ਕਿਸਾਨ ਅੰਦੋਲਨ: ਇਤਨਾ ਨਾਰਾਜ਼ ਨਾ ਹੋ ਫੈਸਲੇ ਮੇਂ ਦੇਰ ਹੋ ਜਾਏ…

TeamGlobalPunjab
4 Min Read

-ਅਵਤਾਰ ਸਿੰਘ

ਕਿਸਾਨ ਅੰਦੋਲਨ ਦੇ ਸੰਬੰਧ ਵਿੱਚ ਬੁੱਧਵਾਰ ਤੇ ਵੀਰਵਾਰ ਦਾ ਘਟਨਾਕ੍ਰਮ ਇੰਨੀ ਤੇਜ਼ੀ ਨਾਲ ਫੈਲਿਆ ਕਿ ਕੌਮੀ ਅਤੇ ਕੌਮਾਂਤਰੀ ਪੱਧਰ ‘ਤੇ ਹਰ ਪੱਧਰ ਉਪਰ ਇਸ ਦੀ ਚਰਚਾ ਹੋਣ ਲੱਗੀ। ਸੰਸਦ ਵਿੱਚ ਹੰਗਾਮਾ ਹੋਇਆ। ਰਾਜ ਸਭਾ ਤੋਂ ਆਮ ਆਦਮੀ ਪਾਰਟੀ ਦੇ ਤਿੰਨ ਸੰਸਦ ਮੈਂਬਰਾਂ ਨੂੰ ਸਸਪੈਂਡ ਕੀਤਾ ਗਿਆ ਅਤੇ ਰਾਹੁਲ ਗਾਂਧੀ ਨੇ ਪ੍ਰੈਸ ਕਾਨਫਰੰਸ ਕਰਕੇ ਖੇਤੀ ਸੁਧਾਰਾਂ ਦੇ ਮੁੱਦੇ ‘ਤੇ ਸਰਕਾਰ ਖਿਲਾਫ ਖੂਬ ਹਮਲਾਵਰ ਰੁਖ ਅਖਤਿਆਰ ਕੀਤਾ। ਉਧਰ ਸੁਪਰੀਮ ਕੋਰਟ
ਨੇ 26 ਜਨਵਰੀ ਨੂੰ ਕਿਸਾਨਾਂ ਦੀ ਟਰੈਕਟਰ ਰੈਲੀ ਦੌਰਾਨ ਹੋਈ ਹਿੰਸਾ ਦੀ ਜਾਂਚ ਦੀ ਮੰਗ ਕਰਨ ਵਾਲੀ ਪਟੀਸ਼ਨਾਂ ਦੀ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਚੀਫ ਜਸਟਿਸ ਦੀ ਅਗਵਾਈ ਵਾਲੇ ਤਿੰਨ ਮੈਂਬਰਾਂ ਵਾਲੇ ਬੇਂਚ ਨੇ ਪਤੀਸ਼ਨਰਾਂ ਨੂੰ ਆਪਣੀ ਮੰਗ ਸਰਕਾਰ ਦੇ ਸਾਹਮਣੇ ਰੱਖਣ ਨੂੰ ਕਹਿ ਦਿੱਤਾ। ਮੀਡੀਆ ਦਾ ਸਭ ਤੋਂ ਵੱਧ ਧਿਆਨ ਹਰਿਆਣਾ ਦੇ ਜੀਂਦ ਵਿੱਚ ਰਾਕੇਸ਼ ਟਿਕੇਤ ਦੀ ਅਗਵਾਈ ਵਿੱਚ ਹੋਣ ਵਾਲੀ ਕਿਸਾਨ ਮਹਾ ਪੰਚਾਇਤ ਵਲ ਰਿਹਾ ਜਿਸ ਵਿੱਚ ਕੇਂਦਰ ਸਰਕਾਰ ਵਲੋਂ ਸਾਂਤਮਈ ਧਰਨੇ ਵਿੱਚ ਬੈਠੇ ਕਿਸਾਨਾਂ ਉਪਰ ਢਾਹੇ ਜਾ ਰਹੇ ਤਸ਼ੱਦਦ ਵਲ ਦਿੱਤਾ ਗਿਆ। ਕੰਡੇਲਾ ਖਾਪ ਵਲੋਂ ਕਰਵਾਈ ਗਈ ਮਹਾਪੰਚਾਇਤ ਵਿਚ ਹੋਰ ਖਾਪਾਂ ਦਾ ਵੀ ਸਾਥ ਮਿਲਿਆ। ਕਿਸਾਨ ਆਗੂ ਰਾਕੇਸ਼ ਟਿਕੈਤ ਦੇ ਹੰਝੂਆਂ ਨੇ ਕਿਸਾਨ ਅੰਦੋਲਨ ਨੂੰ ਮੁੜ ਸਿੰਜ ਦਿੱਤਾ ਹੈ। ਮਹਾ ਪੰਚਾਇਤ ਵਿੱਚ ਮੰਚ ਵੀ ਟੁੱਟ ਗਿਆ ਸੀ, ਇਸ ‘ਤੇ ਟਿਕੈਤ ਨੇ ਕਿਹਾ ਕਿ ਇਹ ਸ਼ੁਭ ਸ਼ਗਨ ਹੈ। ਉਨ੍ਹਾਂ ਇਸ ਗੱਲ ਉਪਰ ਜ਼ੋਰ ਦਿੰਦਿਆਂ ਕਿਹਾ ਕਿ ਅੰਦੋਲਨ ਕਿਸੇ ਵੀ ਕੀਮਤ ‘ਤੇ ਮੱਠਾ ਨਹੀਂ ਪਵੇਗਾ। ਰਾਹੁਲ ਗਾਂਧੀ ਨੇ ਕਿਹਾ ਕਿ ਕਿਸਾਨ ਅੰਦੋਲਨ ਨਾਲ ਸਹੀ ਤਰ੍ਹਾਂ ਨਾਲ ਨੇ ਨਿਪਟਣ ਕਾਰਨ ਕੇਂਦਰ ਨੇ ਦੇਸ਼ ਦਾ ਅਕਸ ਖਰਾਬ ਕੀਤਾ ਹੈ। ਉਧਰ ਹਾਲੀਵੁਡ ਸੇਲੇਬਰਟੀ ਰਿਹਾਨਾ, ਵਾਤਾਵਰਨ ਪ੍ਰੇਮੀ ਗ੍ਰੇਟ ਥੰਬਰਗ, ਸਾਬਕਾ ਪੋਰਨ ਸਟਾਰ ਮੀਆ ਖਲੀਫਾ ਅਤੇ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਭਾਣਜੀ ਮੀਨਾ ਹੈਰਿਸ ਆਦਿ ਦੇ ਟਵੀਟ ਨੇ ਸਾਰਾ ਦਿਨ ਹੰਗਾਮਾ ਮਚਾਈ ਰੱਖਿਆ। ਵੀਰਵਾਰ ਨੂੰ ਵਾਤਾਵਰਨ ਪ੍ਰੇਮੀ ਗ੍ਰੇਟਾ ਥਨਬਰਗ ਵੱਲੋਂ ਕਿਸਾਨ ਅੰਦੋਲਨ ਦੇ ਹੱਕ ਵਿੱਚ ਟਵੀਟ ਕਰਨ ਦੇ ਦੋਸ਼ ਹੇਠ ਦਿੱਲੀ ਪੁਲੀਸ ਨੇ ਉਸ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਰਿਪੋਰਟਾਂ ਅਨੁਸਾਰ ਪੁਲੀਸ ਨੇ ਉਸ ਖ਼ਿਲਾਫ 153ਏ ਤੇ 120ਬੀ ਤਹਿਤ ਕੇਸ ਦਰਜ ਕੀਤਾ ਹੈ।

