ਅਮਰੀਕਾ : ਮਿਡਲ ਈਸਟ ਵਿੱਚ ਅਮਰੀਕਾ-ਇਜ਼ਰਾਈਲ ਅਤੇ ਈਰਾਨ ਵਿਚਕਾਰ ਜਾਰੀ ਜੰਗ ਭਿਆਨਕ ਰੂਪ ਧਾਰਨ ਕਰ ਚੁੱਕੀ ਹੈ। ਖੇਤਰ ਵਿੱਚ ਜੰਗ ਹਰ ਦਿਨ ਖ਼ਤਰਨਾਕ ਹੁੰਦੀ ਜਾ ਰਹੀ ਹੈ। ਅਮਰੀਕਾ ਨੇ ਈਰਾਨ ਵਿੱਚ ਹਜ਼ਾਰਾਂ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਹੈ, ਉੱਥੇ ਹੀ ਈਰਾਨ ਨੇ ਵੀ ਖਾੜੀ ਦੇ ਕਈ ਦੇਸ਼ਾਂ ਵਿੱਚ ਮੌਜੂਦ ਅਮਰੀਕੀ ਫ਼ੌਜੀ ਅੱਡਿਆਂ ‘ਤੇ ਭਿਆਨਕ ਹਮਲੇ ਕੀਤੇ ਹਨ।
ਇਸ ਭਿਆਨਕ ਜੰਗ ਦੇ ਵਿਚਕਾਰ ਅਮਰੀਕਾ ਦੇ ਵਾਸ਼ਿੰਗਟਨ ਤੋਂ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਵਿੱਚ ਆਰਮੀ ਬੇਸ ਦੇ ਉੱਪਰ ਅਣਪਛਾਤੇ ਡਰੋਨ ਦੇਖੇ ਗਏ ਹਨ, ਜਿਸ ਕਾਰਨ ਅਧਿਕਾਰੀਆਂ ਵਿੱਚ ਹੜਕੰਪ ਮਚ ਗਿਆ ਹੈ।
ਵਾਸ਼ਿੰਗਟਨ ਪੋਸਟ ਮੁਤਾਬਕ, “ਅਮਰੀਕੀ ਅਧਿਕਾਰੀਆਂ ਨੇ ਵਾਸ਼ਿੰਗਟਨ ਆਰਮੀ ਬੇਸ ਦੇ ਉੱਪਰ ਅਣਪਛਾਤੇ ਡਰੋਨਾਂ ਦਾ ਪਤਾ ਲਗਾਇਆ ਹੈ, ਜਿੱਥੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਅਤੇ ਰੱਖਿਆ ਮੰਤਰੀ ਪੀਟ ਹੇਗਸੇਥ ਰਹਿੰਦੇ ਹਨ। ਦੋ ਵਿਅਕਤੀਆਂ ਨੇ ਕਿਹਾ ਕਿ ਅਧਿਕਾਰੀ ਹੁਣ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਕਰ ਸਕੇ ਹਨ ਕਿ ਇਹ ਡਰੋਨ ਕਿੱਥੋਂ ਆਏ ਹਨ।”
ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਕਿਹਾ- “ਅਮਰੀਕਾ ਅਤੇ ਇਜ਼ਰਾਈਲ ਵੱਲੋਂ ਈਰਾਨ ‘ਤੇ ਕੀਤੇ ਗਏ ਹਮਲਿਆਂ ਕਾਰਨ ਚੌਕਸੀ ਵਧਾ ਦਿੱਤੀ ਗਈ ਹੈ। ਇਸ ਕਾਰਨ ਫ਼ੌਜ ਵੱਲੋਂ ਸੰਭਾਵੀ ਖ਼ਤਰਿਆਂ ‘ਤੇ ਬਹੁਤ ਬਾਰੀਕੀ ਨਾਲ ਨਜ਼ਰ ਰੱਖੀ ਜਾ ਰਹੀ ਹੈ। ਅਧਿਕਾਰੀ ਨੇ ਦੱਸਿਆ ਕਿ ਪਿਛਲੇ 10 ਦਿਨਾਂ ਤੋਂ ਇੱਕੋ ਰਾਤ ਵਿੱਚ ਫੋਰਟ ਲੈਸਲੀ ਜੇ. ਮੈਕਨੇਅਰ ਦੇ ਉੱਪਰ ਕਈ ਡਰੋਨ ਦੇਖੇ ਗਏ ਹਨ। ਇਸ ਤੋਂ ਬਾਅਦ ਉੱਥੇ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ। ਇਸ ਘਟਨਾ ‘ਤੇ ਵ੍ਹਾਈਟ ਹਾਊਸ ਵਿੱਚ ਇੱਕ ਮੀਟਿੰਗ ਵੀ ਬੁਲਾਈ ਗਈ ਹੈ।”
ਦੱਸ ਦਈਏ ਕਿ ਈਰਾਨ-ਇਜ਼ਰਾਈਲ ਅਤੇ ਅਮਰੀਕਾ ਵਿਚਕਾਰ ਜੰਗ ਦੇ 20ਵੇਂ ਦਿਨ ਹਾਲਾਤ ਹੋਰ ਖ਼ਰਾਬ ਹੋ ਗਏ ਹਨ। ਈਰਾਨ ਨੇ ਕਤਰ ਵਿੱਚ ਦੁਨੀਆ ਦੇ ਸਭ ਤੋਂ ਵੱਡੇ ਲਿਕਵੀਫਾਈਡ ਨੈਚੁਰਲ ਗੈਸ (LNG) ਪਲਾਂਟ ‘ਤੇ ਮਿਜ਼ਾਈਲ ਦਾਗੀ। ਇਸ ਤੋਂ ਪਹਿਲਾ ਬੁੱਧਵਾਰ ਨੂੰ ਇਜ਼ਰਾਈਲ ਨੇ ਈਰਾਨ ਦੇ ਪ੍ਰਮੁੱਖ ‘ਸਾਊਥ ਪਾਰਸ ਗੈਸ ਫੀਲਡ’ ‘ਤੇ ਹਮਲਾ ਕੀਤਾ ਸੀ, ਜੋ ਕਿ ਈਰਾਨ ਦੀ ਸਭ ਤੋਂ ਵੱਡੀ ਗੈਸ ਫੀਲਡ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਹਮਲੇ ਦੇ ਜਵਾਬ ਵਿੱਚ ਈਰਾਨ ਨੇ ਕਤਰ ਦੇ ਐਲ.ਐਨ.ਜੀ. ਪਲਾਂਟ ਨੂੰ ਨਿਸ਼ਾਨਾ ਬਣਾਇਆ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

