ਇਹਨਾਂ ‘ਉਡਣ ਖਟੋਲਿਆਂ’ ਤੋਂ ਕਿਉਂ ਖੌਫਜ਼ਦਾ ਹਨ ਪੰਜਾਬ ਦੇ ਸਰਹੱਦੀ ਖੇਤਰ ਦੇ ਲੋਕ  

TeamGlobalPunjab
3 Min Read

ਚੰਡੀਗੜ੍ਹ : ਭਾਰਤ ਅਤੇ ਪਾਕਿਸਤਾਨ ਦੀ ਸਰਹੱਦ ‘ਤੇ ਭਾਰਤ ਵੱਲ ਪੰਜਾਬ ਵਿਚ ਪੈਂਦੇ ਪੇਂਡੂ ਖੇਤਰ ਦੇ ਲੋਕਾਂ ਦੇ ਹਰ ਵੇਲੇ ਸਾਹ ਸੂਤੇ ਰਹਿੰਦੇ ਹਨ। ਉਹਨਾਂ ਦੇ ਸਿਰ ‘ਤੇ ਕੋਈ  ਨਾ ਕੋਈ ਖੌਫ ਮੰਡਰਾਉਂਦਾ ਹੀ ਰਹਿੰਦਾ ਹੈ।  ਕਦੇ ਹਥਿਆਰਾਂ ਦੀ ਤਸਕਰੀ, ਕਦੇ ਨਸ਼ਿਆਂ ਦੀ ਖੇਪ ਦੀ ਆਮਦ ਅਤੇ ਦਹਿਸ਼ਤਗਰਦੀ ਦਾ ਆਲਮ ਉਹਨਾਂ ਦਾ ਪਿੱਛਾ ਨਹੀਂ ਛੱਡਦਾ। ਪਿਛਲੇ ਕੁਝ ਸਮੇਂ ਤੋਂ ਪਾਕਿਸਤਾਨ ਵਾਲੇ ਪਾਸਿਓਂ ਵਾਹਗਾ ਅਤੇ ਹੁਸੈਨੀਵਾਲਾ ਬਾਰਡਰ ਦੇ ਖੇਤਰ ਵਿਚ ਆ ਕੇ ਡਿੱਗ ਰਹੇ ‘ਉਡਣ ਖਟੋਲਿਆਂ’ ਡਰੋਨਜ਼ ਨੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣਾ ਦਿੱਤਾ ਹੈ। ਪਾਕਿਸਤਾਨ ਵਲੋਂ ਲਗਾਤਾਰ ਆ ਰਹੇ ਡਰੋਨਜ਼ ਰਾਹੀਂ ਹਥਿਆਰ ਅਤੇ ਗੋਲਾ ਬਾਰੂਦ ਪ੍ਰਾਪਤ ਹੋ ਰਿਹਾ ਹੈ। ਸਭ ਤੋਂ ਪਹਿਲਾਂ ਤਰਨ ਤਾਰਨ ਨੇੜਲੇ ਇਕ ਪਿੰਡ ਵਿਚੋਂ ਡਰੋਨ ਮਿਲਿਆ ਸੀ ਜਿਸ ਵਿਚ ਹਥਿਆਰ ਅਤੇ ਗੋਲਾ ਬਾਰੂਦ ਲੱਦਿਆ ਹੋਇਆ ਸੀ ਅਤੇ ਇਸ ਦੀਆਂ ਤਾਰਾਂ ਦਹਿਸ਼ਤਗਰਦ ਜਥੇਬੰਦੀ “Khalistan Zindabad Force” ਨਾਲ ਜੁੜੀਆਂ ਹੋਈਆਂ ਦੱਸੀਆਂ ਜਾਂਦੀਆਂ ਸਨ। ਪੰਜਾਬ ਪੁਲਿਸ ਵਲੋਂ ਇਸ ਨਾਲ ਸੰਬੰਧਤ ਚਾਰ ਵਿਅਕਤੀਆਂ ਨੂੰ ਹਿਰਾਸਤ ਵਿਚ ਲੈ ਕੇ ਪੁੱਛ-ਗਿੱਛ ਦੌਰਾਨ ਉਹਨਾਂ ਦੱਸਿਆ ਸੀ ਕਿ ਪਾਕਿਸਤਾਨ ਵੱਲੋਂ ਹਥਿਆਰਾਂ ਦੀ ਤਸਕਰੀ ਡਰੋਨ ਰਾਹੀਂ ਕੀਤੀ ਜਾਂਦੀ ਹੈ। ਉਹਨਾਂ ਕੋਲੋਂ ਇਕ ਅੱਧ ਜਲਿਆ ਡਰੋਨ ਅਤੇ ਹਥਿਆਰ ਵੀ ਬਰਾਮਦ ਕੀਤੇ ਗਏ ਸਨ। ਲਗਪਗ ਇਕ ਮਹੀਨੇ ਤੋਂ (ਦਸ ਅਕਤੂਬਰ ਤਕ) ਪਾਕਿਸਤਾਨੀ ਡਰੋਨ ਦੀ ਘੁਸਪੈਠ ਜਾਰੀ ਹੈ। ਫਿਰੋਜਪੁਰ ਦੇ ਸਰਹੱਦੀ ਪਿੰਡਾਂ ਹਜ਼ਾਰਾਂ ਸਿੰਘ ਵਾਲਾ ਅਤੇ ਟੋਡੀ ਵਾਲਾ ਵਿਚ ਵੀ ਲੋਕਾਂ ਨੂੰ ਡਰੋਨ ਵਿਖਾਈ ਦਿੱਤਾ ਸੀ। ਕਈ ਥਾਈਂ ਪਾਕਿਸਤਾਨ ਦੇ ਝੰਡੇ ਵਾਲੇ ਗੁਬਾਰੇ ਵੀ ਡਿਗਦੇ ਲੋਕਾਂ ਨੂੰ ਵਿਖਾਈ ਦਿੱਤੇ ਸਨ ਜਿਸ ਕਾਰਨ ਹਰ ਵੇਲੇ ਇਹ ਲੋਕ ਡਰੇ ਰਹਿੰਦੇ ਹਨ।

ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਕਾਰਵਾਈ ਨੂੰ ਜੰਮੂ ਅਤੇ ਕਸ਼ਮੀਰ ਵਿਚੋਂ ਧਾਰਾ 370 ਖਤਮ ਕਰਨ ਤੋਂ ਬਾਅਦ ਪਾਕਿਸਤਾਨ ਵੱਲੋਂ ਹਥਿਆਰ ਸਰਹੱਦ ਪਾਰ ਭੇਜਣ ਦਾ ਨਵਾਂ ਤਰੀਕਾ ਦੱਸਿਆ ਹੈ। ਪੰਜਾਬ ਦੀ ਸਰਹੱਦ ‘ਤੇ ਵੱਧ ਰਹੀ ਇਸ ਕਾਰਵਾਈ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਨੇ ਕੇਂਦਰੀ ਗ੍ਰਹਿ ਮੰਤਰੀ ਨੂੰ ਇਸ ‘ਤੇ ਛੇਤੀ ਕਾਬੂ ਪਾਉਣ ਦਾ ਵਾਸਤਾ ਵੀ ਪਾਇਆ ਹੈ। ਭਾਰਤ ਦੀ ਸੀਮਾ ਅੰਦਰ ਹਥਿਆਰਾਂ ਨਾਲ ਲੈਸ ਹੋ ਕੇ ਆ ਰਹੇ ਡਰੋਨਜ਼ ਤੋਂ ਸਰਹੱਦੀ ਖੇਤਰ ਦੇ ਲੋਕ ਤਾਂ ਖੌਫਜ਼ਦਾ ਹਨ ਪਰ ਸੀਮਾ ਸੁਰੱਖਿਆ ਬਲ ਬੀਐੱਸਐਫ ਦੇ ਅਧਿਕਾਰੀ ਇਸ ਨੂੰ ਮਹਿਜ਼ ਅਫਵਾਹ ਦੱਸ ਰਹੇ ਹਨ। ਪੰਜਾਬ ਵਿਚ ਖਾੜਕੂਵਾਦ ਦੌਰ ਦੇ ਝੰਬੇ ਇਸ ਖੇਤਰ ਦੇ ਲੋਕਾਂ ਨੂੰ ਡਰ ਲੱਗਦਾ ਹੈ ਕਿ ਪੁਲਿਸ ਉਹਨਾਂ ਦੇ ਨੌਜਵਾਨਾਂ ਨੂੰ ਇਸ ਵਿਚ ਸ਼ਮੂਲੀਅਤ ਦਰਸਾ ਕੇ ਫਸਾ ਨਾ ਦੇਵੇ। ਸਰਹੱਦੀ ਖੇਤਰ ਵਿਚ ਹੋ ਰਹੀ ਇੰਨੀ ਵੱਡੀ ਕਾਰਵਾਈ ਤੋਂ ਕੇਂਦਰ ਦੀਆਂ ਖੁਫੀਆ ਏਜੰਸੀਆਂ ਅਤੇ ਸੀਮਾ ਸੁਰੱਖਿਆ ਬਲਾਂ ਵੱਲੋਂ ਸਬਕ ਨਾ ਸਿੱਖਣ ‘ਤੇ ਉਨ੍ਹਾਂ ‘ਤੇ ਪ੍ਰਸ਼ਨ ਚਿੰਨ੍ਹ ਲੱਗਦਾ ਹੈ।

 

- Advertisement -

-ਅਵਤਾਰ ਸਿੰਘ

ਸੀਨੀਅਰ ਪੱਤਰਕਾਰ

Share this Article
Leave a comment