ਨਿਊਜ਼ ਡੈਸਕ: ਅਮਰੀਕਾ ਨੇ ਭਾਰਤੀ ਮੂਲ ਦੇ ਇੱਕ ਵਿਅਕਤੀ ਸਮੇਤ ਕੁੱਲ 25 ਲੋਕਾਂ ਖ਼ਿਲਾਫ਼ ਨਾਗਰਿਕਤਾ ਰੱਦ ਕਰਨ ਦੀ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਹੈ। ਇਨ੍ਹਾਂ ਲੋਕਾਂ ‘ਤੇ ਪਛਾਣ ਨਾਲ ਜੁੜੇ ਕਥਿਤ ਫਰਜ਼ੀਵਾੜੇ ਤੋਂ ਲੈ ਕੇ ਕਤਲ ਦੀ ਕੋਸ਼ਿਸ਼, ਬੱਚਿਆਂ ਨਾਲ ਜਿਨਸੀ ਸ਼ੋਸ਼ਣ ਅਤੇ ਹੋਰ ਗੰਭੀਰ ਦੋਸ਼ਾਂ ਨਾਲ ਸੰਬੰਧਤ ਜਾਣਕਾਰੀ ਲੁਕਾ ਕੇ ਜਾਂ ਗਲਤ ਤਰੀਕੇ ਨਾਲ ਅਮਰੀਕੀ ਨਾਗਰਿਕਤਾ ਹਾਸਲ ਕਰਨ ਦੇ ਇਲਜ਼ਾਮ ਹਨ।
ਭਾਰਤੀ ਮੂਲ ਦੇ ਨਰਿੰਦਰ ਸਿੰਘ ਖ਼ਿਲਾਫ਼ ਕੇਸ ਦਰਜ
ਅਮਰੀਕੀ ਨਿਆਂ ਮੰਤਰਾਲੇ ਨੇ 65 ਸਾਲਾ ਭਾਰਤੀ ਮੂਲ ਦੇ ਨਰਿੰਦਰ ਸਿੰਘ ਖ਼ਿਲਾਫ਼ ਡੇਲਾਵੇਅਰ ਜ਼ਿਲ੍ਹਾ ਅਦਾਲਤ ਵਿੱਚ ਕੇਸ ਦਾਇਰ ਕੀਤਾ ਹੈ। ਦੋਸ਼ ਹੈ ਕਿ ਉਨ੍ਹਾਂ ਨੇ 1996 ਵਿੱਚ ਅਮਰੀਕਾ ਵਿੱਚ ਦਾਖ਼ਲਾ ਲੈਣ ਲਈ ਜਾਅਲੀ ਪਛਾਣ ਦੀ ਵਰਤੋਂ ਕੀਤੀ ਅਤੇ ਬਾਅਦ ਵਿੱਚ 1 ਮਈ 2008 ਨੂੰ ਅਮਰੀਕੀ ਨਾਗਰਿਕਤਾ ਪ੍ਰਾਪਤ ਕਰ ਲਈ।
ਸ਼ਿਕਾਇਤ ਮੁਤਾਬਕ ਨਰਿੰਦਰ ਸਿੰਘ ਖ਼ਿਲਾਫ਼ ਸੱਤ ਦੋਸ਼ ਲਗਾਏ ਗਏ ਹਨ। ਇਨ੍ਹਾਂ ਵਿੱਚ ਕਥਿਤ ਤੌਰ ‘ਤੇ ਗਲਤ ਜਾਣਕਾਰੀ ਦੇਣਾ, ਅਹਿਮ ਤੱਥ ਲੁਕਾਉਣਾ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਨਾਲ ਜੁੜੇ ਇਲਜ਼ਾਮ ਸ਼ਾਮਲ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਨਾਗਰਿਕਤਾ ਹਾਸਲ ਕਰਨ ਦੀ ਪ੍ਰਕਿਰਿਆ ਦੌਰਾਨ ਸਹੀ ਜਾਣਕਾਰੀ ਦੇਣਾ ਲਾਜ਼ਮੀ ਹੁੰਦਾ ਹੈ।
