ਭਾਰਤ ‘ਚ ਬਣੀਆਂ 4 ਖੰਘ ਦੀਆਂ ਦਵਾਈਆਂ ਨੇ ਲਈ 66 ਬੱਚਿਆਂ ਦੀ ਜਾਨ ? WHO ਵਲੋਂ ਮੈਡੀਕਲ ਅਲਰਟ ਜਾਰੀ

Prabhjot Kaur
3 Min Read

ਨਿਊਜ਼ ਡੈਸਕ: ਵਰਲਡ ਹੈਲਥ ਆਰਗੇਨਾਈਜੇਸ਼ਨ (WHO) ਨੇ ਭਾਰਤ ‘ਚ ਬਣੀਆਂ ਕੁਝ ਦਵਾਈਆਂ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ। ਵਰਲਡ ਹੈਲਥ ਆਰਗੇਨਾਈਜੇਸ਼ਨ ਦਾ ਕਹਿਣਾ ਹੈ ਕਿ ਮੇਡਨ ਫਾਰਮਾਸਿਊਟੀਕਲਸ ਲਿਮਟਿਡ ਦੀ ਡੀਕਨਜੈਸਟੈਂਟ ਦਵਾਈ ਕਾਰਨ ਲੋਕਾਂ ਨੂੰ ਗੁਰਦਿਆਂ ਦੀ ਬੀਮਾਰੀ ਹੋ ਰਹੀ ਹੈ। ਸੰਗਠਨ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਗੈਂਬੀਆ ਵਿੱਚ ਇਸ ਡਰੱਗ ਕਾਰਨ 66 ਬੱਚਿਆਂ ਦੀ ਮੌਤ ਦੀ ਸੰਭਾਵਨਾ ਹੈ।

ਇਸ ਚੇਤਾਵਨੀ ਤੋਂ ਬਾਅਦ ਕੇਂਦਰ ਸਰਕਾਰ ਨੇ ਹਰਿਆਣਾ ਦੀ ਇੱਕ ਫਾਰਮਾਸਿਊਟੀਕਲ ਕੰਪਨੀ ਵਲੋਂ ਤਿਆਰ ਕੀਤੇ ਗਏ ਚਾਰ ਕਫ ਸੀਰਪ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਚੋਟੀ ਦੇ ਸੂਤਰਾਂ ਨੇ ਕਿਹਾ ਹੈ ਕਿ ਡਬਲਯੂਐਚਓ ਨੇ ਭਾਰਤ ਦੇ ਡਰੱਗ ਕੰਟਰੋਲਰ ਜਨਰਲ (ਡੀਸੀਜੀਆਈ) ਨੂੰ ਖੰਘ ਦੀ ਦਵਾਈ ਬਾਰੇ ਸੁਚੇਤ ਕੀਤਾ ਹੈ।


ਸੂਤਰਾਂ ਨੇ ਦੱਸਿਆ ਕਿ ਕੇਂਦਰੀ ਡਰੱਗ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ ਨੇ ਤੁਰੰਤ ਇਹ ਮਾਮਲਾ ਹਰਿਆਣਾ ਰੈਗੂਲੇਟਰੀ ਅਥਾਰਟੀ ਕੋਲ ਚੁੱਕਿਆ ਅਤੇ ਵਿਸਥਾਰਤ ਜਾਂਚ ਸ਼ੁਰੂ ਕਰ ਦਿੱਤੀ। ਸੂਤਰਾਂ ਮੁਤਾਬਕ ਖੰਘ ਦੀ ਦਵਾਈ ਹਰਿਆਣਾ ਦੇ ਸੋਨੀਪਤ ਸਥਿਤ ਮੈਸਰਜ਼ ਮੇਡਨ ਫਾਰਮਾਸਿਊਟੀਕਲ ਲਿਮਟਿਡ ਦੁਆਰਾ ਤਿਆਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮਿਲੀ ਜਾਣਕਾਰੀ ਅਨੁਸਾਰ ਅਜਿਹਾ ਲਗ ਰਿਹਾ ਹੈ ਕਿ ਫਰਮ ਨੇ ਇਹ ਦਵਾਈਆਂ ਗੈਂਬੀਆ ਨੂੰ ਹੀ ਬਰਾਮਦ ਕੀਤੀਆਂ ਸਨ। ਕੰਪਨੀ ਨੇ ਅਜੇ ਤੱਕ ਇਨ੍ਹਾਂ ਦੋਸ਼ਾਂ ਦਾ ਜਵਾਬ ਨਹੀਂ ਦਿੱਤਾ ਹੈ।


ਰਿਪੋਰਟਾਂ ਦੇ ਅਨੁਸਾਰ, ਦਵਾਈ ਦੇ ਜ਼ਹਿਰੀਲੇ ਪ੍ਰਭਾਵਾਂ ਨਾਲ ਪੇਟ ਵਿੱਚ ਦਰਦ, ਉਲਟੀਆਂ, ਦਸਤ, ਪਿਸ਼ਾਬ ਵਿੱਚ ਰੁਕਾਵਟ, ਸਿਰ ਦਰਦ, ਦਿਮਾਗੀ ਪ੍ਰਭਾਵ ਅਤੇ ਗੁਰਦੇ ਨੂੰ ਨੁਕਸਾਨ ਹੋ ਸਕਦਾ ਹੈ। WHO ਦਾ ਕਹਿਣਾ ਹੈ ਕਿ ਇਨ੍ਹਾਂ ਦਵਾਈਆਂ ਦੀ ਵਰਤੋਂ ਉਦੋਂ ਤੱਕ ਨਹੀਂ ਕੀਤੀ ਜਾਣੀ ਚਾਹੀਦੀ ਜਦੋਂ ਤੱਕ ਸਬੰਧਤ ਦੇਸ਼ ਦੀ ਅਥਾਰਟੀ ਪੂਰੀ ਤਰ੍ਹਾਂ ਜਾਂਚ ਨਹੀਂ ਕਰ ਲੈਂਦੀ। ਇਸ ਨਾਲ ਹੋਰ ਜਾਨਲੇਵਾ ਬਿਮਾਰੀਆਂ ਹੋ ਸਕਦੀਆਂ ਹਨ।

Share this Article
Leave a comment