ਫੋਰਡ ਦੀ ਇਹ ਯੋਜਨਾ ਲਾਗੂ ਹੋ ਗਈ ਤਾਂ ਓਨਟਾਰੀਓ ਦੇ ਹਸਪਤਾਲ ਹੋ ਜਾਣਗੇ ਡਾਕਟਰਾਂ ਤੋਂ ਸੱਖਣੇ

Prabhjot Kaur
2 Min Read

ਓਨਟਾਰੀਓ : ਜੇਕਰ ਆਉਣ ਵਾਲੇ ਦਿਨਾਂ ‘ਚ ਪ੍ਰੀਮੀਅਰ ਡਗ ਫੋਰਡ ਦੀ ਪਾਈਵੇਟ ਸਰਜਰੀ ਸੈਂਟਰਾਂ ਵਾਲੀ ਯੋਜਨਾ ਲਾਗੂ ਹੋ ਗਈ ਤਾਂ ਓਨਟਾਰੀਓ ਦੇ ਹਸਪਤਾਲ ਡਾਕਟਰਾਂ ਅਤੇ ਨਰਸਾਂ ਤੋਂ ਸੱਖਣੇ ਹੋ ਜਾਣਗੇ। ਓਨਟਾਰੀਓ ਦੇ ਕਾਲਜ ਆਫ਼ ਫ਼ਿਜ਼ੀਸ਼ੀਅਨਜ਼ ਅਤੇ ਸਰਜਨਜ ਵਲੋਂ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਹੈ।

ਪ੍ਰੀਮੀਅਰ ਡਗ ਫੋਰਡ ਦਾ ਦਾਅਵਾ ਹੈ ਕਿ ਹਸਪਤਾਲਾਂ ਤੋਂ ਬੋਝ ਘਟਾਉਣ ਲਈ ਅਜਿਹੇ ਸਰਜਰੀ ਸੈਂਟਰ ਸਥਾਪਤ ਕਰਨ ਦੀ ਜਰੂਰਤ ਹੈ ਜੋ ਨਿਜੀ ਹੱਥਾਂ ‘ਚ ਹੋਣ ਅਤੇ ਡਾਕਟਰ ਆਪਣੇ ਵਾਧੂ ਸਮੇਂ ਦੌਰਾਨ ਉਥੇ ਜਾ ਕੇ ਸਰਜਰੀ ਕਰ ਸਕਣ। ਇੱਕ ਰਿਪੋਰਟ ਮੁਤਾਬਕ ਸੂਬਾ ਸਰਕਾਰ ਵੱਲੋਂ ਇਸ ਬਾਰੇ ਵੇਰਵੇ ਅਗਲੇ ਹਫ਼ਤੇ ਪੇਸ਼ ਕੀਤੇ ਜਾ ਸਕਦੇ ਹਨ।

ਉਧਰ ਡਾ. ਨੈਨਸੀ ਵਿਟਮੋਰ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਅਤੀਤ ‘ਚ ਵੀ ਇਸ ਮਸਲੇ ‘ਤੇ ਸਲਾਹ ਕੀਤੀ ਗਈ ਸੀ ਪਰ ਕਾਲਜ ਵੱਲੋਂ ਸਾਫ ਤੌਰ ’ਤੇ ਅਜਿਹੇ ਸਰਜੀਕਲ ਸੈਂਟਰਾਂ ਦਾ ਵਿਰੋਧ ਕੀਤਾ ਗਿਆ। ਉਨਾਂ ਕਿਹਾ ਕਿ ਹੈਲਥ ਕੇਅਰ ਸੰਕਟ ਦਾ ਇਹ ਕੋਈ ਹੱਲ ਨਹੀਂ ਅਤੇ ਹਸਪਤਾਲਾਂ ‘ਚ ਉਡੀਕ ਸਮਾਂ ਹੋਰ ਵਧ ਜਾਵੇਗਾ। ਡਾ. ਨੈਨਸੀ ਨੇ ਸਾਫ਼ ਕਿਹਾ ਕਿ ਇਸ ਵਾਰ ਪ੍ਰਾਈਵੇਟ ਸਰਜਰੀ ਸੈਂਟਰ ਖੋਲ੍ਹਣ ਦੇ ਐਲਾਨ ਜਾਂ ਇਸ ਯੋਜਨਾ ਨੂੰ ਲਾਗੂ ਕਰਨ ਬਾਰੇ ਕਾਲਜ ਨਾਲ ਕੋਈ ਸਲਾਹ ਮਸ਼ਵਰਾ ਨਹੀਂ ਕੀਤਾ ਗਿਆ।

ਉਧਰ ਸਰਕਾਰੀ ਸੂਤਰਾਂ ਨੇ ਕਿਹਾ ਕਿ ਡਾ. ਨੈਨਸੀ ਵਿਟਮੋਰ ਨਾਲ ਫ਼ਿਲਹਾਲ ਸੰਪਰਕ ਨਹੀਂ ਕੀਤਾ ਗਿਆ ਪਰ ਉਨ੍ਹਾਂ ਦੀਆਂ ਚਿਤਾਵਾਂ ਦੂਰ ਕਰਨ ਲਈ ਕਦਮ ਚੁੱਕੇ ਜਾ ਰਹੇ ਹਨ। ਰਿਪੋਰਟ ਮੁਤਾਬਕ ਉਡੀਕ ਸਮਾਂ ਘਟਾਉਣ ਲਈ ਸਰਜਰੀ ਅਤੇ ਹੋਰ ਮੈਡੀਕਲ ਪ੍ਰਕਿਰਿਆਵਾਂ ਨੂੰ ਮੌਜੂਦਾ ਕਮਿਊਨਿਟੀ ਕਲੀਨਿਕਸ ‘ਚ ਵੰਡਿਆ ਜਾਵੇਗਾ। ਇਹ ਯਕੀਨੀ ਬਣਾਇਆ ਜਾਵੇਗਾ ਕਿ ਪੂਰੇ ਸਿਸਟਮ ਉਪਰ ਕੋਈ ਗਲਤ ਅਸਰ ਨਾਂ ਪਵੇ।

- Advertisement -

Share this Article
Leave a comment