ਡੀਐਸਜੀਐਮਸੀ ਚੋਣਾਂ ਦੀ ਪ੍ਰਕਿਰਿਆ ਸ਼ੁਰੂ, ਮੰਤਰੀ ਰਜਿੰਦਰ ਗੌਤਮ ਨੇ ਲਈ ਸਾਰੇ ਦਲਾਂ ਦੀ ਬੈਠਕ

TeamGlobalPunjab
2 Min Read

ਚੰਡੀਗੜ੍ਹ: ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ (ਡੀਐਸਜੀਐਮਸੀ) ਦੀਆਂ ਸਾਲ 2021 ‘ਚ ਹੋਣ ਵਾਲੀਆਂ ਆਮ ਚੋਣਾਂ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਬੁੱਧਵਾਰ ਨੂੰ ਦਿੱਲੀ ਗੁਰਦੁਆਰਾ ਚੋਣਾਂ ਮਾਮਲਿਆਂ ਦੇ ਮੰਤਰੀ ਰਜਿੰਦਰ ਗੌਤਮ ਨੇ ਸਾਰੀਆਂ ਪ੍ਰਮੁੱਖ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਬੈਠਕ ਕਰਕੇ ਚੋਣ ਪ੍ਰਕਿਰਿਆ ਦਾ ਆਗਾਜ਼ ਕਰ ਦਿੱਤਾ। ਇਸ ਬੈਠਕ ‘ਚ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ ਸਮੇਤ ਸ਼੍ਰੋਮਣੀ-ਅਕਾਲੀ ਦਲ (ਦਿੱਲੀ) ਵੱਲੋਂ ਪਰਮਜੀਤ ਸਿੰਘ ਸਰਨਾ ਅਤੇ ਹਰਿੰਦਰ ਸਿੰਘ ਸਰਨਾ, ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਹਰਮੀਤ ਸਿੰਘ ਕਾਲਕਾ ਜੀ ਅਤੇ ਜਾਗੋ ਪਾਰਟੀ ਵੱਲੋਂ ਮਨਜੀਤ ਸਿੰਘ ਜੀ.ਕੇ ਨੇ ਪ੍ਰਮੁੱਖ ਤੌਰ ‘ਤੇ ਹਿੱਸਾ ਲਿਆ।

ਬੈਠਕ ਬਾਰੇ ਜਾਣਕਾਰੀ ਦਿੰਦੇ ਹੋਏ ਵਿਧਾਇਕ ਜਰਨੈਲ ਸਿੰਘ ਨੇ ਦੱਸਿਆ ਕਿ ਬੈਠਕ ਅਗਲੇ ਸਾਲ ਹੋਣ ਜਾ ਰਹੀਆਂ ਡੀਐਸਜੀਐਮਸੀ ਚੋਣਾਂ ਨੂੰ ਸਮੇਂ ਸਿਰ ਨਿਰਪੱਖ ਅਤੇ ਪਾਰਦਰਸ਼ੀ ਤਰੀਕੇ ਨਾਲ ਕਰਵਾਏ ਜਾਣ ਸੰਬੰਧੀ ਸੱਦੀ ਗਈ ਸੀ। ਜਿਸ ਲਈ ਦਿੱਲੀ ਸਰਕਾਰ ਦੇ ਮੰਤਰੀ ਰਜਿੰਦਰ ਗੌਤਮ ਵੱਲੋਂ ਦਿਖਾਈ ਗਈ ਗੰਭੀਰਤਾ ਸ਼ਲਾਘਾਯੋਗ ਹੈ। ਜਰਨੈਲ ਸਿੰਘ ਨੇ ਦੱਸਿਆ ਕਿ ਬੈਠਕ ਦੌਰਾਨ ਨਵੀਆਂ ਵੋਟਾਂ, ਵੋਟਰ ਸੂਚੀਆਂ ਦੀ ਸੁਧਾਈ ਅਤੇ ਜ਼ਰੂਰਤ ਅਨੁਸਾਰ ਨਵੀਂ ਹਲਕਾਬੰਦੀ ਬਾਰੇ ਵਿਚਾਰ ਚਰਚਾ ਹੋਈ। ਉਨ੍ਹਾਂ ਦੱਸਿਆ ਕਿ ਛੇਤੀ ਹੀ ਨਵੀਆਂ ਵੋਟਾਂ ਅਤੇ ਵੋਟਰ ਸੂਚੀਆਂ ਦੀ ਸੁਧਾਈ ਲਈ ਆਨਲਾਈਨ ਰਜਿਸਟ੍ਰੇਸ਼ਨ ਦਾ ਕੰਮ ਸ਼ੁਰੂ ਹੋ ਜਾਵੇਗਾ।

ਜਰਨੈਲ ਸਿੰਘ ਨੇ ਜਾਰੀ ਬਿਆਨ ਅਤੇ ਸੋਸ਼ਲ ਮੀਡੀਆ ਰਾਹੀਂ ਦਿੱਲੀ ਦੀ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਉਹ ਦਿੱਲੀ ਦੇ ਗੁਰਦੁਆਰਾ ਸਹਿਬਾਨਾਂ ਦੀ ਰਹਿਤ ਮਰਯਾਦਾ ਅਨੁਸਾਰ ਬਿਹਤਰੀਨ ਸਾਂਭ ਸੰਭਾਲ ਸਮੇਤ ਡੀਐਸਜੀਐਮਸੀ ਅਧੀਨ ਚੱਲਦੇ ਸਕੂਲਾਂ, ਕਾਲਜਾਂ ਅਤੇ ਹਸਪਤਾਲਾਂ ਦੀਆਂ ਸੇਵਾਵਾਂ ਵਿਸ਼ਵ ਪੱਧਰੀ ਬਣਾਉਣ ਲਈ ਹਰੇਕ ਯੋਗ ਸਿੱਖ ਆਪਣੇ ਆਪਣੇ ਪਰਿਵਾਰਕ ਮੈਂਬਰਾਂ ਦੀਆਂ ਵੋਟਾਂ ਜ਼ਰੂਰ ਬਣਾਉਣ ਅਤੇ ਵੱਧ ਤੋਂ ਵੱਧ ਮਤਦਾਨ ਕਰਕੇ ਡੀਐਸਜੀਐਮਸੀ ਨੂੰ ਚੰਗੇ, ਸਾਫ਼ -ਸੁਥਰੇ ਅਤੇ ਯੋਗ ਹੱਥਾਂ ‘ਚ ਦੇਣ।

Share this Article
Leave a comment