ਨਵੀਂ ਦਿੱਲੀ: ਕਿਸਾਨ ਸੰਗਠਨਾਂ ਨੇ ਆਗੂ ਗੁਰਨਾਮ ਸਿੰਘ ਚੜੂਨੀ ਨਾਲ ਸਾਰੇ ਮਤਭੇਦਾਂ ਨੂੰ ਖ਼ਤਮ ਕਰ ਉਨ੍ਹਾਂ ਨੂੰ ਕੇਂਦਰ ਸਰਕਾਰ ਦੇ ਨਾਲ ਹੋਣ ਵਾਲੀ ਕੱਲ੍ਹ ਬੈਠਕ ਵਿੱਚ ਸ਼ਾਮਲ ਕਰ ਲਿਆ ਹੈ।
ਜਥੇਬੰਦੀਆਂ ਨੇ ਪ੍ਰੈਸ ਕਾਨਫਰੰਸ ਕਰਦਿਆਂ ਦੱਸਿਆ ਗੁਰਨਾਮ ਸਿੰਘ ਨੇ ਕਮੇਟੀ ਸਾਹਮਣੇ ਆਪਣੀ ਸਥਿਤੀ ਦਸਦਿਆਂ ਲਿਖਤੀ ਭਰੋਸਾ ਦਿੱਤਾ ਉਹ ਇਸ ਅੰਦੋਲਨ ਦੌਰਾਨ ਭਵਿੱਖ ਵਿਚ ਕਿਸੇ ਵੀ ਰਾਜਨੀਤਕ ਮੀਟਿੰਗ ‘ਚ ਸ਼ਾਮਲ ਨਹੀਂ ਹੋਣਗੇ। ਉਹਨਾਂ ਨੇ ਭਰੋਸਾ ਦਿੱਤਾ ਕਿ ਉਹ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਸੀ, ਹਨ ਅਤੇ ਰਹਿਣਗੇ।
ਕਮੇਟੀ ਨੇ ਇਸ ਸਪਸ਼ਟੀਕਰਨ ਦਾ ਸਵਾਗਤ ਕਰਦਿਆਂ ਫੈਸਲਾ ਕੀਤਾ ਕਿ ਵਿਵਾਦ ਨੂੰ ਹੁਣ ਖਤਮ ਕੀਤਾ ਜਾਣਾ ਚਾਹੀਦਾ ਹੈ। ਇਹ ਇਤਿਹਾਸਕ ਅੰਦੋਲਨ ਜਿਸ ਮੋੜ ‘ਤੇ ਹੈ ਉਸ ਵਿਚ ਏਕਤਾ ਅਤੇ ਅਨੁਸ਼ਾਸਨ ਸਭ ਤੋਂ ਉਪਰ ਹੈ। ਲੋਕਾਂ ਦੇ ਸਹਿਯੋਗ ਨਾਲ ਕਿਸਾਨ ਜੱਥੇਬੰਦੀਆਂ ਹੀ ਇਸ ਲਹਿਰ ਨੂੰ ਇਥੇ ਲੈ ਕੇ ਆਈਆਂ ਹਨ ਅਤੇ ਕਿਸਾਨ ਜਥੇਬੰਦੀਆਂ ਹੀ ਇਸ ਨੂੰ ਮੁਕਾਮ ‘ਤੇ ਲੈ ਜਾਣਗੀਆਂ। ਕੋਈ ਵੀ ਸੰਗਠਨ ਜਾਂ ਪਾਰਟੀ ਆਪਣੇ ਆਪ ਇਸ ਲਹਿਰ ਦਾ ਸਮਰਥਨ ਕਰਨ ਲਈ ਆਜ਼ਾਦ ਹੈ, ਪਰ ਅੰਦੋਲਨ ਦਾ ਸਿੱਧੇ ਤੌਰ ‘ਤੇ ਕਿਸੇ ਵੀ ਸਿਆਸੀ ਪਾਰਟੀ ਨਾਲ ਕੋਈ ਸਬੰਧ ਨਹੀਂ ਹੋਵੇਗਾ।