ਕੈਨੇਡਾ ‘ਚ ਡੰਪ ਟਰੱਕ ਦੀ ਟਰੇਨ ਨਾਲ ਟੱਕਰ, ਪੰਜਾਬੀ ਟਰੱਕ ਡਰਾਈਵਰ ‘ਤੇ ਮਾਮਲਾ ਦਰਜ

TeamGlobalPunjab
2 Min Read

ਬਰੈਂਪਟਨ: ਕੈਨੇਡਾ ਦੇ ਦੱਖਣੀ ਗੁਐਲਫ਼ ‘ਚ ਸਥਿਤ ਪਜ਼ਲਿੰਚ ਦੇ ਕਨਸੈਸ਼ਨ ਰੋਡ 7 ‘ਤੇ ਬੀਤੇ ਮਹੀਨੇ ਡੰਪ ਟਰੱਕ ਦੀ ਰੇਲਗੱਡੀ ਨਾਲ ਭਿਆਨਕ ਟੱਕਰ ਹੋ ਗਈ ਜਿਸ ‘ਚ 25 ਸਾਲਾ ਪੰਜਾਬੀ ਡਰਾਈਵਰ ਹਰਮਨ ਸਿੰਘ ਪਾਬਲਾ ਜ਼ਖਮੀ ਹੋ ਗਏ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਹਰਮਨ ਸਿੰਘ ਪਾਬਲਾ ਕਾਹਲੀ ਵਿੱਚ ਪੱਛਮ ਵੱਲ ਜਾ ਰਹੇ ਸਨ ਉਹ ਇੰਨੀ ਜਲਦੀ ‘ਚ ਸੀ ਕਿ ਉਸ ਨੂੰ ਟਰੇਨ ਹੀ ਦਿਖਾਈ ਨਹੀਂ ਦਿੱਤੀ ਤੇ ਡੰਪ ਟਰੱਕ ਦੀ ਸਿੱਧੀ ਰੇਲ ਗੱਡੀ ਨਾਲ ਟੱਕਰ ਹੋ ਗਈ।

ਵੈਲਿੰਗਟਨ ਕਾਊਂਟੀ ਦੀ ਪੁਲਿਸ ਨੇ ਉਨਟਾਰੀਓ ਦੇ ਗੁਐਲਫ਼ ‘ਚ ਵਾਪਰੇ ਇਸ ਹਾਦਸੇ ਸਬੰਧੀ ਹਰਮਨ ਸਿੰਘ ਪਾਬਲਾ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।

ਉਨਟਾਰੀਓ ਪੁਲਿਸ ਨੇ ਇਸ ਹਾਦਸੇ ਸਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ ਇਹ ਹਾਦਸਾ ਬੀਤੇ ਮਹੀਨੇ 14 ਅਗਸਤ ਨੂੰ ਪਜ਼ਲਿੰਚ ਦੀ ਕਨਸੈਸ਼ਨ ਰੋਡ 7 ‘ਤੇ ਵਾਪਰਿਆ ਜਦੋਂ ਹਰਮਨ ਸਿੰਘ ਟਰੈਕ ਤੋਂ ਪੱਛਮ ਵੱਲ ਨੂੰ ਜਾ ਰਹੇ ਸਨ ਉਸ ਵੇਲ ਉਨ੍ਹਾਂ ਦੇ ਡੰਪ ਟਰੱਕ ਦੀ ਟਰੇਨ ਨਾਲ ਟੱਕਰ ਹੋ ਗਈ। ਜਿਸ ਵਿੱਚ ਹਰਮਨ ਸਿੰਘ ਜ਼ਖਮੀ ਹੋ ਗਏ ਤੇ ਵੈਲਿੰਗਟਨ ਪੈਰਾਮੈਡਿਕਸ ਵੱਲੋਂ ਉਸ ਨੂੰ ਜ਼ਖ਼ਮੀ ਹਾਲਤ ਵਿਚ ਹਸਪਤਾਲ ਭਰਤੀ ਕਰਵਾਇਆ ਗਿਆ।

ਪੁਲਿਸ ਨੇ ਇਸ ਮਾਮਲੇ ਦੀ ਜਾਂਚ ਕਰਦਿਆਂ ਹਰਮਨ ਸਿੰਘ ਪਾਬਲਾ ਖਿਲਾਫ ਲਾਪਰਵਾਹੀ ਨਾਲ ਵਾਹਨ ਚਲਾਉਣ ਤੇ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ‘ਚ ਮਾਮਲਾ ਦਰਜ ਕਰ ਲਿਆ ਹੈ। ਗੁਐਲਫ਼ ਵਿਖੇ ਉਨਟਾਰੀਓ ਕੋਰਟ ਆਫ਼ ਜਸਟਿਸ ‘ਚ ਹਰਮਨ ਸਿੰਘ ਦੀ ਹੁਣ 16 ਅਕਤੂਬਰ ਨੂੰ ਪੇਸ਼ੀ ਹੋਵੇਗੀ।

Share this Article
Leave a comment