ਵੀਰਵਾਰ ਨੂੰ ਖੇਤੀ ਕਾਨੂੰਨਾਂ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨਾਲ ਮੁਲਾਕਾਤ ਕਰਨ ਜਾ ਰਹੇ 15 ਸੰਸਦ ਮੈਂਬਰਾਂ ਨੂੰ ਪੁਲੀਸ ਨੇ ਗਾਜ਼ੀਪੁਰ ਬਾਰਡਰ ’ਤੇ ਰੋਕ ਦਿੱਤਾ। ਇਨ੍ਹਾਂ ਨੂੰ ਬੈਰੀਕੇਡ ਪਾਰ ਕਰਕੇ ਕਿਸਾਨਾਂ ਨਾਲ ਮੁਲਾਕਾਤ ਨਹੀਂ ਕਰਨ ਦਿੱਤੀ ਗਈ। ਪਾਰਟੀਆਂ ਦੇ ਸੰਸਦ ਮੈਂਬਰਾਂ ਦਾ ਵਫ਼ਦ ਅੰਦੋਲਨਕਾਰੀ ਕਿਸਾਨਾਂ ਨਾਲ ਏਕਤਾ ਪ੍ਰਗਟਾਉਣ ਲਈ ਗਾਜ਼ੀਪੁਰ ਬਾਰਡਰ ’ਤੇ ਪੁੱਜਿਆ ਸੀ। ਵਫ਼ਦ ਵਿੱਚ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਸੁਪ੍ਰਿਆ ਸੁਲੇ, ਕਨੀਮੋਝੀ ਕਰੁਣਾਨਿਧੀ ਤੋਂ ਇਲਾਵਾ ਹੋਰ ਨੇਤਾ ਵੀ ਸ਼ਾਮਲ ਸਨ। ਮੈਂਬਰਾਂ ਨੇ ਕਿਸਾਨਾਂ ਨੂੰ ਰੋਕਣ ਅਤੇ ਉਨ੍ਹਾਂ ਦੀ ਪਾਣੀ ਤੇ ਬਿਜਲੀ ਕੱਟਣ ਕੱਟਣ, ਬੈਰੀਕੇਡ ਲਗਾਉਣ ’ਤੇ ਸਰਕਾਰ ਖ਼ਿਲਾਫ਼ ਸਖ਼ਤ ਨਾਰਾਜ਼ਗੀ ਪ੍ਰਗਟਾਈ। ਉਨ੍ਹਾਂ ਨੇ ਕਿਹਾ ਕਿ ਐੱਨਡੀਏ ਸਰਕਾਰ ਕਿਸਾਨਾਂ ਨਾਲ ਦੁਸ਼ਮਨ ਵਰਗਾ ਸਲੂਕ ਕਰ ਰਹੀ ਹੈ। ਵੀਰਵਾਰ ਨੂੰ ਵੀ ਲੋਕ ਸਭਾ ਵਿੱਚ ਸਰਕਾਰ ਦੀ ਆਲੋਚਨਾ ਹੋਈ। ਰਾਜ ਸਭਾ ਵਿਚ ਕਾਂਗਰਸ ਦੇ ਗੁਲਾਮ ਨਬੀ ਆਜ਼ਾਦ ਨੇ ਅੰਗਰੇਜ਼ਾਂ ਦੇ ਸਮੇਂ ਹੋਏ ਕਿਸਾਨਾਂ ਦੇ ਟਕਰਾਓ ਦਾ ਵਿਸਥਾਰ ਸਹਿਤ ਖੁਲਾਸਾ ਕੀਤਾ। ਉਨ੍ਹਾਂ ਕਿਹਾ ਕਿ ਹਮੇਸ਼ਾ ਜਿੱਤ ਕਿਸਾਨਾਂ ਦੀ ਹੋਈ ਹੈ। ਉਨ੍ਹਾਂ ਸਾਹਮਣੇ ਬੈਠੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਅਪੀਲ ਕੀਤੀ ਕਿ ਟਕਰਾਅ ਛੱਡ ਕੇ ਕਿਸਾਨਾਂ ਦੇ ਹਿਤ ਵਿੱਚ ਕਾਨੂੰਨ ਵਾਪਸ ਲਏ ਜਾਣ। ਇਸੇ ਤਰ੍ਹਾਂ ਦੀਪਇੰਦਰ ਹੁਡਾ ਅਤੇ ਹੋਰ ਮੈਂਬਰਾਂ ਨੇ ਕਿਸਾਨਾਂ ਦੇ ਹੱਕ ਵਿੱਚ ਵਿਚਾਰ ਕੀਤੇ। ਹੁਣ ਸਰਕਾਰ ਨੂੰ ਕਿਸਾਨਾਂ ਦੇ ਨਾਲ ਟਕਰਾਅ ਛੱਡ ਕੇ ਮਸਲਾ ਹੱਲ ਕਰਨ ਵਲ ਕਦਮ ਪੁੱਟਣ ਦੀ ਲੋੜ ਹੈ। ਇਹ ਨਾ ਹੋਵੇ ਕਿ ਇਸ ਲਈ ਹੋਰ ਦੇਰ ਹੋ ਜਾਵੇ। ਇਥੇ ਇਹ ਸਤਰਾਂ ਕਾਫੀ ਢੁਕਦੀਆਂ ਹਨ: ਇਤਨਾ ਨਾਰਾਜ਼ ਨਾ ਹੋ ਫੈਸਲੇ ਮੇਂ ਦੇਰ ਹੋ ਜਾਏ...। #

Share this Article
Leave a comment