ਰਾਜ ਸਭਾ ਮੈਂਬਰਾਂ ਦੀ ਚੋਣ: ਕਿੰਨਾ ਕੁ ਮਿਲਦਾ ਹੈ ਇਨ੍ਹਾਂ ਨੂੰ ਲਾਭ

TeamGlobalPunjab
6 Min Read

-ਅਵਤਾਰ ਸਿੰਘ

ਰਾਜ ਸਭਾ ਦੀਆਂ ਦੋ ਸਾਲ ਬਾਅਦ ਹੋਣ ਵਾਲੀਆਂ ਚੋਣਾਂ ਨੇਪਰੇ ਚੜ੍ਹਨ ਨਾਲ ਉਪਰਲੇ ਸਦਨ ਵਿੱਚ ਵਿਰੋਧੀ ਧਿਰ ਦੇ ਮੁਕਾਬਲੇ ਭਾਜਪਾ ਦੀ ਅਗਵਾਈ ਵਾਲੀ ਐਨ ਡੀ ਏ ਦੀ ਸ਼ਕਤੀ ਹੋਰ ਵਧ ਗਈ ਹੈ ਅਤੇ ਭਗਵਾ ਦਲ ਕੋਲ ਰਾਜ ਸਭਾ ਵਿੱਚ ਹੁਣ 86 ਸੀਟਾਂ ਅਤੇ ਕਾਂਗਰਸ ਕੋਲ ਮਹਿਜ 41 ਮੇਂਬਰ ਹਨ।
ਭਾਜਪਾ ਦੀ ਅਗਵਾਈ ਵਾਲੇ ਐਨ ਡੀ ਏ ਦੇ ਮੈਂਬਰਾਂ ਦੀ ਗਿਣਤੀ ਹੁਣ 245 ਮੈਂਬਰਾਂ ਵਾਲੇ ਸਦਨ ਵਿੱਚ ਲਗਪਗ 100 ਤਕ ਪਹੁੰਚ ਗਈ ਹੈ। ਜੇਕਰ ਏ ਆਈ ਡੀ ਐਮ ਕੇ (9), ਬੀ ਜੇ ਡੀ (9), ਵਾਈ ਐਸ ਆਰ ਕਾਂਗਰਸ ਪਾਰਟੀ (6) ਵਰਗੇ ਦਲਾਂ ਦਾ ਸਮਰਥਨ ਅਤੇ ਕਈ ਨਾਮਜ਼ਦ ਮੈਂਬਰਾਂ ਦਾ ਸਮਰਥਨ ਗਿਣ ਲਿਆ ਜਾਵੇ ਤਾਂ ਮੋਦੀ ਸਰਕਾਰ ਨੂੰ ਕੋਈ ਗੰਭੀਰ ਚੁਣੌਤੀ ਦਾ ਸਾਹਮਣਾ ਕਰਨਾ ਨਜ਼ਰ ਨਹੀਂ ਆਓਂਦਾ।

