ਚੰਡੀਗੜ੍ਹ: ਚੰਡੀਗੜ੍ਹ-ਮੋਹਾਲੀ ਵਿੱਚ ਲੈਂਡ ਯੂਜ਼ ਅਤੇ ਲੇਅ-ਆਊਟ ਨਾਲ ਜੁੜੀਆਂ ਕਥਿਤ ਬੇਨਿਯਮੀਆਂ ਨੂੰ ਲੈ ਕੇ IAS ਅਧਿਕਾਰੀ ਅਨੁਰਾਗ ਵਰਮਾ ਇਨਫੋਰਸਮੈਂਟ ਡਾਇਰੈਕਟੋਰੇਟ (ED) ਦੇ ਰਡਾਰ ’ਤੇ ਹਨ। ED ਵੱਲੋਂ ਉਨ੍ਹਾਂ ਨੂੰ ਪੁੱਛਗਿੱਛ ਲਈ ਤਲਬ ਕੀਤੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। ਮਾਮਲਾ ਸਨਟੈਕ ਸਿਟੀ ਅਤੇ ਅਲਟਸ ਸਪੇਸ ਬਿਲਡਰ ਪ੍ਰਾਈਵੇਟ ਲਿਮਟਿਡ ਨਾਲ ਜੁੜਿਆ ਦੱਸਿਆ ਜਾ ਰਿਹਾ ਹੈ।
ਪੰਜਾਬ ਦੇ ਸਾਬਕਾ ਮੁੱਖ ਸਕੱਤਰ ਅਨੁਰਾਗ ਵਰਮਾ ਨੂੰ 31 ਅਗਸਤ ਲਈ ਅਤੇ ਆਈ ਏ ਐੱਸ ਅਧਿਕਾਰੀ ਕੰਵਲਪ੍ਰੀਤ ਬਰਾੜ ਨੂੰ 27 ਅਗਸਤ ਲਈ ਮੁੜ ਸੰਮਨ ਭੇਜੇ ਹਨ। ਦੋਵਾਂ ਆਈ ਏ ਐੱਸ ਅਧਿਕਾਰੀਆਂ ਨੂੰ ਜਲੰਧਰ ਵਿੱਚ ਈ.ਡੀ. ਦੇ ਜ਼ੋਨਲ ਦਫ਼ਤਰ ਵਿਚ ਨਿਰਧਾਰਤ ਤਾਰੀਖਾਂ ‘ਤੇ ਹਾਜ਼ਰ ਹੋਣ ਲਈ ਕਿਹਾ ਗਿਆ ਹੈ।
ਕੰਵਲਪ੍ਰੀਤ ਬਰਾੜ ਇਸ ਤੋਂ ਪਹਿਲਾਂ 18 ਅਗਸਤ ਨੂੰ ਈ.ਡੀ. ਦੇ ਸਾਹਮਣੇ ਪੇਸ਼ ਹੋ ਚੁੱਕੇ ਹਨ। ਉਨ੍ਹਾਂ ਨੂੰ ਇਸ ਕੇਸ ਨਾਲ ਸਬੰਧਤ ਕੁਝ ਹੋਰ ਦਸਤਾਵੇਜ਼ ਆਪਣੇ ਨਾਲ ਲਿਆਉਣ ਲਈ ਕਿਹਾ ਗਿਆ ਹੈ।
ਅਨੁਰਾਗ ਵਰਮਾ ਪਹਿਲੀ ਵਾਰ ਈ.ਡੀ. ਅੱਗੇ ਪੇਸ਼ ਹੋਣਗੇ। ਉਹ ਮੌਜੂਦਾ ਸਮੇਂ ਵਧੀਕ ਮੁੱਖ ਸਕੱਤਰ (ਮਾਲ) ਵਜੋਂ ਸੇਵਾ ਨਿਭਾ ਰਹੇ ਹਨ। ਜ਼ਿਕਰਯੋਗ ਹੈ ਕਿ ਜਦੋਂ ਇਹ ਘੁਟਾਲਾ ਹੋਇਆ ਸੀ ਤਾਂ ਉਹ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਦੇ ਮੁਖੀ ਸਨ। ਇਨ੍ਹਾਂ ਅਧਿਕਾਰੀਆਂ ਦੀ ਭੂਮਿਕਾ ਦੀ ਜਾਂਚ ਇਸ ਗੱਲ ਦਾ ਪਤਾ ਲਗਾਉਣ ਲਈ ਕੀਤੀ ਜਾ ਰਹੀ ਹੈ ਕਿ ਪ੍ਰਾਈਵੇਟ ਬਿਲਡਰਾਂ ਨੂੰ ਫਾਇਦਾ ਪਹੁੰਚਾਉਣ ਲਈ ਜ਼ਮੀਨ ਦੀ ਵਰਤੋਂ ਵਿੱਚ ਤਬਦੀਲੀ (ਸੀ.ਐੱਲ.ਯੂ.) ਅਤੇ ਗੈਰ-ਕਾਨੂੰਨੀ ਲੇਅਆਉਟ ਵਿੱਚ ਨਿਯਮਾਂ ਦੀਆਂ ਕਿਹੜੀਆਂ ਉਲੰਘਣਾ ਕੀਤੀਆਂ ਗਈਆਂ ਸਨ।

