ਆਸਟ੍ਰੇਲੀਆ ਦੇ ਇਸ ਪਾਰਕ ‘ਚ ਲਗਾਇਆ ਇੱਕਓਅੰਕਾਰ ਦਾ ਚਿੰਨ੍ਹ! ਚਾਰੇ ਪਾਸੇ ਕਰਵਾ ਰਿਹੈ ਵਾਹ ਵਾਹ!

TeamGlobalPunjab
2 Min Read

ਮੈਲਬੌਰਨ : ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੁਨੀਆਂ ‘ਚ ਵੱਖ ਵੱਖ ਥਾਂਈ ਸਮਾਗਮ ਕਰਵਾਏ ਗਏ। ਇਸੇ ਸਿਲਸਿਲੇ ਤਹਿਤ ਮੈਲਬੋਰਨ ਤੋਂ ਕਰੀਬ 160 ਕਿੱਲੋਮੀਟਰ ਦੂਰ ਬੈਂਡਿਗੋ ਦੇ ਪੀਸ ਪਾਰਕ ਵਿੱਖੇ ਇੱਕਓਅੰਕਾਰ ਚਿੰਨ ਦੀ ਸਥਾਪਨਾ ਕੀਤੀ ਗਈ ਹੈ।

ਜਾਣਕਾਰੀ ਮੁਤਾਬਿਕ ਆਸਟ੍ਰੇਲੀਆ ਦੇ ਇਤਹਾਸ ਵਿੱਚ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਸਿੱਖ ਧਰਮ ਦੇ ਕਿਸੇ ਚਿੰਨ੍ਹ ਨੂੰ ਇੱਥੋਂ ਦੇ ਪਾਰਕ ਵਿਖੇ ਲਗਾਇਆ ਗਿਆ। ਵਿਕਟੋਰੀਆ ਸਿੱਖ ਕੋਂਸਲ ਤੇ ਸਟੂਪਾ ਵਲੋਂ ਇੰਟਰਫੇਥ ਕੋਂਸਲ ਦੇ ਸਹਿਯੌਗ ਨਾਲ ਕਰਵਾਏ ਗਏ ਇਸ ਸਮਾਗਮ  ਵਿੱਚ  ਰਾਜਨੀਤਿਕ ,ਧਾਰਮਿਕ ਅਤੇ ਸਮਾਜਿਕ ਸ਼ਖਸੀਅਤਾਂ ਨੇ ਹਾਜਰੀ ਭਰੀ।

ਦੱਸ ਦਈਏ ਕਿ ਇਸ ਆਲੌਕਿਕ ਦਿੱਖ ਵਾਲੇ ਅਤੇ ਵੱਖ ਵੱਖ ਧਾਤਾਂ ਦੇ ਸੁਮੇਲ ਨਾਲ ਬਣੇ ਚਿੰਨ ਤੋ ਪਰਦਾ ਚੁੱਕਣ ਦੀ ਰਸਮ ਪੰਜ ਪਿਆਰਿਆਂ ਵਲੋਂ ਅਦਾ ਕੀਤੀ ਗਈ। ਜਾਣਕਾਰੀ ਮੁਤਾਬਿਕ ਅਰਦਾਸ ਕਰਣ ਤੋ ਉਪਰੰਤ ਇਸ ਚਿੰਨ੍ਹ ਤੋ ਪਰਦਾ ਚੁੱਕਿਆ ਗਿਆ।ਇਸ ਮੌਕੇ  ਵੱਖ ਵੱਖ ਧਰਮਾਂ ਨਾਲ ਸਬੰਧਤ ਲੋਕਾਂ ਨੇ ਵੀ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ।

ਜਾਣਕਾਰੀ ਮੁਤਾਬਿਕ ਇਸ ਚਿੰਨ੍ਹ ਨੂੰ ਪੀਸ ਪਾਰਕ ਵਿੱਚ ਸੁਸ਼ੋਭਿਤ ਕਰਾਉਣ ਲਈ ਅਪੀਲ ਕਰਨ ਵਾਲੇ ਡਾ: ਸੁਪ੍ਰਿਆ ਸਿੰਘ ਨੇ ਦਸਿਆ ਕਿ ਭਾਈਚਾਰੇ ਦੇ ਕਈ ਲੋਕਾਂ ਵਲੋਂ ਨਿਭਾਏ ਗਏ ਰੌਲ ਅਤੇ ਕਈ ਸਾਲਾਂ  ਦੀ ਮਿਹਨਤ ਦੇ ਮਗਰੋਂ ਇਸ ਮਿਹਨਤ ਨੂੰ ਬੂਰ ਪਿਆ ਹੈ ਤੇ ਸਿੱਖ ਭਾਈਚਾਰੇ ਲਈ ਇਹ ਇਕ ਮਾਣ ਅਤੇ ਇਤਹਾਸ ਵੀ ਬਣਿਆ ਹੈ।

- Advertisement -

ਜਿਕਰਯੋਗ ਹੈ ਕਿ ਇਸ ਚਿੰਨ੍ਹ ਨੂੰ ਬਣਾਉਣ ਵਿੱਚ ਪੰਜ ਸਾਲ ਦਾ ਸਮਾਂ ਲੱਗਾ ਤੇ ਇਕਬਾਲ ਸਿੰਘ ਗਿੱਲ ਜੋ ਕਿ ਪੰਜਾਬ ਰਹਿੰਦੇ ਹਨ ਨੇ ਵੱਖ ਵੱਖ ਧਾਤਾਂ ਦੇ ਮਿਸ਼ਰਨ ਨਾਲ ਇਸ ਚਿੰਨ ਨੂੰ ਤਿਆਰ ਕੀਤਾ ਹੈ।

ਪੀਸ ਪਾਰਕ ਵਿੱਚ ਕਈ  ਧਰਮਾਂ ਦੇ ਚਿੰਨ ਲੱਗੇ ਹੋਏ ਹਨ ਤੇ ਕਈ ਹੋਰ ਚਿੰਨਾਂ ਨੂੰ ਵੀ ਭਵਿੱਖ ਵਿੱਚ ਇੱਥੇ ਲਗਾਇਆ ਜਾਵੇਗਾ ਤਾਂ ਜੋ ਇਹ ਸੁਨੇਹਾ ਦਿਤਾ ਜਾ ਸਕੇ ਕਿ ਰੱਬ ਇੱਕ ਹੈ। ਇਸ ਚਿੰਨ ਦੀ ਸਥਾਪਤੀ ਦੇ ਲਈ ਡਾ: ਸੁਪ੍ਰਿਆ ਸਿੰਘ,ਗੁਰਦਰਸ਼ਨ ਸਿੰਘ,ਸੁਖਵੰਤ ਸਿੰਘ,ਸੰਦੀਪ ਸਿੰਘ,ਏ.ਪੀ ਸਿੰਘ,ਪਿਆਰਾ ਸਿੰਘ ਦਾ ਵਿਸ਼ੇਸ਼ ਯੌਗਦਾਨ ਰਿਹਾ।

Share this Article
Leave a comment