹ ਦੱਸਣ ਆਇਆ ਹਾਂ ਕਿ ਮੈਂ ਹਮੇਸ਼ਾ ਤੁਹਾਡੇ ਨਾਲ ਹਾਂ। ਇਹ ਸਰਕਾਰ ਆਪਣੇ ਆਖਰੀ ਦਿਨਾਂ ‘ਚ ਵੀ ਕੈਨੇਡਾ ਦੇ ਲੋਕਾਂ ਨੂੰ ਨਿਰਾਸ਼ ਨਹੀਂ ਕਰੇਗੀ। ਅਸੀਂ ਦੇਸ਼ ਦੀ ਭਲਾਈ ਲਈ ਹਰ ਸੰਭਵ ਕਦਮ ਚੁਕਾਂਗੇ।”
ਟਰੂਡੋ ਨੇ, ਅਮਰੀਕਾ ਨਾਲ ਚਲ ਰਹੇ ਵਪਾਰਕ ਟਕਰਾਅ ਦਾ ਹਵਾਲਾ ਦਿੰਦਿਆਂ, ਕੈਨੇਡਾ ਦੇ ਲੋਕਾਂ ਨੂੰ ਇੱਕਜੁਟਤਾ ਬਣਾਈ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ, ‘ਅੰਤਰਰਾਸ਼ਟਰੀ ਵਪਾਰ ਅਤੇ ਦੇਸ਼ਾਂ ਦੇ ਸਬੰਧਾਂ ‘ਚ, ਹਮੇਸ਼ਾ ਦੋਵੇਂ ਪਾਸਿਆਂ ਲਈ ਵਾਧੂ ਲਾਭ ਹੋਣਾ ਚਾਹੀਦਾ ਹੈ।’
ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ, ਕੈਨੇਡਾ ਨੇ ਕਈ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕੀਤਾ, ਜਿਵੇਂ ਕਿ ਡੋਨਾਲਡ ਟਰੰਪ ਦਾ ਪ੍ਰਸ਼ਾਸਨ, ਕੋਵਿਡ-19 ਮਹਾਂਮਾਰੀ, ਮੁਦਰਾ ਸਫ਼ੀਤੀ ਦਾ ਸੰਕਟ, ਯੂਕਰੇਨ ‘ਚ ਯੁੱਧ ਅਤੇ ਪੱਛਮੀ ਏਸ਼ੀਆ ‘ਚ ਮੁਸ਼ਕਿਲ ਹਾਲਾਤ। ਉਨ੍ਹਾਂ ਕਿਹਾ, “ਇਸ ਸਭ ਦੇ ਦੌਰਾਨ, ਮੈਂ ਹਮੇਸ਼ਾ ਕੈਨੇਡਾ ਲਈ ਕੰਮ ਕੀਤਾ ਹੈ, ਅਤੇ ਆਖਰੀ ਪਲ ਤੱਕ ਕਰਦਾ ਰਹਾਂਗਾ।”