ਨਿਊਜ਼ ਡੈਸਕ : – ਜ਼ਿਆਦਾ ਮਿੱਠਾ ਖਾਣ ਨਾਲ ਤੁਹਾਡਾ ਜੀਵਨ ਖ਼ਤਰੇ ’ਚ ਪੈ ਸਕਦਾ ਹੈ। ਇਕ ਨਵੀਂ ਖੋਜ ਤੋਂ ਪਤਾ ਲੱਗਾ ਹੈ ਕਿ ਅਤਿ-ਅਧਿਕ ਮਿੱਠੀਆਂ ਚੀਜ਼ਾਂ ਦੀ ਵਰਤੋਂ ਕਰਨ ਨਾਲ ਤੁਹਾਡਾ ਇਮਿਊਨ ਸਿਸਟਮ ਗੜਬੜਾ ਸਕਦਾ ਹੈ। ਲੰਡਨ ਸਥਿਤ ਯੂਨੀਵਰਸਿਟੀ ਆਫ ਬ੍ਰਿਸਟਲ ਤੇ ਫਰਾਂਸਿਸ ਕ੍ਰਿਕ ਇੰਸਟੀਚਿਊਟ ਦੇ ਵਿਗਿਆਨੀਆਂ ਵੱਲੋਂ ਕੀਤੀ ਗਈ ਹੈ। ਆਮ ਤੌਰ ‘ਤੇ ਮਿੱਠੇ ਖਾਣ ਵਾਲੇ ਪਦਾਰਥ ਜਿਵੇਂ ਮਠਿਆਈ ਤੇ ਪ੍ਰਸੰਸਕ੍ਰਿਤ ਖਾਧ ਪਦਾਰਥਾਂ ਵਿਚ ਫ੍ਰੱਕਟੋਜ਼ ਪਾਇਆ ਜਾਂਦਾ ਹੈ।
ਜੇਕਰ ਸਰੀਰ ’ਚ ਇਸ ਦੀ ਮਾਤਰਾ ਜ਼ਿਆਦਾ ਹੈ ਤਾਂ ਵਿਅਕਤੀ ਮੋਟਾਪੇ, ਟਾਈਪ-2 ਡਾਇਬਟੀਜ਼ ਤੇ ਨਾਨ ਐਲਕੋਹਲਿਕ ਫੈਟੀ ਲੀਵਰ ਬਿਮਾਰੀਆਂ ਤੋਂ ਪੀੜਤ ਹੋ ਸਕਦਾ ਹੈ। ਨਵੀਂ ਖੋਜ ਤੋਂ ਪਤਾ ਲੱਗਦਾ ਹੈ ਕਿ ਫ੍ਰੱਕਟੋਜ਼ ਦਾ ਵੱਡਾ ਪੱਧਰ ਇਮਿਊਨਿਟੀ ਸਿਸਟਮ ’ਚ ਸੋਜਿਸ਼ ਦਾ ਕਾਰਨ ਬਣਦਾ ਹੈ ਜਿਸ ਨਾਲ ਸੋਜਿਸ਼ ਨਾਲ ਜੁੜੇ ਜ਼ਿਆਦਾ ਰਿਐਕਟਿਵ ਮੋਲੀਕਿਊਲ ਪੈਦਾ ਹੁੰਦੇ ਹਨ।
ਇਸ ਤਰ੍ਹਾਂ ਦੀ ਸੋਜਿਸ਼ ਨਾਲ ਨਾ ਕੇਵਲ ਸੈੱਲਾਂ ਨੂੰ ਨੁਕਸਾਨ ਹੋ ਸਕਦਾ ਹੈ ਸਗੋਂ ਅੰਗ ਤੇ ਸਰੀਰ ਵੀ ਕੰਮ ਕਰਨਾ ਬੰਦ ਕਰ ਸਕਦਾ ਹੈ। ਇਨ੍ਹਾਂ ਸਾਰੀਆਂ ਦਿੱਕਤਾਂ ਕਾਰਨ ਵਿਅਕਤੀ ਗੰਭੀਰ ਬਿਮਾਰੀ ਦੀ ਲਪੇਟ ’ਚ ਆ ਸਕਦਾ ਹੈ।
ਇਸਤੋਂ ਇਲਾਵਾ ਖੋਜ ’ਚ ਕਿਹਾ ਗਿਆ ਹੈ ਕਿ ਛੋਟੀ ਸੋਜਿਸ਼ ਅਕਸਰ ਮੋਟਾਪੇ ਨਾਲ ਜੁੜੀ ਹੁੰਦੀ ਹੈ। ਸਵਾਨਸੀ ਯੂਨੀਵਰਸਿਟੀ ਮੈਡੀਕਲ ਸਕੂਲ ਦੇ ਡਾ. ਨਿਕ ਜੋਨਾਸ ਨੇ ਕਿਹਾ ਕਿ ਖੋਜ ਤੋਂ ਸਾਨੂੰ ਇਹ ਸਮਝਣ ’ਚ ਮਦਦ ਮਿਲ ਸਕਦੀ ਹੈ ਕਿ ਕਿਹੜਾ ਖਾਣਾ ਸੋਜਿਸ਼ ਤੇ ਬਿਮਾਰੀ ਨੂੰ ਵਧਾਉਂਦੇ ਹਨ ਤੇ ਕਿਹੜੇ ਖਾਣ ਵਾਲੇ ਪਦਾਰਥ ਸਾਡੇ ਸਰੀਰ ਲਈ ਲਾਭਦਾਇਕ ਹੋ ਸਕਦੇ ਹਨ।