GMADA ਨਾਲ ਜੁੜੇ ਮਾਮਲੇ ’ਚ ED ਦੀ ਵੱਡੀ ਕਾਰਵਾਈ, ਪੰਜਾਬ-ਚੰਡੀਗੜ੍ਹ ਸਮੇਤ 26 ਥਾਵਾਂ ’ਤੇ ਛਾਪੇਮਾਰੀ

Global Team
2 Min Read

ਚੰਡੀਗੜ੍ਹ: ਪੰਜਾਬ ਅਤੇ ਚੰਡੀਗੜ੍ਹ ਸਮੇਤ ਦਿੱਲੀ, ਪੰਚਕੂਲਾ ਅਤੇ ਲੁਧਿਆਣਾ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ (ED) ਦੀ ਵੱਡੀ ਕਾਰਵਾਈ ਜਾਰੀ ਹੈ। ਤਿਰੁਪਤੀ ਇੰਫ੍ਰਾਪ੍ਰੋਜੈਕਟਸ ਪ੍ਰਾਈਵੇਟ ਲਿਮਟਿਡ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿੱਚ ED ਨੇ ਕੁੱਲ 26 ਥਾਵਾਂ ’ਤੇ ਸਰਚ ਅਤੇ ਸਰਵੇ ਸ਼ੁਰੂ ਕੀਤਾ ਹੈ। ਇਹ ਕਾਰਵਾਈ GMADA ਨਾਲ ਜੁੜੇ ਕੁਝ ਲੈਣ-ਦੇਣ ਅਤੇ ਕਥਿਤ ਵਿੱਤੀ ਬੇਨਿਯਮੀਆਂ ਦੀ ਜਾਂਚ ਦੇ ਤਹਿਤ ਕੀਤੀ ਜਾ ਰਹੀ ਹੈ।

ਮੋਹਾਲੀ ਸਥਿਤ GMADA ਦਫ਼ਤਰ ਅਤੇ ਪੰਜਾਬ ਸਰਕਾਰ ਦੇ ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਵਿਭਾਗ ਦੇ ਦਫ਼ਤਰ ਵਿੱਚ ਵੀ ED ਦੀ ਟੀਮ ਵੱਲੋਂ ਰਿਕਾਰਡ ਦੀ ਜਾਂਚ ਕੀਤੀ ਗਈ। ਰਿਪੋਰਟਾਂ ਮੁਤਾਬਕ ਟੀਮਾਂ ਨੇ ਜ਼ਮੀਨ, ਪ੍ਰਾਪਰਟੀ ਟ੍ਰਾਂਜ਼ੈਕਸ਼ਨ ਅਤੇ ਨਿੱਜੀ ਡਿਵੈਲਪਰਾਂ ਨਾਲ GMADA ਦੇ ਸੌਦਿਆਂ ਨਾਲ ਸਬੰਧਤ ਦਸਤਾਵੇਜ਼ ਖੰਗਾਲੇ।

100 ਕਰੋੜ ਤੋਂ ਵੱਧ ਦੇ ਕਥਿਤ ਫਾਇਦੇ ਦੀ ਜਾਂਚ

ED ਦੀ ਜਾਂਚ ਤਿਰੁਪਤੀ ਇੰਫ੍ਰਾਪ੍ਰੋਜੈਕਟਸ ਤੋਂ ਇਲਾਵਾ ਰੇਮਿਗੇਟ ਬਿਲਡਐਸਟੇਟਸ, ਐੱਮਬੀ ਇੰਫ੍ਰਾਬਿਲਡ, ਮੇਰਾ ਬਾਬਾ ਰਿਐਲਟੀ ਐਸੋਸੀਏਟਸ ਅਤੇ ਮੇਰਾ ਬਾਬਾ ਇੰਫ੍ਰਾਸਟਰਕਚਰ ਨਾਲ ਜੁੜੇ ਲੋਕਾਂ ਅਤੇ ਕੰਪਨੀਆਂ ਤੱਕ ਵੀ ਪਹੁੰਚੀ ਹੈ। ਏਜੰਸੀ ਮੁਤਾਬਕ ਤਿਰੁਪਤੀ ਇੰਫ੍ਰਾਪ੍ਰੋਜੈਕਟਸ ਦੇ ਪ੍ਰਮੋਟਰ ਕੁਝ ਹੋਰ ਕੰਪਨੀਆਂ ਨੂੰ ਵੀ ਕੰਟਰੋਲ ਕਰਦੇ ਹਨ। ਇਨ੍ਹਾਂ ਵਿੱਚੋਂ ਕੁਝ ਕੰਪਨੀਆਂ ਨੇ GMADA ਤੋਂ ਮੋਹਾਲੀ ਵਿੱਚ ਦੋ ਪ੍ਰਮੁੱਖ ਨੀਲਾਮੀ ਵਾਲੀਆਂ ਸਾਈਟਾਂ ਹਾਸਲ ਕੀਤੀਆਂ ਸਨ।

