ਡੋਨਾਲਡ ਟਰੰਪ ਦਾ ਬਚਪਨ ਵਾਲਾ ਘਰ ਵਿਕਿਆ, ਨਵੀਨੀਕਰਨ ’ਤੇ ਖਰਚੇ ਲੱਖਾਂ ਡਾਲਰ

Global Team
3 Min Read

ਨਿਊਯਾਰਕ:ਨਿਊਯਾਰਕ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਬਚਪਨ ਵਾਲਾ ਘਰ ਨਵੀਨੀਕਰਨ ਤੋਂ ਬਾਅਦ 19.3 ਲੱਖ ਡਾਲਰ ਵਿੱਚ ਵਿਕ ਗਿਆ ਹੈ। ਨਿਊਯਾਰਕ ਸਿਟੀ ਦੇ ਕਵੀਨਜ਼ ਇਲਾਕੇ ਵਿੱਚ ਸਥਿਤ ਇਹ ਘਰ ਕੁਝ ਸਮਾਂ ਪਹਿਲਾਂ ਤੱਕ ਕਾਫੀ ਮਾੜੀ ਹਾਲਤ ਵਿੱਚ ਸੀ। ਘਰ ਵਿੱਚ ਪਾਣੀ ਦੀ ਲੀਕੇਜ ਕਾਰਨ ਕਾਈ ਲੱਗ ਗਈ ਸੀ ਅਤੇ ਵੱਡੀ ਗਿਣਤੀ ‘ਚ ਇੱਥੇ ਜੰਗਲੀ ਬਿੱਲੀਆਂ ਵੀ ਰਹਿਣ ਲੱਗ ਪਈਆਂ ਸਨ।

4 ਸਾਲ ਦੀ ਉਮਰ ਤੱਕ ਇਸੇ ਘਰ ’ਚ ਰਹੇ ਟਰੰਪ

ਟਿਊਡਰ ਸ਼ੈਲੀ ਦਾ ਇਹ ਘਰ ਟਰੰਪ ਦੇ ਪਿਤਾ ਅਤੇ ਰੀਅਲ ਅਸਟੇਟ ਡਿਵੈਲਪਰ ਫ੍ਰੈਡ ਟਰੰਪ ਨੇ 1940 ਵਿੱਚ ਬਣਵਾਇਆ ਸੀ। ਇਹ ਘਰ ਕਵੀਨਜ਼ ਦੇ ਜਮੈਕਾ ਐਸਟੇਟਸ ਇਲਾਕੇ ਵਿੱਚ ਸਥਿਤ ਹੈ। ਡੋਨਾਲਡ ਟਰੰਪ ਆਪਣੀ ਜ਼ਿੰਦਗੀ ਦੇ ਸ਼ੁਰੂਆਤੀ ਸਾਲਾਂ ਦੌਰਾਨ, ਕਰੀਬ 4 ਸਾਲ ਦੀ ਉਮਰ ਤੱਕ, ਇਸੇ ਘਰ ਵਿੱਚ ਰਹੇ ਸਨ।

ਟਰੰਪ ਪਰਿਵਾਰ ਕਈ ਸਾਲ ਪਹਿਲਾਂ ਹੀ ਇਸ ਜਾਇਦਾਦ ਦਾ ਮਾਲਕ ਨਹੀਂ ਰਿਹਾ।

8.35 ਲੱਖ ਡਾਲਰ ’ਚ ਖਰੀਦਿਆ ਸੀ ਘਰ

ਰਿਪੋਰਟ ਮੁਤਾਬਕ ਡਿਵੈਲਪਰ ਟੌਮੀ ਲਿਨ ਨੇ ਪਿਛਲੇ ਸਾਲ ਇਸ ਪੰਜ ਬੈੱਡਰੂਮ ਅਤੇ ਤਿੰਨ ਬਾਥਰੂਮ ਵਾਲੇ ਘਰ ਨੂੰ 8.35 ਲੱਖ ਡਾਲਰ ਵਿੱਚ ਖਰੀਦਿਆ ਸੀ। ਇਹ ਜਾਇਦਾਦ ਕਈ ਸਾਲਾਂ ਤੋਂ ਖਾਲੀ ਪਈ ਹੋਈ ਸੀ ਅਤੇ ਇਸ ਦੀ ਹਾਲਤ ਵੀ ਖ਼ਰਾਬ ਹੋ ਚੁੱਕੀ ਸੀ।

ਲਿਨ ਨੇ ਘਰ ਦੇ ਅੰਦਰੂਨੀ ਹਿੱਸੇ ਨੂੰ ਨਵਾਂ ਰੂਪ ਦੇਣ ਲਈ ਕਰੀਬ 5 ਲੱਖ ਡਾਲਰ ਹੋਰ ਖਰਚ ਕੀਤੇ। ਕਰੀਬ ਅੱਠ ਮਹੀਨੇ ਚੱਲੇ ਨਵੀਨੀਕਰਨ ਤੋਂ ਬਾਅਦ ਘਰ ਵਿੱਚ ਸ਼ੈਫ਼ ਕਿਚਨ, ਹੇਰਿੰਗਬੋਨ ਲੱਕੜ ਦਾ ਫਰਸ਼ ਅਤੇ ਸਪਾ ਵਰਗੇ ਬਾਥਰੂਮ ਵਰਗੀਆਂ ਆਧੁਨਿਕ ਸਹੂਲਤਾਂ ਸ਼ਾਮਲ ਕੀਤੀਆਂ ਗਈਆਂ।

