ਚਮਕੌਰ ਸਾਹਿਬ ‘ਚ ਹਾਰ ਦੇ ਡਰ ਕਾਰਨ ਭਦੌੜ ਤੋਂ ਵੀ ਚੋਣ ਲੜ ਰਹੇ ਹਨ ਚੰਨੀ: ਰਾਘਵ ਚੱਢਾ

TeamGlobalPunjab
2 Min Read

ਚੰਡੀਗੜ੍ਹ: ਮੁੱਖ ਮੰਤਰੀ ਚੰਨੀ ਦੇ ਦੋ ਵਿਧਾਨ ਸਭਾ ਹਲਕਿਆਂ ਤੋਂ ਚੋਣ ਲੜਨ ਦੇ ਐਲਾਨ ‘ਤੇ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸਹਿ-ਇੰਚਾਰਜ ਰਾਘਵ ਚੱਢਾ ਨੇ ਹਮਲਾ ਬੋਲਿਆ ਹੈ। ਸੋਮਵਾਰ ਨੂੰ ਪਾਰਟੀ ਹੈੱਡਕੁਆਰਟਰ ਵਿਖੇ ਪ੍ਰੈਸ ਕਾਨਫਰੰਸ ਕਰਕੇ ਚੱਢਾ ਨੇ ਕਿਹਾ ਕਿ ਆਪਣੇ ਹੀ ਵਿਧਾਨ ਸਭਾ ਹਲਕੇ ਚਮਕੌਰ ਸਾਹਿਬ ਤੋਂ ਹੋ ਰਹੀ ਹਾਰ ਦੇ ਡਰੋਂ ਮੁੱਖ ਮੰਤਰੀ ਚੰਨੀ ਭਦੌੜ ਤੋਂ ਵੀ ਚੋਣ ਲੜ ਰਹੇ ਹਨ।

ਚੱਢਾ ਨੇ ਮੁੱਖ ਮੰਤਰੀ ਚੰਨੀ ਪਰ ਨਿਸ਼ਾਨਾਂ ਲਗਾਉਂਦਿਆਂ ਕਿਹਾ ਕਿ ਜਿਸ ਮੁੱਖ ਮੰਤਰੀ ‘ਤੇ ਰੇਤ ਮਾਫੀਆ ਚਲਾਉਣ ਦੇ ਦੋਸ਼ ਹੋਣ, ਉਸ ਮੁਖ ਮੰਤਰੀ ਦੇ ਹੱਥਾਂ ਵਿੱਚ ਪੰਜਾਬ ਕਦੇ ਵੀ ਸੁਰੱਖਿਅਤ ਨਹੀਂ ਰਹਿ ਸਕਦਾ। ਪੰਜਾਬ ਦੀ ਜਨਤਾ ਰੇਤ ਮਾਫੀਆ ਨੂੰ ਕਦੇ ਵੀ ਪਸੰਦ ਨਹੀਂ ਕਰੇਗੀ। ਜਨਤਾ ਦਾ ਮੂਡ ਦੇਖ ਕੇ ਉਹ ਸਮਝ ਗਏ ਹਨ ਕਿ ਉਹ ਆਪਣੇ ਹਲਕੇ ਚਮਕੌਰ ਸਾਹਿਬ ‘ਚ ਹਾਰ ਰਹੇ ਹਨ। ਇਸ ਲਈ ਉਹ ਚਮਕੌਰ ਸਾਹਿਬ ਦੇ ਨਾਲ-ਨਾਲ ਭਦੌੜ ਤੋਂ ਵੀ ਚੋਣ ਲੜ ਰਹੇ ਹਨ।

ਚੱਢਾ ਨੇ ਮੁੱਖ ਮੰਤਰੀ ਚੰਨੀ ਦੇ ਰਿਸ਼ਤੇਦਾਰਾਂ ਦੇ ਘਰ ਤੋਂ ਈਡੀ ਦੀ ਛਾਪੇਮਾਰੀ ਦੌਰਾਨ ਕਰੋੜਾਂ ਰੁਪਏ ਦੀ ਬਰਾਮਦਗੀ ‘ਤੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਜਦੋਂ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ 111 ਦਿਨਾਂ ਦੀ ਸਰਕਾਰ ਦੌਰਾਨ ਕਰੋੜਾਂ ਰੁਪਏ ਇਕੱਠੇ ਕੀਤੇ, ਜੇਕਰ ਚੰਨੀ ਪੰਜ ਸਾਲ ਮੁੱਖ ਮੰਤਰੀ ਹੁੰਦੇ ਤਾਂ ਕਿੰਨਾ ਪੈਸਾ ਅਤੇ ਜਾਇਦਾਦ ਇਕੱਠੀ ਕਰਦੇ, ਇਸਦਾ ਅੰਦਾਜ਼ਾ ਲਗਾਉਣਾ ਔਖਾ ਹੈ। ਚੱਢਾ ਨੇ ਕਿਹਾ ਕਿ ਆਪਣੇ ਆਪ ਨੂੰ ਗ਼ਰੀਬ ਕਹਿਣ ਵਾਲੇ ਮੁੱਖ ਮੰਤਰੀ ਚੰਨੀ ਨੇ ਸਿਰਫ਼ 111 ਦਿਨਾਂ ਵਿੱਚ ਖ਼ੁਦ ਨੂੰ ਅਤੇ ਆਪਣੇ ਕਈ ਰਿਸ਼ਤੇਦਾਰਾਂ ਨੂੰ ਕਰੋੜਪਤੀ ਬਣਾ ਦਿੱਤਾ। ਉਸ ਦੇ ਭਤੀਜੇ ਦੇ ਘਰ ਹੋਈ ਈਡੀ ਦੀ ਛਾਪੇਮਾਰੀ ਦੌਰਾਨ ਬਰਾਮਦ ਕਰੋੜਾਂ ਰੁਪਏ, ਮਹਿੰਗੀਆਂ ਗੱਡੀਆਂ ਅਤੇ ਜਾਇਦਾਦ ਦੇ ਕਾਗਜ਼ ਇਸਦੇ ਸਬੂਤ ਹਨ। ਉਨ੍ਹਾਂ ਦੇ ਵਿਧਾਨ ਸਭਾ ਹਲਕਾ ਚਮਕੌਰ ਸਾਹਿਬ ਦੇ ਲੋਕ ਉਨ੍ਹਾਂ ਤੋਂ ਜਵਾਬ ਮੰਗ ਰਹੇ ਹਨ, ਪਰ ਚੰਨੀ ਨੇ ਜਵਾਬ ਦੇਣ ਦੀ ਬਜਾਏ ਆਪਣਾ ਹਲਕਾ ਹੀ ਬਦਲ ਲਿਆ।

Share this Article
Leave a comment