ਹੜ੍ਹ ਮਾਰਿਆਂ ਲਈ ਪਟਿਆਲਾ ਪੁਲਿਸ ਵੀ ਆਈ ਅੱਗੇ, ਆਪਣੀ ਤਨਖਾਹ ਵਿੱਚੋਂ ਪੈਸੇ ਇਕੱਤਰ ਕਰਕੇ ਡੀਜੀਪੀ ਨੂੰ ਭੇਂਟ ਕੀਤਾ ਚੈੱਕ

TeamGlobalPunjab
2 Min Read

[alg_back_button]

ਪਟਿਆਲਾ : ਇਸ ਵੇਲੇ ਪੰਜਾਬ ਦੇ ਮਾਝਾ ਅਤੇ ਦੁਆਬਾ ਖੇਤਰ ਹੜ੍ਹਾਂ ਦੀ ਮਾਰ ਝੱਲ ਰਹੇ ਹਨ। ਇੱਥੋਂ ਦੇ ਬਾਸ਼ਿੰਦਿਆਂ ਦੀ ਹਾਲਤ ਇਹ ਹੈ ਕਿ ਨਾ ਸਿਰਫ ਉਨ੍ਹਾਂ ਦੇ ਡੰਗਰ ਪਸ਼ੂ ਮਾਰੇ ਜਾ ਚੁਕੇ ਹਨ ਬਲਕਿ ਘਰਾਂ ‘ਚ ਪਿਆ ਸਮਾਨ ਤਬਾਹ ਹੋਣ ਦੇ ਨਾਲ ਨਾਲ ਉਨ੍ਹਾਂ ਕੋਲ ਹੁਣ ਖਾਣ ਨੂੰ ਵੀ ਕੁਝ ਨਹੀਂ ਬਚਿਆ। ਅਜਿਹੇ ਵਿੱਚ ਜਿੱਥੇ ਇਨ੍ਹਾਂ ਲੋਕਾਂ ਦੀ ਮਦਦ ਲਈ ਦੇਸ਼ਾਂ ਵਿਦੇਸ਼ਾਂ ਤੋਂ ਲੋਕ ਅੱਗੇ ਆ ਰਹੇ ਹਨ, ਉੱਥੇ ਸੂਬੇ ਦੇ ਸਰਕਾਰੀ ਮੁਲਾਜ਼ਮ ਅਤੇ ਅਧਿਕਾਰੀ ਵੀ ਆਪਣਾ ਆਪਣਾ ਯੋਗਦਾਨ ਪਾਉਣੋ ਪਿੱਛੇ ਨਹੀਂ ਹਟ ਰਹੇ। ਪਟਿਆਲਾ ਪੁਲਿਸ ਨੇ ਵੀ ਇਹੋ ਜਿਹਾ ਹੀ ਇੱਕ ਹੰਭਲਾ ਮਾਰਿਆ ਹੈ ਜਿਸ ਵਿੱਚ ਸਿਪਾਹੀ ਤੋਂ ਲੈ ਕੇ ਐਸਐਸਪੀ ਰੈਂਕ ਤੱਕ ਦੇ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੇ ਆਪਣੇ ਆਪਣੇ ਰੈਂਕ ਅਨੁਸਾਰ ਮਦਦ ਇਕੱਠੀ ਕਰਕੇ ਹੜ੍ਹ ਪੀੜਤਾਂ ਲਈ ਕੁੱਲ 9 ਲੱਖ ਇੱਕ ਹਜ਼ਾਰ 126 ਰੁਪਏ  ਮੁੱਖ ਮੰਤਰੀ ਰਾਹਤ ਕੋਸ਼ ‘ਚ ਪਾਏ ਜਾਣ ਵਾਸਤੇ ਡੀਜੀਪੀ ਪੰਜਾਬ ਦਿਨਕਰ ਗੁਪਤਾ ਨੂੰ ਇੱਕ ਚੈੱਕ ਦੇ ਰੂਪ ਵਿੱਚ ਭੇਂਟ ਕੀਤੇ।

