ਇੰਦਰਾ ਗਾਂਧੀ ਨੂੰ ‘ਆਇਰਨ ਲੇਡੀ’ ਕਹਿਣ ਦਾ ਵਿਰੋਧ ਕਰਨ ‘ਤੇ ਵਿਦਿਆਰਥੀ ਦੀ ਕੁੱਟਮਾਰ, ਮਾਮਲੇ ‘ਚ ਐੱਮਪੀ ਖ਼ਾਲਸਾ ਦੀ ਵੀ ਐਂਟਰੀ

Global Team
3 Min Read

ਫ਼ਰੀਦਕੋਟ: ਫ਼ਰੀਦਕੋਟ ਦੇ ਕੋਟਕਪੂਰਾ ਸਥਿਤ ਡੀ.ਸੀ.ਐਮ. ਸਕੂਲ ਵਿੱਚ ਇੱਕ ਅੱਠਵੀਂ ਜਮਾਤ ਦੇ ਵਿਦਿਆਰਥੀ ਦੀ ਕੁਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਵਿਦਿਆਰਥੀ ਦਾ ਇਲਜ਼ਾਮ ਹੈ ਕਿ ਜਦੋਂ ਉਸ ਨੇ ਜਮਾਤ ਵਿੱਚ ਇੰਦਰਾ ਗਾਂਧੀ ਨੂੰ ‘ਚੰਗੀ ਮਹਿਲਾ’ ਕਹਿਣ ਦਾ ਵਿਰੋਧ ਕੀਤਾ, ਤਾਂ ਅਧਿਆਪਕਾ ਨੇ ਉਸ ਨੂੰ ਥੱਪੜ ਮਾਰੇ। ਇਸ ਘਟਨਾ ਤੋਂ ਬਾਅਦ ਸਕੂਲ ਵਿੱਚ ਕਾਫੀ ਵਿਵਾਦ ਵਧ ਗਿਆ, ਜਿਸ ਵਿੱਚ ਹੁਣ ਸਾਂਸਦ ਸਰਬਜੀਤ ਸਿੰਘ ਖ਼ਾਲਸਾ ਦੀ ਵੀ ਐਂਟਰੀ ਹੋ ਗਈ ਹੈ।

ਕੀ ਹੈ ਪੂਰਾ ਮਾਮਲਾ?

ਜਾਣਕਾਰੀ ਅਨੁਸਾਰ, 28 ਅਪ੍ਰੈਲ ਨੂੰ ਪੰਜਾਬੀ ਦੇ ਪੀਰੀਅਡ ਦੌਰਾਨ ਅਧਿਆਪਕਾ ‘ਮਹਾਨ ਮਹਿਲਾਵਾਂ’ ਬਾਰੇ ਪੜ੍ਹਾ ਰਹੀ ਸੀ। ਜਦੋਂ ਅਧਿਆਪਕਾ ਨੇ ਇੰਦਰਾ ਗਾਂਧੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਨੂੰ ‘ਆਇਰਨ ਲੇਡੀ’ ਅਤੇ ‘ਨੇਕ ਮਹਿਲਾ’ ਦੱਸਿਆ, ਤਾਂ ਵਿਦਿਆਰਥੀ ਨੇ ਖੜ੍ਹੇ ਹੋ ਕੇ ਇਤਰਾਜ਼ ਜਤਾਇਆ। ਵਿਦਿਆਰਥੀ ਨੇ ਤਰਕ ਦਿੱਤਾ ਕਿ ਜਿਸ ਨੇ ਦਰਬਾਰ ਸਾਹਿਬ ‘ਤੇ ਹਮਲਾ ਕਰਵਾਇਆ ਹੋਵੇ, ਉਹ ਚੰਗੀ ਕਿਵੇਂ ਹੋ ਸਕਦੀ ਹੈ?

