ਓਐਸਡੀ ਰਾਜਵੀਰ ਸਿੰਘ ਘੁੰਮਣ ਨੇ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਇਲਜ਼ਾਮ ਸਾਬਤ ਕਰਨ ਜਾਂ ਮਾਫ਼ੀ ਮੰਗਣ ਦੀ ਦਿੱਤੀ ਚੁਣੌਤੀ

Global Team
2 Min Read

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਓਐਸਡੀ ਰਾਜਵੀਰ ਸਿੰਘ ਘੁੰਮਣ ਨੇ ਬੁੱਧਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ‘ਤੇ ਪਲਟਵਾਰ ਕਰਦਿਆਂ ਉਨ੍ਹਾਂ ਨੂੰ ਆਪਣੇ ਇਲਜ਼ਾਮਾਂ ਦੇ ਸਬੂਤ ਪੇਸ਼ ਕਰਨ ਜਾਂ ਜਨਤਕ ਤੌਰ ‘ਤੇ ਮਾਫ਼ੀ ਮੰਗਣ ਦੀ ਚੁਣੌਤੀ ਦਿੱਤੀ ਹੈ। ਉਨ੍ਹਾਂ ਕਿਹਾ, “ਚੋਰ ਨੂੰ ਸਾਰੇ ਚੋਰ ਹੀ ਨਜ਼ਰ ਆਉਂਦੇ ਹਨ। ਇਲਜ਼ਾਮ ਲਗਾਉਣਾ ਬਹੁਤ ਸੌਖਾ ਹੈ, ਪਰ ਸਬੂਤ ਪੇਸ਼ ਕਰਨਾ ਔਖਾ ਹੈ।”

ਇੱਕ ਸੋਸ਼ਲ ਮੀਡੀਆ ਪੋਸਟ ਰਾਹੀਂ ਅਕਾਲੀ ਆਗੂ ਨੂੰ ਸੰਬੋਧਨ ਕਰਦਿਆਂ ਰਾਜਵੀਰ ਸਿੰਘ ਘੁੰਮਣ ਨੇ ਕਿਹਾ, “ਮੈਂ ਬਿਕਰਮ ਸਿੰਘ ਮਜੀਠੀਆ, ਜਿਸ ਨੇ ਆਪਣੇ ਆਪ ਨੂੰ ਈਡੀ(ਇਨਫੋਰਸਮੈਂਟ ਡਾਇਰੈਕਟੋਰੇਟ) ਦਾ ਬੁਲਾਰਾ ਨਿਯੁਕਤ ਕੀਤਾ ਹੋਇਆ ਹੈ, ਨੂੰ ਖੁੱਲ੍ਹੀ ਚੁਣੌਤੀ ਦਿੰਦਾ ਹਾਂ ਕਿ ਜੇਕਰ ਉਸ ਕੋਲ ਮੇਰੀ ਇੱਕ ਵੀ ਚੈਟ ਜਾਂ ਮੇਰੇ ਵੱਲੋਂ ਕਿਸੇ ਤੋਂ ਪੈਸੇ ਮੰਗਣ ਦਾ ਕੋਈ ਸਬੂਤ ਹੈ, ਤਾਂ ਉਹ ਉਸਨੂੰ ਜਨਤਕ ਕਰੇ। ਜਾਂ ਤਾਂ ਲੋਕਾਂ ਸਾਹਮਣੇ ਸਬੂਤ ਲਿਆਵੇ ਜਾਂ ਜਨਤਕ ਤੌਰ ‘ਤੇ ਮਾਫ਼ੀ ਮੰਗੇ। ਨਹੀਂ ਤਾਂ ਮਾਨਹਾਨੀ ਦੇ ਕੇਸ ਦਾ ਸਾਹਮਣਾ ਕਰਨ ਲਈ ਤਿਆਰ ਰਹੇ।”

ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਲਈ ਅਸਲ ਤਕਲੀਫ਼ ਇਹ ਹੈ ਕਿ ਆਮ ਪਰਿਵਾਰਾਂ ਦੇ ਪੁੱਤਰ ਜ਼ਿੰਮੇਵਾਰੀ ਵਾਲੇ ਅਹੁਦਿਆਂ ‘ਤੇ ਪਹੁੰਚ ਗਏ ਹਨ ਅਤੇ ਸਾਲਾਂ ਤੋਂ ਪੰਜਾਬ ‘ਤੇ ਰਾਜ ਕਰਨ ਵਾਲਿਆਂ ਦੇ ਸਿਆਸੀ ਮੌਕਿਆਂ ਨੂੰ ਹੁਣ ਚੁਣੌਤੀ ਮਿਲ ਰਹੀ ਹੈ।

ਉਨ੍ਹਾਂ ਅੱਗੇ ਕਿਹਾ, “(ਮਜੀਠੀਆ) ਅਸਲ ਵਿੱਚ ਇਸ ਗੱਲ ਤੋਂ ਪ੍ਰੇਸ਼ਾਨ ਹਨ ਕਿ ਆਮ ਪਰਿਵਾਰਾਂ ਦੇ ਨੌਜਵਾਨ ਕਿਸ ਤਰ੍ਹਾਂ ਅੱਗੇ ਆਏ ਹਨ ਅਤੇ ਉਨ੍ਹਾਂ ਦੀਆਂ ਸਰਕਾਰ ਬਣਾਉਣ ਦੀਆਂ ਵਾਰੀਆਂ ਕਿਵੇਂ ਟੁੱਟੀਆਂ ਹਨ। ਜਦੋਂ ਉਹ ਸਾਡੇ ਕੰਮਾਂ ਦਾ ਮੁਕਾਬਲਾ ਨਹੀਂ ਕਰ ਸਕਦੇ, ਤਾਂ ਹੁਣ ਉਹ ਭੈੜੇ ਝੂਠਾਂ ਅਤੇ ਚਰਿੱਤਰ ਹਨਨ ‘ਤੇ ਉੱਤਰ ਆਏ ਹਨ।”

ਰਾਜਵੀਰ ਸਿੰਘ ਘੁੰਮਣ ਨੇ ਦਾਅਵਾ ਕੀਤਾ ਕਿ ਭਗਵੰਤ ਮਾਨ ਸਰਕਾਰ ਪੰਜਾਬ ਲਈ ਇਮਾਨਦਾਰੀ ਨਾਲ ਕੰਮ ਕਰ ਰਹੀ ਹੈ ਅਤੇ ਕਰਦੀ ਰਹੇਗੀ। ਉਨ੍ਹਾਂ ਕਿਹਾ, “ਅਸੀਂ ਪੰਜਾਬ ਲਈ ਇਮਾਨਦਾਰੀ ਨਾਲ ਕੰਮ ਕਰ ਰਹੇ ਹਾਂ ਅਤੇ ਕਰਦੇ ਰਹਾਂਗੇ। ਜੇਕਰ ਉਨ੍ਹਾਂ ਵਿੱਚ ਹਿੰਮਤ ਹੈ, ਤਾਂ ਉਹ ਸਾਡੇ ਕੰਮਾਂ ‘ਤੇ ਗੱਲ ਕਰਨ, ਝੂਠੇ ਇਲਜ਼ਾਮਾਂ ‘ਤੇ ਨਹੀਂ।”

Share This Article
Leave a Comment