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਪਟਿਆਲਾ ਦੇ ਐਸਐਸਪੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪਿਛਲੇ ਦਿਨੀਂ ਆਏ ਹੜ੍ਹਾਂ ਤੋਂ ਪ੍ਰਭਾਵਿਤ ਹੋਏ ਆਪਣੇ ਸਾਥੀ ਪੰਜਾਬੀਆਂ  ਦੀ ਮਦਦ ਲਈ ਉਨ੍ਹਾਂ ਨਾਲ ਔਖੇ ਵੇਲੇ ਖੜ੍ਹਦਿਆਂ ਪਟਿਆਲਾ ਜਿਲ੍ਹੇ ਦੇ ਸਮੂਹ ਮੁਲਾਜ਼ਮਾਂ ਵੱਲੋਂ ਆਪੋ ਆਪਣੇ ਰੈਂਕ ਅਤੇ ਸਵੈਇੱਛਾ ਅਨੁਸਾਰ ਖੁਸ਼ੀ ਨਾਲ ਆਪਣੀ ਤਨਖਾਹ ਵਿੱਚੋਂ ਮਾਲੀ ਮਦਦ ਦਿੱਤੀ ਹੈ। ਐਸਐਸਪੀ ਅਨੁਸਾਰ ਇਸ ਤਹਿਤ ਗਜਟਿਡ ਰੈਂਕ ਦੇ ਅਧਿਕਾਰੀਆਂ ਵੱਲੋਂ ਆਪਣੀ ਇੱਕ ਦਿਨ ਦੀ ਤਨਖਾਹ, ਇੰਸਪੈਕਟਰ ਰੈਂਕ ਦੇ ਅਧਿਕਾਰੀਆਂ ਵੱਲੋਂ ਹਜ਼ਾਰ ਰੁਪਏ, ਏਐਸਆਈ ਰੈਂਕ ਦੇ ਅਧਿਕਾਰੀਆਂ ਵੱਲੋਂ 500 ਅਤੇ ਹੌਲਦਾਰ ਰੈਂਕ ਦੇ ਮੁਲਾਜ਼ਮਾਂ ਵੱਲੋਂ 200 ਰੁਪਏ ਪ੍ਰਤੀ ਕਰਮਚਾਰੀ ਯੋਗਦਾਨ ਪਾਇਆ ਗਿਆ ਹੈ।

ਇਸ ਮੌਕੇ ਐਸਐਸਪੀ ਮਨਦੀਪ ਸਿੰਘ ਸਿੱਧੂ ਨਾਲ ਡੀਐਸਪੀ ਹੈੱਡਕੁਆਟਰ ਸੌਰਵ ਜਿੰਦਲ, ਇੰਸਪੈਕਟਰ ਸੁਖਦੇਵ ਸਿੰਘ, ਐਸਆਈ ਜਸਪ੍ਰੀਤ ਕੌਰ, ਏਐਸਆਈ ਮੇਜਰ ਸਿੰਘ, ਹੌਲਦਾਰ ਕੁਲਵੀਰ ਸਿੰਘ ਅਤੇ ਮਹਿਲਾ ਸਿਪਾਹੀ ਮਨਪ੍ਰੀਤ ਕੌਰ ਵੀ ਮੌਜੂਦ ਸਨ। ਜਿਨ੍ਹਾਂ ਨੇ ਡੀਜੀਪੀ ਪੰਜਾਬ ਦਿਨਕਰ ਗੁਪਤਾ ਨਾਲ ਉਨ੍ਹਾਂ ਦੇ ਦਫਤਰ ਜਾ ਕੇ ਭੇਂਟ ਕੀਤੀ ਤੇ ਤੇ ਉਨ੍ਹਾਂ ਨੂੰ ਇਕੱਤਰ ਕੀਤੀ ਰਾਸ਼ੀ ਦਾ ਚੈੱਕ ਦੇ ਕੇ ਮੁੱਖ ਮੰਤਰੀ ਰਾਹਤ ਕੋਸ਼ ਵਿੱਚ ਪਾਉਣ ਲਈ ਬੇਨਤੀ ਕੀਤੀ ਤਾਂ ਜੋ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਪੰਜਾਬੀਆਂ ਦੀ ਕੁਝ ਮਦਦ ਕੀਤੀ ਜਾ ਸਕੇ।

[alg_back_button]

Share this Article
Leave a comment