ਪਹਿਲਾਂ 21.4 ਲੱਖ ਡਾਲਰ ’ਚ ਵਿਕਿਆ ਸੀ ਘਰ

ਰੀਅਲ ਅਸਟੇਟ ਵੈੱਬਸਾਈਟ ਜ਼ਿਲੋ ਮੁਤਾਬਕ ਪਿਛਲੇ ਕੁਝ ਸਾਲਾਂ ਵਿੱਚ ਇਸ ਘਰ ਦੀ ਮਲਕੀਅਤ ਕਈ ਵਾਰ ਬਦਲੀ ਹੈ। ਸਾਲ 2017 ਵਿੱਚ ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਕੁਝ ਮਹੀਨੇ ਬਾਅਦ ਇਹ ਘਰ 21.4 ਲੱਖ ਡਾਲਰ ਵਿੱਚ ਵਿਕਿਆ ਸੀ।

ਉਸ ਸਮੇਂ ਖਰੀਦਦਾਰ Trump Birth Home LLC ਨਾਮ ਦੀ ਇੱਕ ਸੰਸਥਾ ਸੀ। ਬਾਅਦ ਵਿੱਚ ਇਸ ਘਰ ਨੂੰ ਕੁਝ ਸਮੇਂ ਲਈ Airbnb ’ਤੇ ਕਿਰਾਏ ਲਈ ਵੀ ਉਪਲਬਧ ਕਰਵਾਇਆ ਗਿਆ ਸੀ।

Airbnb ’ਤੇ ਟਰੰਪ ਨਾਲ ਜੁੜੀਆਂ ਚੀਜ਼ਾਂ ਵੀ ਰੱਖੀਆਂ ਗਈਆਂ

Airbnb ’ਤੇ ਘਰ ਨੂੰ ਕਿਰਾਏ ਲਈ ਦਿੰਦੇ ਸਮੇਂ ਇੱਥੇ ਟਰੰਪ ਦੇ ਆਦਮਕੱਦ ਕਾਰਡਬੋਰਡ ਕੱਟਆਊਟ, ਉਨ੍ਹਾਂ ਦੀ ਕਿਤਾਬ ‘The Art of the Deal’ ਦੀਆਂ ਕਾਪੀਆਂ ਅਤੇ ਟਰੰਪ ਦੀ ਤਸਵੀਰ ਵਾਲਾ People ਮੈਗਜ਼ੀਨ ਦਾ ਫ੍ਰੇਮ ਕੀਤਾ ਕਵਰ ਵੀ ਰੱਖਿਆ ਗਿਆ ਸੀ।

ਸਾਲ 2019 ਵਿੱਚ ਇਸ ਘਰ ਨੂੰ 29 ਲੱਖ ਡਾਲਰ ਦੀ ਸ਼ੁਰੂਆਤੀ ਕੀਮਤ ਨਾਲ ਮੁੜ ਵਿਕਰੀ ਲਈ ਲਿਸਟ ਕੀਤਾ ਗਿਆ ਸੀ। ਹਾਲਾਂਕਿ, ਟੌਮੀ ਲਿਨ ਵੱਲੋਂ ਖਰੀਦੇ ਜਾਣ ਤੱਕ ਇਹ ਘਰ ਵਿਕ ਨਹੀਂ ਸਕਿਆ।

ਰਿਪੋਰਟ ਮੁਤਾਬਕ ਇੱਕ ਸਮੇਂ ਪਾਈਪ ਫਟਣ ਕਾਰਨ ਘਰ ਵਿੱਚ ਪਾਣੀ ਦਾ ਰਿਸਾਅ ਹੋ ਗਿਆ ਸੀ, ਜਿਸ ਨਾਲ ਫਫੂਂਦੀ ਫੈਲ ਗਈ। ਇਸ ਤੋਂ ਇਲਾਵਾ ਜੰਗਲੀ ਬਿੱਲੀਆਂ ਦਾ ਝੁੰਡ ਵੀ ਇਸ ਜਾਇਦਾਦ ਵਿੱਚ ਰਹਿਣ ਲੱਗ ਪਿਆ ਸੀ।

ਹੁਣ ਨਵੀਨੀਕਰਨ ਤੋਂ ਬਾਅਦ ਇਹ ਘਰ ਮੁੜ ਆਧੁਨਿਕ ਰਿਹਾਇਸ਼ ਵਿੱਚ ਬਦਲ ਗਿਆ ਹੈ ਅਤੇ 19.3 ਲੱਖ ਡਾਲਰ ਵਿੱਚ ਇਸ ਦੀ ਵਿਕਰੀ ਹੋਈ ਹੈ।

Share This Article
Leave a Comment