ਉੱਘੇ ਇਤਿਹਾਸਕਾਰਾਂ ਨੇ ਦੂਜੀ ਵਿਸ਼ਵ ਜੰਗ ਦੌਰਾਨ ਇਟਲੀ ਮੁਹਿੰਮ ਵਿੱਚ ਭਾਰਤੀ ਸੈਨਿਕਾਂ ਦੇ ਵਡਮੁੱਲੇ ਯੋਗਦਾਨ `ਤੇ ਚਾਨਣਾ ਪਾਇਆ

TeamGlobalPunjab
3 Min Read

ਚੰਡੀਗੜ੍ਹ : ਅੱਜ ਚੌਥੇ ਮਿਲਟਰੀ ਲਿਟਰੇਚਰ ਫੈਸਟੀਵਲ ਦੇ ਦੂਜੇ ਦਿਨ, ਦੂਜੇ ਵਿਸ਼ਵ ਯੁੱਧ ਦੌਰਾਨ ਇਟਲੀ ਮੁਹਿੰਮ ਵਿੱਚ ਭਾਰਤੀ ਸੈਨਿਕਾਂ ਦੁਆਰਾ ਦਿੱਤੀਆਂ ਕੁਰਬਾਨੀਆਂ ਅਤੇ ਵਿਖਾਈ ਗਏ ਅਸਾਧਾਰਨ ਹੌਂਸਲੇ ਤੇ ਬਹਾਦਰੀ ਦੀਆਂ ਕਹਾਣੀਆਂ `ਤੇ ਚਾਨਣਾ ਪਾਇਆ ਗਿਆ।ਅੱਜ ਇੱਥੇ ਦੂਜੇ ਵਿਸ਼ਵ ਯੁੱਧ ਦੌਰਾਨ ਇਟਲੀ ਵਿੱਚ ਭਾਰਤੀ ਸੈਨਾ` ਵਿਸ਼ੇ `ਤੇ ਆਨਲਾਈਨ ਸੈਸ਼ਨ ਕਰਵਾਇਆ ਗਿਆ ਜਿਸ ਵਿਚ ਉੱਘੇ ਫੌਜੀ ਇਤਿਹਾਸਕਾਰ, ਡਾ. ਰਾਬਰਟ ਲਾਇਮਨ, ਡਾ. ਅਲੈਗਜ਼ੈਂਡਰ ਵਿਲਸਨ, ਪ੍ਰੋਫੈਸਰ ਨਾਇਲ ਬਾਰ, ਸ੍ਰੀ ਗੈਰੇਥ ਡੇਵਿਸ ਅਤੇ ਕਰਨਲ (ਸੇਵਾਮੁਕਤ) ਪੈਟਰਿਕ ਮਰਸਰ ਨੇ ਹਿੱਸਾ ਲਿਆ। ਵਿਚਾਰ ਵਟਾਂਦਰੇ ਦਾ ਸੰਚਾਲਨ ਕਰਦਿਆਂ ਬ੍ਰਿਟਿਸ਼ ਫੌਜੀ ਇਤਿਹਾਸਕਾਰ ਡਾ. ਰਾਬਰਟ ਲਾਇਮਨ, ਜਿਨ੍ਹਾਂ ਨੇ ਦੂਜੇ ਵਿਸ਼ਵ ਯੁੱਧ `ਤੇ ਕਈ ਪ੍ਰਸਿੱਧ ਕਿਤਾਬਾਂ ਲਿਖੀਆਂ ਹਨ, ਨੇ ਕਿਹਾ ਕਿ ਭਾਰਤੀ ਸੈਨਿਕਾਂ ਦੇ ਯੋਗਦਾਨ ਅਤੇ ਅਸਾਧਾਰਨ ਬਹਾਦਰੀ ਨੂੰ ਵਿਸ਼ਵ ਇਤਿਹਾਸ ਦੇ ਸੁਨਹਿਰੀ ਅੱਖਰਾਂ ਵਿਚ ਉਕਰਿਆ ਗਿਆ ਹੈ, ਜਿਸਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਡਾ. ਅਲੈਗਜ਼ੈਂਡਰ ਵਿਲਸਨ ਜੋ ਲੰਡਨ ਦੇ ਕਿੰਗਜ਼ ਕਾਲਜ ਵਿਚ ਡਿਫੈਂਸ ਸਟੱਡੀਜ਼ ਵਿਭਾਗ `ਚ ਫੌਜੀ ਇਤਿਹਾਸ ਪੜ੍ਹਾਉਂਦੇ ਹਨ, ਨੇ ਬ੍ਰਿਟਿਸ਼ ਫੌਜ ਵਿਚ ਭਾਰਤੀ ਸੈਨਿਕਾਂ ਦੀ ਮਹੱਤਤਾ ਦੇ ਨਾਲ-ਨਾਲ ਰਣਨੀਤਕ ਪੈਂਤੜਿਆਂ ਅਤੇ ਯੁੱਧ ਦੌਰਾਨ ਸਹਿਯੋਗੀ ਬਲਾਂ ਵਿਚ ਆਪਸੀ ਤਾਲਮੇਲ `ਤੇ ਚਾਨਣਾ ਪਾਇਆ। ਕਿੰਗਜ਼ ਕਾਲਜ ਲੰਡਨ ਵਿਖੇ ਫੌਜੀ ਇਤਿਹਾਸ ਬਾਰੇ ਪ੍ਰੋਫੈਸਰ, ਨਾਇਲ ਬਾਰ ਨੇ ਕਿਹਾ ਕਿ ਭਾਰਤੀ ਫੌਜ ਸਭ ਤੋਂ ਵੱਡੀ ਸਵੈਇੱਛੁਕ ਫੌਜ ਸੀ, ਜਿਸ ਨੇ ਇਟਲੀ ਵਿੱਚ ਖੇਤਰੀ ਅਤੇ ਮੌਸਮੀ ਹਾਲਾਤਾਂ ਦੇ ਟਾਕਰੇ ਦੇ ਨਾਲ ਨਾਲ ਜਰਮਨ ਵਰਗੇ ਇੱਕ ਤਾਕਤਵਰ ਵਿਰੋਧੀ ਦਾ ਵੀ ਡੱਟ ਕੇ ਸਾਹਮਣਾ ਕੀਤਾ ਭਾਰਤੀ ਫੌਜ ਨੇ 1943 ਤੋਂ 1945 ਤੱਕ ਇੱਕ ਦਲੇਰਾਨਾ ਲੜਾਈ ਲੜੀ ਜਿਸ ਦੌਰਾਨ 5,782 ਫੌਜੀਆਂ ਨੇ ਸ਼ਹਾਦਤ ਦਾ ਜਾਮ ਪੀਤਾ। ਉਨ੍ਹਾਂ ਨੇ ਕਿਹਾ ਕਿ ਭਾਰਤੀ ਫੌਜ ਦੀ ਬਹਾਦਰੀ ਅਤੇ ਕੁਰਬਾਨੀ ਦੀ ਕਹਾਣੀ ਅੱਜ ਵੀ ਇਟਲੀ ਦੇ ਸ਼ਹਿਰਾਂ ਅਤੇ ਪਿੰਡਾਂ ਵਿਚ ਸੁਣਾਈ ਜਾਂਦੀ ਹੈ।

