ਨਿਊਜ਼ ਡੈਸਕ: ਅਮਰੀਕਾ ਵਿੱਚ 70 ਸਾਲਾ ਸਿੱਖ ਹਰਪਾਲ ਸਿੰਘ ‘ਤੇ ਹਮਲਾ ਹੋਇਆ ਹੈ। ਉਨ੍ਹਾਂ ਨਾਲ ਇੰਨੀ ਬੇਰਹਿਮੀ ਕੀਤੀ ਗਈ ਹੈ ਕਿ ਉਨ੍ਹਾਂ ਦਾ ਪੂਰਾ ਸਰੀਰ ਖੂਨ ਨਾਲ ਲੱਥਪੱਥ ਹੋ ਗਿਆ। ਸਾਬਕਾ ਕ੍ਰਿਕਟਰ ਅਤੇ ‘ਆਪ’ ਰਾਜ ਸਭਾ ਮੈਂਬਰ ਹਰਭਜਨ ਸਿੰਘ ਨੇ ਇਸ ਘਟਨਾ ਦੀ ਵੀਡੀਓ ਸਾਂਝੀ ਕਰਕੇ ਨਿੰਦਾ ਕੀਤੀ ਹੈ।
ਵੀਡੀਓ ਸ਼ੇਅਰ ਕਰਦੇ ਹੋਏ ਹਰਭਜਨ ਸਿੰਘ ਨੇ ਲਿਖਿਆ ਕਿ 70 ਸਾਲਾ ਹਰਪਾਲ ਸਿੰਘ ‘ਤੇ ਅਮਰੀਕਾ ਦੇ ਉੱਤਰੀ ਹਾਲੀਵੁੱਡ ਵਿੱਚ ਬੇਰਹਿਮੀ ਨਾਲ ਹਮਲਾ ਕੀਤਾ ਗਿਆ ਹੈ। ਇਹ ਹਮਲਾ ਸਿਰਫ਼ ਪੀੜਤ ‘ਤੇ ਹੀ ਨਹੀਂ ਹੈ ਬਲਕਿ ਮਨੁੱਖਤਾ, ਵਿਭਿੰਨਤਾ ਅਤੇ ਆਪਸੀ ਸਤਿਕਾਰ ਵਰਗੀਆਂ ਕਦਰਾਂ-ਕੀਮਤਾਂ ‘ਤੇ ਸਿੱਧਾ ਹਮਲਾ ਹੈ।ਉਨ੍ਹਾਂ ਅੱਗੇ ਕਿਹਾ ਕਿ ਇਹ ਹਮਲਾ ਸਿਰਫ਼ ਇੱਕ ਵਿਅਕਤੀ ‘ਤੇ ਨਹੀਂ, ਸਗੋਂ ਸਮਾਜ ਨੂੰ ਇਕੱਠੇ ਰੱਖਣ ਵਾਲੀਆਂ ਕਦਰਾਂ-ਕੀਮਤਾਂ ‘ਤੇ ਹੈ। ਹਰਭਜਨ ਨੇ ਅਮਰੀਕੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਇਸ ਮਾਮਲੇ ਵਿੱਚ ਦੋਸ਼ੀਆਂ ਵਿਰੁੱਧ ਸਖ਼ਤ ਤੇ ਤੁਰੰਤ ਕਾਰਵਾਈ ਕਰਨ ਦੀ ਅਪੀਲ ਕੀਤੀ। ਅੱਗੇ ਹਰਭਜਨ ਸਿੰਘ ਨੇ ਕਿਹਾ- ਮੈਂ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਅਤੇ ਅਮਰੀਕੀ ਅਧਿਕਾਰੀਆਂ ਨੂੰ ਅਪੀਲ ਕਰਦਾ ਹਾਂ ਕਿ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਨਿਆਂ ਦੇ ਕਟਹਿਰੇ ਵਿੱਚ ਲਿਆਂਦਾ ਜਾਵੇ। ਨਿਆਂ ਹੋਣਾ ਹੀ ਨਹੀਂ ਸਗੋਂ ਹੁੰਦਾ ਵੀ ਦਿਖਾਈ ਦੇਣਾ ਚਾਹੀਦਾ ਹੈ।
ਹਰਪਾਲ ਸਿੰਘ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਜਿੱਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਨ੍ਹਾਂ ਦੇ ਚਿਹਰੇ ਅਤੇ ਸਿਰ ‘ਤੇ ਗੰਭੀਰ ਸੱਟਾਂ ਲੱਗੀਆਂ ਹਨ। ਹੁਣ ਤੱਕ ਉਨ੍ਹਾਂ ਦੀ ਲਗਭਗ 3 ਵਾਰ ਸਰਜਰੀ ਹੋ ਚੁੱਕੀ ਹੈ। ਜਿਸ ਵਿੱਚ ਦਿਮਾਗ ਵਿੱਚ ਖੂਨ ਵਗਣ ਦੀ ਸਰਜਰੀ ਅਤੇ ਅੱਖਾਂ ਦੀ ਸਰਜਰੀ ਸ਼ਾਮਲ ਹੈ। ਇਸ ਵੇਲੇ ਉਹ ਆਈਸੀਯੂ ਵਾਰਡ ਵਿੱਚ ਹਨ।
ਪੁਲਿਸ ਵੱਲੋਂ ਕੀਤੀ ਗਈ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਹਰਪਾਲ ਸਿੰਘ ‘ਤੇ ਨਸਲੀ ਅਤੇ ਨਫ਼ਰਤ ਭਰੀਆਂ ਭਾਵਨਾਵਾਂ ਨਾਲ ਹਮਲਾ ਕੀਤਾ ਗਿਆ ਸੀ। ਉਨ੍ਹਾਂ ਦੀ ਆਸਥਾ, ਨਸਲੀ ਪਛਾਣ ਅਤੇ ਦਿੱਖ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਉਹ ਲੰਕਰਸ਼ਿਮ ਗੁਰਦੁਆਰੇ ਵਿੱਚ ਰਹਿੰਦੇ ਸਨ ਅਤੇ ਅਕਸਰ ਲੰਗਰ ਅਤੇ ਪਾਠ ਦੀ ਸੇਵਾ ਵਿੱਚ ਹਿੱਸਾ ਲੈਂਦੇ ਸਨ।