ਚੰਡੀਗੜ੍ਹ: ਚੰਡੀਗੜ੍ਹ ਦੇ ਸੈਕਟਰ-20 ਵਿੱਚ ਅੱਜ ਸਵੇਰੇ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਰੀਅਲ ਐਸਟੇਟ ਕਾਰੋਬਾਰੀ ਪ੍ਰਵੀਣ ਕਾਂਸਲ ਦੇ ਘਰ ਛਾਪੇਮਾਰੀ ਕੀਤੀ। ਇਹ ਕਾਰਵਾਈ ਨਿਊ ਚੰਡੀਗੜ੍ਹ ਵਿੱਚ ਜ਼ਮੀਨ ਨਾਲ ਜੁੜੇ ਕਥਿਤ ਧੋਖਾਧੜੀ ਮਾਮਲੇ ਦੀ ਜਾਂਚ ਦੇ ਤਹਿਤ ਕੀਤੀ ਗਈ ਹੈ।
ਪ੍ਰਵੀਣ ਕਾਂਸਲ, ਜੋ ਰੌਕੀ ਦੇ ਨਾਮ ਨਾਲ ਵੀ ਜਾਣੇ ਜਾਂਦੇ ਹਨ, ਮੋਹਾਲੀ ਜ਼ਿਲ੍ਹੇ ਦੇ ਜੀਰਕਪੁਰ ਵਿੱਚ ਚੰਡੀਗੜ੍ਹ ਰਾਇਲ ਸਿਟੀ ਪ੍ਰੋਜੈਕਟ ਨਾਲ ਜੁੜੇ ਹੋਏ ਹਨ। ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦਾ ਕਰੀਬੀ ਮੰਨਿਆ ਜਾਂਦਾ ਹੈ।
ਪਾਰਟਨਰ ਦੀ ਸ਼ਿਕਾਇਤ ਤੋਂ ਸ਼ੁਰੂ ਹੋਇਆ ਮਾਮਲਾ
ਇਸ ਮਾਮਲੇ ਦੀ ਸ਼ੁਰੂਆਤ ਸਾਲ 2023 ਵਿੱਚ ਹੋਈ ਸੀ, ਜਦੋਂ ਪ੍ਰਵੀਣ ਕਾਂਸਲ ਦੇ ਕਾਰੋਬਾਰੀ ਸਾਥੀ ਪਿਆਰੇ ਲਾਲ ਗਰਗ ਨੇ ਵਿਜੀਲੈਂਸ ਬਿਊਰੋ ਨੂੰ ਸ਼ਿਕਾਇਤ ਦਿੱਤੀ ਸੀ। ਸ਼ਿਕਾਇਤ ਵਿੱਚ ਦੋਸ਼ ਲਗਾਇਆ ਗਿਆ ਕਿ ਨਿਊ ਚੰਡੀਗੜ੍ਹ ਦੀ ਇੱਕ ਮਹੱਤਵਪੂਰਨ ਜਗ੍ਹਾ ‘ਤੇ ਜ਼ਮੀਨ ਖਰੀਦਣ ਲਈ ਨਿਵੇਸ਼ ਕਰਵਾਇਆ ਗਿਆ, ਪਰ ਬਾਅਦ ਵਿੱਚ ਕਥਿਤ ਤੌਰ ‘ਤੇ ਧੋਖੇ ਨਾਲ ਜ਼ਮੀਨ ਦੀ ਮਲਕੀਅਤ ਬਦਲ ਕੇ ਆਪਣੇ ਨਾਮ ਕਰ ਲਈ ਗਈ।
ਸ਼ਿਕਾਇਤਕਰਤਾ ਨੇ ਇਹ ਵੀ ਦੋਸ਼ ਲਗਾਇਆ ਕਿ ਉਸ ਸਮੇਂ ਦੇ ਤਹਿਸੀਲਦਾਰ ਤਰਸੇਮ ਲਾਲ ਨੇ ਆਪਣਾ ਅਹੁਦਾ ਵਰਤਦਿਆਂ ਕਥਿਤ ਤੌਰ ‘ਤੇ ਫਰਜ਼ੀ ਰਜਿਸਟਰੀ ਕਰਵਾਉਣ ਵਿੱਚ ਮਦਦ ਕੀਤੀ।
ਵਿਜੀਲੈਂਸ ਤੋਂ ED ਤੱਕ ਪਹੁੰਚੀ ਜਾਂਚ
ਸ਼ਿਕਾਇਤ ਦੇ ਆਧਾਰ ‘ਤੇ ਵਿਜੀਲੈਂਸ ਬਿਊਰੋ ਨੇ ਧੋਖਾਧੜੀ ਅਤੇ ਅਪਰਾਧਿਕ ਸਾਜ਼ਿਸ਼ ਦੀਆਂ ਧਾਰਾਵਾਂ ਹੇਠ ਕੇਸ ਦਰਜ ਕੀਤਾ ਸੀ। ਜਾਂਚ ਦੌਰਾਨ ਕਥਿਤ ਬੇਨਿਯਮੀਆਂ ਦੀ ਪੁਸ਼ਟੀ ਹੋਣ ਤੋਂ ਬਾਅਦ ਮਾਮਲੇ ਨੂੰ ਮੁੜ ਖੋਲ੍ਹਿਆ ਗਿਆ ਅਤੇ ਜੂਨ 2025 ਵਿੱਚ FIR ਦਰਜ ਕੀਤੀ ਗਈ।
ਹੁਣ ਇਸੇ ਮਾਮਲੇ ਦੀ ਜਾਂਚ ਨੂੰ ਅੱਗੇ ਵਧਾਉਂਦੇ ਹੋਏ ED ਨੇ ਪ੍ਰਵੀਣ ਕਾਂਸਲ ਦੇ ਘਰ ਛਾਪੇਮਾਰੀ ਕੀਤੀ ਹੈ। ਕਾਰਵਾਈ ਦੌਰਾਨ ਸੁਰੱਖਿਆ ਲਈ CRPF ਦੇ ਜਵਾਨ ਵੀ ਤਾਇਨਾਤ ਕੀਤੇ ਗਏ।
ਇਸ ਤੋਂ ਇੱਕ ਦਿਨ ਪਹਿਲਾਂ ਲੁਧਿਆਣਾ ਵਿੱਚ ਵੀ ED ਨੇ ਧਾਗਾ ਕਾਰੋਬਾਰੀ ਹੀਰਾ ਸਚਦੇਵਾ ਦੇ ਘਰ ਅਤੇ ਫੈਕਟਰੀ ਵਿੱਚ ਛਾਪੇਮਾਰੀ ਕੀਤੀ ਸੀ। ED ਦੇ ਸੂਤਰਾਂ ਮੁਤਾਬਕ, ਉਸ ਦਾ ਨਾਮ ਕਥਿਤ ਬੇਟਿੰਗ ਐਪਸ ਨਾਲ ਜੁੜੇ ਵਿੱਤੀ ਲੈਣ-ਦੇਣ ਦੀ ਜਾਂਚ ਦੌਰਾਨ ਸਾਹਮਣੇ ਆਇਆ ਸੀ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