ਵਿਦਿਆਰਥੀ ਅਨੁਸਾਰ, ਜਦੋਂ ਉਸ ਨੇ ਆਪਣੀ ਗੱਲ ਦੁਬਾਰਾ ਦੁਹਰਾਈ ਤਾਂ ਮੈਡਮ ਨੇ ਉਸ ਨੂੰ ਕੁੱਟਿਆ  ਅਤੇ ਫਿਰ ਦੂਜੇ ਅਧਿਆਪਕ ਕੋਲ ਲੈ ਗਏ, ਜਿੱਥੇ ਉਸ ਨੂੰ ਮੁੜ ਸਜ਼ਾ ਦਿੱਤੀ ਗਈ। ਬੱਚੇ ਨੇ ਕਿਹਾ, “ਮੈਨੂੰ ਸਕੂਲ ਵਿੱਚ ਸਿਖਾਇਆ ਜਾਂਦਾ ਹੈ ਕਿ ਸੱਚ ਬੋਲੋ, ਪਰ ਜਦੋਂ ਮੈਂ ਸੱਚ ਬੋਲਿਆ ਤਾਂ ਮੈਨੂੰ ਹੀ ਕੁੱਟ ਦਿੱਤਾ ਗਿਆ।”

ਪਰਿਵਾਰ ਅਤੇ ਸਕੂਲ ਦਾ ਪੱਖ

ਵਿਦਿਆਰਥੀ ਦੀ ਮਾਂ ਨੇ ਦੋਸ਼ ਲਾਇਆ ਕਿ ਸਕੂਲ ਵਿੱਚ ਪਿਛਲੇ ਕੁਝ ਸਮੇਂ ਤੋਂ ਪੰਜਾਬੀ ਬੋਲਣ ‘ਤੇ ਪਾਬੰਦੀ ਲਗਾਈ ਜਾ ਰਹੀ ਹੈ ਅਤੇ ਬੱਚਿਆਂ ‘ਤੇ ਹਿੰਦੀ ਬੋਲਣ ਲਈ ਦਬਾਅ ਪਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਬੱਚੇ ਦੇ ਸਰੀਰ ‘ਤੇ ਕੁਟਮਾਰ ਦੇ ਨਿਸ਼ਾਨ ਸਨ। ਦੂਜੇ ਪਾਸੇ, ਸਕੂਲ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਪਵਨ ਮਿੱਤਲ ਨੇ ਕਿਹਾ ਕਿ ਅਧਿਆਪਕਾ ਦੀ ਮਨਸ਼ਾ ਬੱਚੇ ਨੂੰ ਸੱਟ ਪਹੁੰਚਾਉਣ ਦੀ ਨਹੀਂ ਸੀ। ਉਨ੍ਹਾਂ ਨੇ ਇਸ ਘਟਨਾ ਲਈ ਮੁਆਫੀ ਮੰਗਦਿਆਂ ਕਿਹਾ ਕਿ ਸਕੂਲ ਵਿੱਚ ਸਿੱਖ ਧਰਮ ਦਾ ਪੂਰਾ ਸਤਿਕਾਰ ਕੀਤਾ ਜਾਂਦਾ ਹੈ।

ਸਾਂਸਦ ਸਰਬਜੀਤ ਸਿੰਘ ਖ਼ਾਲਸਾ ਦਾ ਬਿਆਨ

ਫਰੀਦਕੋਟ ਤੋਂ ਸਾਂਸਦ ਸਰਬਜੀਤ ਸਿੰਘ ਖ਼ਾਲਸਾ ਨੇ ਬੱਚੇ ਦਾ ਸਮਰਥਨ ਕਰਦਿਆਂ ਕਿਹਾ ਕਿ ਕੋਈ ਵੀ ਸਿੱਖ ਇੰਦਰਾ ਗਾਂਧੀ ਨੂੰ ਚੰਗੀ ਮਹਿਲਾ ਵਜੋਂ ਸਵੀਕਾਰ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਬੱਚੇ ਨੇ ਕੁਝ ਵੀ ਗਲਤ ਨਹੀਂ ਕਿਹਾ। ਖ਼ਾਲਸਾ ਅਨੁਸਾਰ, ਸਕੂਲ ਮਾਲਕ ਵੱਲੋਂ ਮੁਆਫੀ ਮੰਗਣ ਤੋਂ ਬਾਅਦ ਫਿਲਹਾਲ ਮਾਮਲਾ ਸ਼ਾਂਤ ਹੋ ਗਿਆ ਹੈ।

Share This Article
Leave a Comment