ਪਾਕਿਸਤਾਨੀ ਮੂਲ ਦੇ ਦੋ ਵਿਅਕਤੀ ਵੀ ਸੂਚੀ ‘ਚ
ਜਿਨ੍ਹਾਂ 25 ਲੋਕਾਂ ਖ਼ਿਲਾਫ਼ ਇਹ ਕਾਰਵਾਈ ਸ਼ੁਰੂ ਕੀਤੀ ਗਈ ਹੈ, ਉਨ੍ਹਾਂ ਵਿੱਚ ਪਾਕਿਸਤਾਨੀ ਮੂਲ ਦੇ ਜ਼ਿਆ ਮੁਰਾਦ ਭੱਟੀ ਅਤੇ ਮੁਹੰਮਦ ਵਾਸਿਫ ਵੀ ਸ਼ਾਮਲ ਹਨ। ਦੋਵਾਂ ‘ਤੇ ਵੀ ਪਛਾਣ ਨਾਲ ਸਬੰਧਤ ਗਲਤ ਜਾਣਕਾਰੀ ਦੇਣ ਦੇ ਦੋਸ਼ ਹਨ।
ਨਿਆਂ ਮੰਤਰਾਲੇ ਦਾ ਸਖ਼ਤ ਸੰਦੇਸ਼
ਕਾਰਜਕਾਰੀ ਅਟਾਰਨੀ ਜਨਰਲ ਟੌਡ ਬਲਾਂਸ਼ ਨੇ ਕਿਹਾ ਕਿ ਅਮਰੀਕੀ ਨਾਗਰਿਕਤਾ ਦੇਸ਼ ਦੇ ਸਭ ਤੋਂ ਵੱਡੇ ਵਿਸ਼ੇਸ਼ ਅਧਿਕਾਰਾਂ ਵਿੱਚੋਂ ਇੱਕ ਹੈ ਅਤੇ ਇਹ ਸਿਰਫ਼ ਕਾਨੂੰਨੀ ਅਤੇ ਇਮਾਨਦਾਰ ਤਰੀਕੇ ਨਾਲ ਹੀ ਹਾਸਲ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਦਾਇਰ ਕੀਤੀਆਂ ਗਈਆਂ ਸ਼ਿਕਾਇਤਾਂ ਵਿੱਚ ਦੋਸ਼ ਹੈ ਕਿ ਕੁਝ ਲੋਕਾਂ ਨੇ ਧੋਖਾਧੜੀ, ਤੱਥ ਲੁਕਾਉਣ ਜਾਂ ਹੋਰ ਗੈਰ-ਕਾਨੂੰਨੀ ਤਰੀਕਿਆਂ ਨਾਲ ਨਾਗਰਿਕਤਾ ਪ੍ਰਾਪਤ ਕੀਤੀ।
17 ਦੇਸ਼ਾਂ ਦੇ ਲੋਕਾਂ ‘ਤੇ ਕਾਰਵਾਈ
ਨਿਆਂ ਮੰਤਰਾਲੇ ਅਨੁਸਾਰ ਇਹ ਸ਼ਿਕਾਇਤਾਂ 20 ਜੁਲਾਈ ਤੋਂ 3 ਅਗਸਤ ਦਰਮਿਆਨ ਦਾਇਰ ਕੀਤੀਆਂ ਗਈਆਂ। ਕਾਰਵਾਈ ਦਾ ਸਾਹਮਣਾ ਕਰ ਰਹੇ 25 ਲੋਕ ਭਾਰਤ, ਪਾਕਿਸਤਾਨ, ਮੋਲਡੋਵਾ, ਮੈਕਸੀਕੋ, ਕੋਲੰਬੀਆ, ਨਾਈਜੀਰੀਆ, ਲਾਈਬੇਰੀਆ, ਘਾਨਾ, ਜਮਾਇਕਾ, ਤਾਈਵਾਨ, ਹੋਂਡੁਰਾਸ, ਕੈਮਰੂਨ, ਜਾਰਡਨ, ਕਿਊਬਾ, ਅਲ ਸਲਵਾਡੋਰ, ਹੈਤੀ ਅਤੇ ਸਵੀਡਨ ਸਮੇਤ 17 ਦੇਸ਼ਾਂ ਨਾਲ ਸੰਬੰਧਤ ਹਨ।

