ਅੰਮ੍ਰਿਤਸਰ: ਅੰਮ੍ਰਿਤਸਰ ਵਿੱਚ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘੁਬੀਰ ਸਿੰਘ ਦੇ ਘਰ ‘ਤੇ ਗੋਲੀਬਾਰੀ ਹੋਈ ਹੈ। ਇਹ ਘਟਨਾ ਉਦੋਂ ਸਾਹਮਣੇ ਆਈ ਜਦੋਂ ਘਰ ਦੇ ਬਾਹਰ ਖੜੀ ਇੱਕ ਕਾਰ ‘ਤੇ ਗੋਲੀ ਦਾ ਨਿਸ਼ਾਨ ਮਿਲਿਆ ਅਤੇ ਘਟਨਾ ਵਾਲੀ ਜਗ੍ਹਾ ਤੋਂ ਇੱਕ ਗੋਲੀ ਦਾ ਖੋਲ ਬਰਾਮਦ ਹੋਇਆ ਹੈ।
ਫਾਇਰਿੰਗ ਦੀ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਡਰਾਈਵਰ ਨੂੰ ਗੱਡੀ ਸਾਫ਼ ਕਰਨ ਵੇਲੇ ਇਸ ਬਾਰੇ ਪਤਾ ਲੱਗਾ ਜਦੋਂ ਗੱਡੀ ਵਿੱਚ ਗੋਲੀ ਫਸੀ ਹੋਈ ਸੀ, ਜਿਸ ਤੋਂ ਬਾਅਦ ਤੁਰੰਤ ਪੁਲੀਸ ਨੂੰ ਸੂਚਨਾ ਦਿੱਤੀ ਗਈ।
ਘਟਨਾ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੇ ਆਪਣੇ ਤੌਰ ‘ਤੇ ਸੀਸੀਟੀਵੀ (CCTV) ਕੈਮਰੇ ਚੈੱਕ ਕੀਤੇ ਤਾਂ 12 ਤਾਰੀਖ਼ ਨੂੰ ਰਾਤ 11.4 ਮਿੰਟ ‘ਤੇ ਇੱਕ ਆਵਾਜ਼ ਸੁਣਾਈ ਦਿੰਦੀ ਹੈ ਅਤੇ ਉੱਥੇ ਮੌਜੂਦ ਸੰਤਰੀ (ਪਹਿਰੇਦਾਰ) ਇਸ ਨੂੰ ਦੇਖਦਾ ਹੈ। ਫੁਟੇਜ ਵਿੱਚ ਦੇਖਿਆ ਗਿਆ ਕਿ ਇੱਕ ਨੌਜਵਾਨ ਨੇ ਲਾਲ ਰੰਗ ਦੀ ਟੀ-ਸ਼ਰਟ ਪਾਈ ਹੋਈ ਸੀ, ਜੋ ਚੌਂਕ ਵਿੱਚ ਆ ਕੇ ਫੋਨ ‘ਤੇ ਗੱਲਬਾਤ ਕਰਦਾ ਹੈ ਅਤੇ ਗੇੜੇ ਦਿੰਦਾ ਹੈ।

