ਡਾ ਕਾਵੂਰ ਜਿਸ ਨੇ ਲੋਕਾਂ ਨੂੰ ਅੰਧਵਿਸ਼ਵਾਸ ਦੀ ਥਾਂ ਤਰਕ ਨਾਲ ਸੋਚਣਾ ਸਿਖਾਇਆ

TeamGlobalPunjab
3 Min Read

-ਅਵਤਾਰ ਸਿੰਘ

ਡਾ ਅਬਰਾਹਮ ਥੌਮਸ ਕਾਵੂਰ, ਜਿਸ ਨੇ ਜ਼ਿੰਦਗੀ ਭਰ ਲੋਕਾਂ ਨੂੰ ਅੰਧਵਿਸ਼ਵਾਸ ਦੀ ਥਾਂ ਤਰਕ ਨਾਲ ਸੋਚਣਾ ਸਿਖਾਇਆ, ਦਾ ਜਨਮ 10-4-1898 ਨੂੰ ਤਿਰੂਵਾਲਾ, ਕੇਰਲਾ ਵਿਖੇ ਗਿਰਜੇ ਦੇ ਪੁਜਾਰੀ ਰੈਵ ਕਾਵੂਰ ਦੇ ਘਰ ਹੋਇਆ। ਉਸਨੇ ਮੁੱਢਲੀ ਪੜ੍ਹਾਈ ਪਿਤਾ ਦੇ ਸਕੂਲ ‘ਚ ਕੀਤੀ। ਫਿਰ ਛੋਟੇ ਭਰਾ ਨਾਲ ਕਲਕੱਤੇ ਊਚ ਜੀਵ ਤੇ ਬਨਸਪਤੀ ਵਿਗਿਆਨ ਦੀ ਵਿਸ਼ੇਸਤਾ ਹਾਸਲ ਕੀਤੀ। 1928 ਨੂੰ ਸ੍ਰੀ ਲੰਕਾ ਵਿੱਚ ਉਥੋਂ ਦੇ ਪ੍ਰਿੰਸੀਪਲ ਦੇ ਸੱਦੇ ‘ਤੇ ਚਲਾ ਗਿਆ। ਪ੍ਰਿੰਸੀਪਲ ਦੀ ਮੌਤ ਤੋਂ ਬਾਅਦ ਕਾਲਜ ਵਿੱਚ ਨੌਕਰੀ ਕਰ ਲਈ,1959 ਵਿਚ ਸੇਵਾਮੁਕਤ ਹੋਣ ਤੋਂ ਬਾਅਦ ਮਨੋਵਿਗਿਆਨਕ, ਚਮਤਕਾਰਾਂ ‘ਤੇ ਲਿਖਣਾ ਤੇ ਬੋਲਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਲੰਕਾ ਵਿੱਚ ਤਰਕਸ਼ੀਲ ਸੁਸਾਇਟੀ ਬਣਾਈ ਤੇ ਉਥੋਂ ਦੀ ਜਥੇਬੰਦੀ ਦੇ ਪ੍ਰਧਾਨ ਵੀ ਰਹੇ। ਦੁਨੀਆ ਦੇ ਉਹ ਪਹਿਲੇ ਮਨੋਚਕਤਿਸਕ ਸਨ, ਜਿਸਨੂੰ ਪੀਐਚ ਡੀ ਦੀ ਡਿਗਰੀ ਮਿਲੀ।

