ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ) : ਅਮਰੀਕਾ ਵਿੱਚ ਸਾਹਮਣੇ ਆ ਰਹੇ ਵਾਇਰਸ ਦੇ ਮਾਮਲਿਆਂ ਦੇ ਮੱਦੇਨਜ਼ਰ ਫਲੋਰਿਡਾ ਸਥਿਤ ਡਿਜ਼ਨੀ ਵਰਲਡ ਨੇ ਘੋਸ਼ਣਾ ਕੀਤੀ ਹੈ ਕਿ CDC ਦੇ ਤਾਜ਼ਾ ਦਿਸ਼ਾ ਨਿਰਦੇਸ਼ਾਂ ਤਹਿਤ ਦਰਸ਼ਕਾਂ ਨੂੰ ਪਾਰਕ ਦੇ ਅੰਦਰ ਮਾਸਕ ਪਹਿਨਣੇ ਪੈਣਗੇ।
ਓਰਲੈਂਡੋ ਖੇਤਰ ਵਿਚਲੇ ਇਸ ਪਾਰਕ ਨੇ CDC ਦੁਆਰਾ ਕੋਵਿਡ -19 ਕੇਸਾਂ ਵਿੱਚ ਵਾਧੇ ਦਾ ਸਾਹਮਣਾ ਕਰਨ ਵਾਲੇ ਖੇਤਰਾਂ ਵਿੱਚ ਇਨਡੋਰ-ਮਾਸਕ ਪਹਿਨਣ ਦੀ ਕੀਤੀ ਸਿਫਾਰਸ਼ ਤੋਂ ਬਾਅਦ, ਮਾਸਕ ਦੀ ਜ਼ਰੂਰਤ ਨੂੰ ਲਾਜ਼ਮੀ ਕੀਤਾ ਹੈ। ਡਿਜ਼ਨੀ ਵਰਲਡ ਵਿੱਚ ਸੈਲਾਨੀਆਂ ਨੂੰ ਪਾਰਕ ਦੇ ਅੰਦਰ ਅਤੇ ਜਨਤਕ ਆਵਾਜਾਈ ਦੌਰਾਨ ਮਾਸਕ ਪਹਿਨਣ ਦੀ ਜ਼ਰੂਰਤ ਹੋਵੇਗੀ। ਫੈਡਰਲ ਹੈਲਥ ਏਜੰਸੀ ਦੁਆਰਾ ਮਈ ਮਹੀਨੇ ਵਿੱਚ ਵੈਕਸੀਨ ਲੱਗੇ ਲੋਕਾਂ ਲਈ ਮਾਸਕ ਦੀ ਜਰੂਰਤ ਹਟਾਉਣ ਦੇ ਬਾਅਦ ਇਸ ਪਾਰਕ ਨੇ ਵੀ ਟੀਕੇ ਲੱਗੇ ਹੋਏ ਮਹਿਮਾਨਾਂ ਲਈ ਮਾਸਕ ਦੀਆਂ ਜ਼ਰੂਰਤਾਂ ਨੂੰ ਸੌਖਾ ਕਰ ਦਿੱਤਾ ਸੀ।
ਡਿਜ਼ਨੀ ਵਰਲਡ ਅਨੁਸਾਰ 30 ਜੁਲਾਈ ਤੋਂ, ਸਾਰੇ ਮਹਿਮਾਨਾਂ (2 ਸਾਲ ਜਾਂ ਇਸਤੋਂ ਵੱਧ ਉਮਰ) ਲਈ ਚਿਹਰੇ ਨੂੰ ਮਾਸਕ ਨਾਲ ਢਕਣ ਦੀ ਜ਼ਰੂਰਤ ਹੋਵੇਗੀ, ਜਿਸ ਵਿੱਚ ਪਾਰਕ ਦੇ ਅੰਦਰ, ਡਿਜ਼ਨੀ ਬੱਸਾਂ, ਮੋਨੋਰੇਲ ਅਤੇ ਡਿਜ਼ਨੀ ਸਕਾਈਲਾਈਨਰ ਆਦਿ ਥਾਵਾਂ ਸ਼ਾਮਲ ਹਨ। ਜਦਕਿ ਬਾਹਰੀ ਆਮ ਖੇਤਰਾਂ ਵਿੱਚ ਸਾਰੇ ਮਹਿਮਾਨਾਂ ਲਈ ਫੇਸ ਕਵਰਿੰਗਜ਼ ਜਰੂਰੀ ਨਹੀਂ ਹਨ। ਸੋਮਵਾਰ ਨੂੰ, ਫਲੋਰਿਡਾ ਦੀ ਓਰੇਂਜ ਕਾਉਂਟੀ ਦੇ ਮੇਅਰ ਜਿੱਥੇ ਡਿਜ਼ਨੀ ਅਤੇ ਯੂਨੀਵਰਸਲ ਸਟੂਡੀਓ ਸਥਿਤ ਹਨ ਨੇ ਚਿਤਾਵਨੀ ਦਿੱਤੀ ਕਿ ਇਹ ਖੇਤਰ ਕੋਵਿਡ ਕੇਸਾਂ ਕਾਰਨ ਖਤਰੇ ਵਿੱਚ ਹੈ।