ਇਟਲੀ ਵਿਚ ਭਾਰਤੀ ਸੈਨਿਕਾਂ ਵਲੋਂ ਲੜੀਆਂ ਗਈਆਂ ਲੜਾਈਆਂ ਨੂੰ ਯਾਦ ਕਰਦਿਆਂ, ਯੁੱਧ ਦੇ ਵਿਸ਼ਲੇਸ਼ਕ ਸ੍ਰੀ ਗੈਰੇਥ ਡੇਵਿਸ ਅਤੇ ਕਰਨਲ (ਸੇਵਾਮੁਕਤ) ਪੈਟਰਿਕ ਮਰਸਰ ਜੋ ਫੌਜੀ ਇਤਿਹਾਸਕਾਰ,ਬੀ.ਬੀ.ਸੀ ਦੇ ਪੱਤਰਕਾਰ ਤੇ 2001 ਤੋਂ 2014 ਤੱਕ ਨਿਵਾਰਕ ਤੋਂ ਐਮ.ਪੀ. ਵੀ ਰਹੇ ਨੇ ਕਿਹਾ ਕਿ ਚੌਥੀ, ਅੱਠਵੀਂ ਅਤੇ ਦਸਵੀਂ ਇੰਡੀਅਨ ਇਨਫੈਂਟਰੀ ਡਿਵੀਜਨ ਨੇ ਮੋਂਟੇ ਕੈਸੀਨੋ ’ਤੇ ਕਬਜ਼ਾ ਕਰਨ ਲਈ ਲੜੀ ਜੰਗ ਅਤੇ ਗੋਥਿਕ ਲਾਈਨ ਦੀ ਮੁਹਿੰਮ ਵਿਚ ਅਹਿਮ ਭੂਮਿਕਾ ਨਿਭਾਈ ਸੀ। ਇਹ ਇਨਫੈਂਟਰੀ ਡਿਵੀਜਨਾਂ 43ਵੀਂ ਇਨਡੀਪੈਂਡੈਂਟ ਗੁਰਖਾ ਇਨਫੈਂਟਰੀ ਬਿ੍ਰਗੇਡ ਦੇ ਨਾਲ ਮਿਲ ਕੇ ਬੜੀ ਬਹਾਦਰੀ ਨਾਲ ਲੜੀਆਂ। ਇਟਲੀ ਮੁਹਿੰਮ ਵਿਚ ਭਾਰਤੀ ਸੈਨਿਕਾਂ ਦਾ ਯੋਗਦਾਨ ਤੋਂ ਹਰ ਕੋਈ ਜਾਣੂ ਹੈ। ਤਕਰੀਬਨ 50,000 ਭਾਰਤੀ ਸੈਨਿਕਾਂ, ਜਿਨ੍ਹਾਂ `ਚੋਂ ਜਿਆਦਾਤਰ ਦੀ ਉਮਰ 19 ਤੋਂ 22 ਸਾਲ ਦੇ ਦਰਮਿਆਨ ਸੀ, ‘ਇਟਲੀ ਦੀ ਆਜ਼ਾਦੀ ਦੀ ਲੜਾਈ’ ਵਿੱਚ ਬਹਾਦਰੀ ਨਾਲ ਲੜੇ।ਮੌਂਟੇ ਕੈਸੀਨੋ ਅਤੇ ਸੈਂਗਰੋ ਨਦੀ ਦੀ ਲੜਾਈ ਅਤੇ ਗੋਥਿਕ ਲਾਈਨਜ਼ ਦੀ ਲੜਾਈ ਵਿਚ ਭਾਰਤੀ ਫੌਜੀਆਂ ਨੇ ਬਹਾਦਰੀ ਦੇ ਜੌਹਰ ਦਿਖਾਏ। ਉਨ੍ਹਾਂ ਨੇ ਅੱਗੇ ਕਿਹਾ ਕਿ ਭਾਰਤੀ ਸੈਨਿਕਾਂ ਨੇ ਫਾਸੀਵਾਦੀ ਤਾਕਤਾਂ ਵਿਰੁੱਧ ਇਟਲੀ ਦੀ ਲੜਾਈ ਲੜਦਿਆਂ ਆਪਣੀਆਂ ਜਾਨਾਂ ਵਾਰੀਆਂ।

Share this Article
Leave a comment