ਅਮਰੀਕਾ ਦੀ ਮਿਨਸੋਟਾ ਸੰਸਥਾ ਨੇ ਵੀ ਪੀਐਚ ਡੀ ਦੀ ਡਿਗਰੀ ਦਿੱਤੀ। ਉਸਦੇ ਬਹੁਤ ਸਾਰੇ ਕੇਸਾਂ ਦੀ ਪੜਤਾਲ ਅਖਬਾਰਾਂ ਤੇ ਰਸਾਲਿਆਂ ‘ਚ ਛਪੀ। ਇਕ ਕੇਸ ‘ਤੇ ਮਲਿਅਮ ਫਿਲਮ ਬਣੀ, ਇਕ ਹੋਰ ਕੇਸ ਤੇ ਤਾਮਿਲ ਡਰਾਮਾ ਵੀ ਕਈ ਵਾਰ ਖੇਡਿਆ ਗਿਆ। ਉਸਨੇ ਭੋਲੇ ਭਾਲੇ ਲੋਕਾਂ ਨੂੰ ਭੂਤਾਂ ਪਰੇਤਾ, ਜੋਤਸ਼ੀਆਂ, ਹਸਤ ਰੇਖਾ ਵੇਖਣ ਵਾਲਿਆਂ, ਟੂਣਾ ਕਰਨ ਵਾਲਿਆਂ, ਕਾਲੇ ਇਲਮ ਹੋਰ ਗੈਬੀ ਸ਼ਕਤੀਆਂ ਵਾਲਿਆਂ ਤੋਂ ਬਚਾਉਣ ਦੀ ਕੋਸ਼ਿਸ ਕੀਤੀ। ਉਹ ਭੂਤ ਪਰੇਤ ਲੱਭਣ ਲਈ ਕਬਰਸਤਾਨਾਂ ਤੇ ਡਰਾਉਣੇ ਘਰਾਂ ਵਿੱਚ ਸੌਦਾ ਰਿਹਾ। ਜ਼ਿੰਦਗੀ ਦੇ ਮਹੱਤਵਪੂਰਨ ਕੰਮ ਬਦਸ਼ਗਨੀ ਮੌਕਿਆਂ ਤੇ ਸ਼ੁਰੂ ਕੀਤੇ। ਉਸ ਨੇ 1963 ਵਿੱਚ ਪਖੰਡੀਆਂ ਤੇ ਧੋਖੇਬਾਜਾਂ ਨੂੰ ਸੀਲਬੰਦ ਨੋਟ ਦਾ ਨੰਬਰ ਦਸ ਕੇ 1000 ਤੋਂ 25000 ਰੁਪਏ ਦਾ ਇਨਾਮ ਜਿਤਣ ਦੀ ਚੁਣੌਤੀ ਦਿੱਤੀ। ਫਿਰ ਭੂਤ ਦੀ ਫੋਟੋ ਖਿਚਣ, ਜਾਦੂ ਟੂਣੇ ਨਾਲ ਮਾਰਨ, ਪਾਣੀ ‘ਤੇ ਤੁਰ ਕੇ ਵਿਖਾਉਣ, ਪਾਣੀ ਨੂੰ ਖੂਨ ਤੇ ਖੂਨ ਨੂੰ ਪਾਣੀ ਵਿਚ ਬਦਲਣ, ਹੱਥ ਵੇਖ ਕੇ ਭਵਿੱਖ ਦੱਸਣ ਤੇ ਪੁਨਰ-ਜਨਮ ਦੀਆਂ ਚਣੌਤੀਆਂ (23 ਸ਼ਰਤਾਂ) ਦਿੰਦਾ ਰਿਹਾ।

ਉਸਨੇ ਪ੍ਰਚਾਰ ਲਈ Begone Godmen (ਦੇਵ ਪੁਰਸ਼ ਹਾਰ ਗਏ) ਕਿਤਾਬ ਲਿਖੀ ਤੇ ਉਸਦੇ ਵਿਚਾਰਾਂ ਦੀ ਇਕ ਹੋਰ ਕਿਤਾਬ ‘ਦੇਵ, ਦੂਤ ਤੇ ਰੂਹਾਂ’ ਵੀ ਹੈ।ਪੰਜਾਬ ਦੀਆਂ ਵੱਖ ਵੱਖ ਰੰਗ ਮੰਚ ਦੀਆਂ ਨਾਟਕ ਟੀਮਾਂ ਵਲੋ ‘ਦੇਵ ਪੁਰਸ਼ ਹਾਰ ਗਏ’ ਨਾਟਕ ਪਿੰਡ ਪਿੰਡ ਤੋਂ ਇਲਾਵਾ ਦੇਸ ਵਿਦੇਸ਼ ਵਿੱਚ ਸੈਂਕੜੇ ਵਾਰ ਖੇਡਿਆ ਜਾ ਚੁੱਕਾ ਹੈ। ਡਾਕਟਰ ਕਾਵੂਰ ਨੇ ਆਪਣਾ ਤੇ ਪਤਨੀ ਦਾ ਮਰਨ ਉਪਰੰਤ ਸਰੀਰ ਮੈਡੀਕਲ ਖੋਜ ਕਾਰਜਾਂ ਲਈ ਦਿੱਤਾ। ਉਹ ਸਾਡੇ ਕੋਲੋਂ 18 ਸਤੰਬਰ 1978 ਨੂੰ ਸਦਾ ਲਈ ਵਿਛੜ ਗਏ। ਉਨ੍ਹਾਂ ਦੇ ਵਿਚਾਰ ਹਮੇਸ਼ਾਂ ਸਾਡੇ ਮਾਰਗ ਦਰਸ਼ਕ ਕਰਦੇ ਰਹਿਣਗੇ।

- Advertisement -

Share this Article
Leave a comment