ਚੋਣ ਕਮਿਸ਼ਨ ਨੇ 61 ਸੀਟਾਂ ‘ਤੇ ਦੋ ਸਾਲ ਚੋਣ ਕਰਵਾਉਣ ਦਾ ਐਲਾਨ ਕੀਤਾ ਸੀ, ਜਿਨ੍ਹਾਂ ਵਿਚੋਂ 55 ਸੀਟਾਂ ਦੀ ਮਾਰਚ ਵਿਚ ਚੋਣ ਹੋਣੀ ਸੀ। ਪਰ ਕੋਰੋਨਾ ਦੇ ਕਾਰਨ ਦੇਰ ਹੋ ਗਈ ਸੀ। ਪਹਿਲਾਂ ਹੀ 42 ਮੈਂਬਰ ਬਿਨਾ ਮੁਕਾਬਲਾ ਚੁਣੇ ਗਏ ਸਨ। ਸ਼ੁਕਰਵਾਰ ਨੂੰ 19 ਸੀਟਾਂ ‘ਤੇ ਹੋਈ ਚੋਣ ਵਿਚ ਭਾਜਪਾ ਨੇ 8 ਸੀਟਾਂ, ਕਾਂਗਰਸ ਅਤੇ ਵਾਈ ਐਸ ਆਰ ਕਾਂਗਰਸ ਪਾਰਟੀ ਨੇ ਚਾਰ ਚਾਰ ਸੀਟਾਂ ਅਤੇ ਤਿੰਨ ਹੋਰਾਂ ਨੇ ਜਿੱਤ ਦਰਜ ਕਾਰਵਾਈ। ਮੱਧ ਪ੍ਰਦੇਸ਼ ਅਤੇ ਗੁਜਰਾਤ ਵਿੱਚ ਕਈ ਵਿਧਾਇਕਾਂ ਦੇ ਦਲ ਬਦਲਣ ਕਾਰਨ ਭਾਜਪਾ ਨੇ ਆਪਣੀ ਗਿਣਤੀ ਦੇ ਦਮ ਉਪਰ ਸੀਟਾਂ ਜਿੱਤੀਆਂ। ਸੂਤਰਾਂ ਦਾ ਕਹਿਣਾ ਹੈ ਕਿ ਭਾਜਪਾ ਨੇ 17, ਕਾਂਗਰਸ ਨੇ 9, ਭਾਜਪਾ ਸਹਿਯੋਗੀ ਜੇ ਡੀ (ਯੂ) ਨੇ ਤਿੰਨ, ਬੀ ਜੇ ਡੀ ਅਤੇ ਤਰਿਣਮੂਲ ਕਾਂਗਰਸ ਨੇ ਚਾਰ-ਚਾਰ, ਅੰਨਾਦ੍ਰੁਮਕ ਨੇ ਤਿੰਨ ਤਿੰਨ, ਰਾਕਾਂਪਾ, ਆਰ ਜੇ ਡੀ ਅਤੇ ਟੀ ਆਰ ਐੱਸ ਨੇ ਦੋ ਦੋ ਅਤੇ ਬਾਕੀ ਸੀਟਾਂ ਹੋਰਾਂ ਨੇ ਜਿੱਤੀਆਂ। ਇਨ੍ਹਾਂ 61 ਨਵੇਂ ਮੈਂਬਰਾਂ ਵਿਚੋਂ 43 ਪਹਿਲੀ ਵਾਰ ਚੁਣੇ ਗਈ ਹਨ ਜਿਨ੍ਹਾਂ ਵਿੱਚ ਭਾਜਪਾ ਦੇ ਜੋਤਿਰਦਿਤ੍ਯ ਸਿੰਧੀਆ ਅਤੇ ਕਾਂਗਰਸ ਦੇ ਮਾਲਿਕਾਰਜਨ ਖੜਗੇ ਸ਼ਾਮਿਲ ਹਨ। ਦੋਵੇਂ ਲੋਕ ਸਭ ਮੈਂਬਰ ਸਨ ਪਰ 2019 ਵਿੱਚ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਭਾਰਤ ਦੇ ਸੰਵਿਧਾਨ ਅਨੁਸਾਰ ਦੇਸ਼ ਦਾ ਰਾਜ ਪ੍ਰਬੰਧ ਚਲਾਉਣ ਲਈ ਲੋਕ ਸਭਾ ਤੇ ਰਾਜ ਸਭਾ ਦਾ ਗਠਨ ਕੀਤਾ ਜਾਂਦਾ ਹੈ। ਲੋਕ ਸਭਾ ਮੈਂਬਰ ਪੰਜ ਸਾਲ (ਚੋਣਾਂ ਰਾਹੀਂ) ਰਾਜ ਸਭਾ ਦੇ ਮੈਂਬਰ ਛੇ ਸਾਲ ਲਈ ਚੁਣੇ ਜਾਂਦੇ ਹਨ। ਰਾਜ ਸਭਾ ਸਥਾਈ ਸਦਨ ਹੈ ਜਿਸਦਾ ਤੀਜਾ ਹਿੱਸਾ ਮੈਂਬਰ ਬਦਲ ਜਾਂਦੇ ਹਨ। 250 ਮੈਬਰਾਂ ‘ਚੋਂ 238 ਮੈਂਬਰ ਰਾਜ ਤੇ ਕੇਂਦਰੀ ਪਰਸ਼ਾਸਿਤ ਇਲਾਕਿਆਂ ਦੀਆਂ ਵਿਧਾਨ ਸਭਾ ਦੇ ਚੁਣੇ ਮੈਬਰ ਕਰਦੇ ਹਨ ਤੇ ਬਾਕੀ 12 ਮੈਬਰ ਰਾਸ਼ਟਰਪਤੀ ਨਾਮਜ਼ਦ ਕਰਦਾ ਹੈ।

- Advertisement -

2012 ਵਿੱਚ ਫਿਲਮੀ ਅਦਾਕਾਰਾ ਰੇਖਾ ਤੇ ਕ੍ਰਿਕਟ ਦੇ ਭਗਵਾਨ ਅਖਵਾਉਣ ਵਾਲੇ ‘ਭਗਵਾਨ’ ਰਾਜ ਸਭਾ ਦੇ ਮੈਂਬਰ ਬਣੇ ਸਨ। ਆਰ ਟੀ ਆਈ ਦੇ ਕਾਰਕੁਨ ਸਤਪਾਲ ਗੋਇਲ ਨੂੰ ਇਹ ਜਾਣਕਾਰੀ ਮਿਲੀ ਕਿ 2013 ਵਿਚ ਸਚਿਨ ਸਿਰਫ ਤਿੰਨ ਦਿਨ ਤੇ ਪੰਜ ਸਾਲਾਂ ਵਿਚ ਕੁਲ 23 ਦਿਨ ਰਾਜ ਸਭਾ ਵਿੱਚ ਗਿਆ। ਇਸੇ ਤਰ੍ਹਾਂ ਅਦਾਕਾਰਾ ਰੇਖਾ ਪੰਜ ਸਾਲਾਂ ਵਿਚ 17 ਦਿਨ ਦੀ ਹਾਜਰੀ ਲਵਾ ਸਕੀ। ਪੰਜਾਂ ਸਾਲਾਂ ਵਿੱਚ ਇਨ੍ਹਾਂ ਕੋਈ ਸੁਆਲ ਨਹੀਂ ਪੁੱਛਿਆ ਤੇ ਨਾ ਹੀ ਕਿਸੇ ਬਹਿਸ ਵਿੱਚ ਹਿੱਸਾ ਲਿਆ, ਚੁਪ ਦਰਸ਼ਕ ਬਣੇ ਰਹੇ।

ਸਮਾਜਵਾਦੀ ਪਾਰਟੀ ਦੇ ਨੇਤਾ ਨਰੇਸ਼ ਅਗਰਵਾਲ ਨੇ ਕਿਹਾ ਸੀ, ਇਨ੍ਹਾਂ ਨੂੰ ਇਸ ਕਰਕੇ ਸੰਸਦ ਮੈਂਬਰ ਲਿਆ ਸੀ ਕਿ ਸਮਾਜ ਵਿੱਚ ਕੁਝ ਨਵਾਂ ਕਰਨ ਪਰ ਇਹ ਲੋਕ ਸਰਕਾਰੀ ਸੁਖ ਲੈਂਦੇ ਰਹੇ। ਕੁਝ ਮੈਂਬਰਾਂ ਨੇ ਇਨ੍ਹਾਂ ਦੀ ਮੈਂਬਰਸ਼ਿਪ ਰੱਦ ਕਰਨ ਦੀ ਵੀ ਮੰਗ ਕੀਤੀ ਸੀ ਪਰ ਸਭਾ ਦੇ ਚੇਅਰਮੈਨ ਵਲੋਂ ਇਹ ਮੰਗ ਰੱਦ ਕਰ ਦਿੱਤੀ ਗਈ ਸੀ।

ਰਿਪੋਰਟਾਂ ਮੁਤਾਬਿਕ ਇਕ ਮੈਂਬਰ ਪਾਰਲੀਮੈਂਟ ਮੈਂਬਰ ਨੂੰ 5 ਕਰੋੜ ਰੁਪਏ ਵਿਕਾਸ ਫੰਡ ਦਿੱਤਾ ਜਾਂਦਾ ਹੈ। 50,000 ਰੁਪਏ ਮਾਸਿਕ ਤਨਖਾਹ, 45000 ਹਲਕਾ ਭੱਤਾ, 45,000 ਦਫਤਰੀ ਭੱਤਾ, 2000 ਸੰਸਦ ਦੀ ਕਾਰਵਾਈ ਵਿੱਚ ਸ਼ਾਮਲ ਹੋਣ ਦਾ, 16 ਰੁਪਏ ਪ੍ਰਤੀ ਕਿਲੋਮੀਟਰ ਯਾਤਰੀ ਭੱਤਾ, ਦਿੱਲੀ ਦੇ 300 ਕਿਲੋਮੀਟਰ ਘੇਰੇ ਅੰਦਰ ਰਹਿਣ ਵਾਲੇ ਸੰਸਦ ਮੈਂਬਰਾਂ ਦੀਆਂ ਪਤਨੀਆਂ/ਪਤੀਆਂ ਨੂੰ ਸੜਕ ਮਾਰਗ ਭੱਤਾ ਵੀ ਮਿਲਦਾ ਹੈ। ਹਰ ਐਮ ਪੀ ਨੂੰ ਰੇਲਵੇ ਦੇ ਦੋ ਮੈਂਬਰਾਂ ਵਾਸਤੇ ਏ ਸੀ ਫਸਟ ਕਲਾਸ ਦਾ ਪੂਰੇ ਸਮੇਂ ਦੌਰਾਨ ਪਾਸ ਮੁਫਤ ਮਿਲਦਾ ਹੈ। ਸਾਲ ਵਿੱਚ 34 ਵਾਰ ਹਵਾਈ ਸਫਰ ਮੁਫਤ ਕਰਨ ਦਾ ਹੱਕਦਾਰ ਹੈ, ਜੇ ਇਹ ਸਹੂਲਤ ਉਸ ਸਾਲ ਨਾ ਲਈ ਗਈ ਹੋਵੇ ਜਾਂ ਜਿਆਦਾ ਹੋਵੇ ਤਾਂ ਅਗਲੇ ਸਾਲ ਵਿਚ ਐਡਜੈਸਟ ਕਰ ਲਿਆ ਜਾਂਦਾ ਹੈ।