ED ਅਨੁਸਾਰ ਇਨ੍ਹਾਂ ਕੰਪਨੀਆਂ ਨੂੰ GMADA ਨੂੰ ਅਦਾ ਕੀਤੀ ਜਾਣ ਵਾਲੀ ਰਕਮ ਵਿੱਚ ਕਥਿਤ ਤੌਰ ’ਤੇ ਵਿੱਤੀ ਰਾਹਤ ਮਿਲੀ। ਏਜੰਸੀ ਦਾ ਦਾਅਵਾ ਹੈ ਕਿ ਇਸ ਨਾਲ ਕੰਪਨੀਆਂ ਨੂੰ ਹੋਇਆ ਕਥਿਤ ਗੈਰ-ਵਾਜਬ ਫਾਇਦਾ ਅਤੇ ਸਰਕਾਰੀ ਖ਼ਜ਼ਾਨੇ ਨੂੰ ਹੋਇਆ ਨੁਕਸਾਨ 100 ਕਰੋੜ ਰੁਪਏ ਤੋਂ ਵੱਧ ਹੋ ਸਕਦਾ ਹੈ। ਇਸ ਤੋਂ ਇਲਾਵਾ ED ਵੱਲੋਂ ਟੀਲਾ ਕਨਸਲਟੈਂਟਸ ਐਂਡ ਕਾਂਟ੍ਰੈਕਟਰਜ਼ ਪ੍ਰਾਈਵੇਟ ਲਿਮਟਿਡ ਨਾਲ ਸਬੰਧਤ ਥਾਵਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

ਰੈਡਿਸਨ ਬਲੂ ਪ੍ਰੋਜੈਕਟ ਨਾਲ ਜੁੜਿਆ 290 ਕਰੋੜ ਦਾ ਮਾਮਲਾ ਵੀ

ਜਾਂਚ ਦੇ ਦਾਇਰੇ ਵਿੱਚ ਆਈ ਤਿਰੁਪਤੀ ਇੰਫ੍ਰਾਪ੍ਰੋਜੈਕਟਸ ਪ੍ਰਾਈਵੇਟ ਲਿਮਟਿਡ ’ਤੇ ਦਿੱਲੀ ਦੇ ਪੱਛਮੀ ਵਿਹਾਰ ਸਥਿਤ ਰੈਡਿਸਨ ਬਲੂ ਹੋਟਲ ਪ੍ਰੋਜੈਕਟ ਨਾਲ ਜੁੜੇ ਕਰੀਬ 290 ਕਰੋੜ ਰੁਪਏ ਦੇ ਬੈਂਕ ਫਰਾਡ ਮਾਮਲੇ ਵਿੱਚ ਵੀ CBI ਅਤੇ ED ਦੀ ਕਾਰਵਾਈ ਦਾ ਜ਼ਿਕਰ ਹੈ।

ਇਸ ਕਾਰਵਾਈ ਦੌਰਾਨ GMADA ਦੇ ਅਧਿਕਾਰੀਆਂ ਤੋਂ ਪੁੱਛਗਿੱਛ ਅਤੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਗਈ ਹੈ। ਤਾਜ਼ਾ ਰਿਪੋਰਟਾਂ ਮੁਤਾਬਕ ED ਵੱਲੋਂ ਅਜੇ ਤੱਕ ਇਸ ਕਾਰਵਾਈ ਬਾਰੇ ਕੋਈ ਅਧਿਕਾਰਤ ਵਿਸਥਾਰਪੂਰਵਕ ਬਿਆਨ ਜਾਂ ਗ੍ਰਿਫ਼ਤਾਰੀ ਦੀ ਜਾਣਕਾਰੀ ਜਾਰੀ ਨਹੀਂ ਕੀਤੀ ਗਈ ਸੀ।

Share This Article
Leave a Comment