ਲੋਕ ਸਭਾ ਚੋਣਾਂ ਸਮੇਂ ਉਮੀਦਵਾਰਾਂ ਨੂੰ ਖਾਸ ਹੱਦ ਤਕ ਖਰਚ ਕਰਨ ਦੀਆਂ ਹਦਾਇਤਾਂ ਹੁੰਦੀਆਂ ਹਨ। ਜਿਸ ਦੀ ਨਿਗਰਾਨੀ ਚੋਣ ਸਮੇਂ ਚੋਣ ਕਮਿਸ਼ਨਰ ਨੇ ਕਰਨੀ ਹੁੰਦੀ ਹੈ। ਚੋਣਾਂ ਵਿੱਚ ਕਰੋੜਾਂ ਰੁਪਏ ਉਮੀਦਵਾਰਾਂ ਵੱਲੋਂ ਕੀਤੇ ਜਾਂਦੇ ਹਨ ਪਰ ਜਿਹੜੀਆਂ ਖਰਚ ਸਬੰਧੀ ਸ਼ਰਤਾਂ ਹੁੰਦੀਆਂ ਹਨ ਜੇ ਸਹੀ ਤਰੀਕੇ ਨਾਲ ਅਬਜ਼ਰਵਰ ਰਿਪੋਰਟ ਕਰਨ ਤਾਂ ਸਾਇਦ ਹੀ ਕੋਈ ਮੈਂਬਰ ਹੋਵੇਗਾ ਜਿਸਨੇ ਹਦਾਇਤਾਂ ਦੀ ਪਾਲਣਾ ਕੀਤੀ ਹੋਵੇ।

ਰਾਜ ਸਭਾ ਦੇ ਮੈਂਬਰਾਂ ਦੀ ਚੋਣ ਵਿਧਾਇਕਾਂ ਨੇ ਅਜਿਹੇ ਮੈਂਬਰ ਦੀ ਕਰਨੀ ਹੁੰਦੀ ਹੈ ਜਿਸਨੇ ਕਿਸੇ ਖੇਤਰ ਵਿਗਿਆਨ, ਵਿਦਿਅਕ, ਸਾਹਿਤ, ਸਮਾਜਿਕ, ਆਰਥਿਕ ਆਦਿ ਵਿਚ ਨਾਮ ਕਮਾਇਆ ਹੋਵੇ ਤਾਂ ਜੋ ਉਹ ਸਬੰਧਤ ਖੇਤਰ ਵਿਚ ਅਹਿਮ ਯੋਗਦਾਨ ਪਾ ਸਕਣ, ਕਿਉਂਕਿ ਕੁਝ ਮੈਂਬਰ ਚੋਣ ਲੜਨਾ ਵੀ ਪਸੰਦ ਨਹੀਂ ਕਰਦੇ। ਇਥੇ ਜਿਆਦਾ ਰਾਜਸੀ ਲੋਕ ਚੁਣੇ ਜਾਂਦੇ ਹਨ ਜਿਨ੍ਹਾਂ ਨੂੰ ਲੋਕਾਂ ਨੇ ਨਕਾਰਿਆ ਹੋਵੇ ਭਾਵ ਲੋਕ ਸਭਾ ਚੋਣਾਂ ਵਿਚ ਹਾਰੇ ਹੋਣ, ਉਨ੍ਹਾਂ ਨੂੰ ਮੰਤਰੀ ਵੀ ਬਣਾਇਆ ਜਾਂਦਾ ਹੈ। ਰਾਜ ਸਭਾ ਮੈਂਬਰ ਕਰੋੜਪਤੀ ਨਹੀਂ ਅਰਬਪਤੀ ਬਣਦੇ ਹਨ। ਭਗੌੜਾ ਅਰਬਪਤੀ ਵਿਜੈ ਮਾਲਿਆ ਰਾਜ ਸਭਾ ਮੈਂਬਰ ਕਿਵੇਂ ਬਣਦਾ ਰਿਹਾ ਕਿਸੇ ਤੋਂ ਭੁਲਿਆ ਨਹੀਂ।

- Advertisement -
Share this Article
Leave a comment